ਥਾਈਲੈਂਡ ਅਤੇ ਕੰਬੋਡੀਆ ਵਿਚਕਾਰ 1000 ਸਾਲ ਪੁਰਾਣੇ ਸ਼ਿਵ ਮੰਦਰਾਂ, ਪ੍ਰਾਸਤ ਤਾ ਮੁਏਨ ਥੋਮ ਅਤੇ ਪ੍ਰੀਹ ਵਿਹਾਰ, ਨੂੰ ਲੈ ਕੇ ਸਰਹੱਦੀ ਵਿਵਾਦ ਤੀਜੇ ਦਿਨ ਵੀ ਜਾਰੀ ਹੈ। ਇਸ ਟਕਰਾਅ ਵਿੱਚ ਹੁਣ ਤੱਕ 30 ਤੋਂ ਵੱਧ ਲੋਕ ਮਾਰੇ ਗਏ ਹਨ। ਕੰਬੋਡੀਆ ਦੇ ਅਨੁਸਾਰ, ਇਸ ਦੇ 13 ਲੋਕ (8 ਨਾਗਰਿਕ, 5 ਸੈਨਿਕ) ਮਾਰੇ ਗਏ ਅਤੇ 71 ਜ਼ਖਮੀ ਹੋਏ।
ਥਾਈਲੈਂਡ ਵਿੱਚ 20 ਮੌਤਾਂ (14 ਨਾਗਰਿਕ, 6 ਸੈਨਿਕ) ਹੋਈਆਂ। ਕੰਬੋਡੀਆ ਦੀਆਂ ਗ੍ਰੈਡ ਮਿਜ਼ਾਈਲਾਂ ਅਤੇ ਥਾਈਲੈਂਡ ਦੀਆਂ ਐਫ-16 ਹਵਾਈ ਹਮਲਿਆਂ ਨੇ ਤਣਾਅ ਵਧਾ ਦਿੱਤਾ। ਥਾਈਲੈਂਡ ਨੇ 8 ਜ਼ਿਲ੍ਹਿਆਂ ਵਿੱਚ ਮਾਰਸ਼ਲ ਲਾਅ ਲਾਗੂ ਕਰ ਦਿੱਤਾ। ਵਿਵਾਦ ਦਾ ਮੁੱਖ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਅਸਪਸ਼ਟ ਸਰਹੱਦ ਅਤੇ ਮੰਦਰਾਂ ‘ਤੇ ਮਲਕੀਅਤ ਦਾ ਦਾਅਵਾ ਹੈ।
ਕੰਬੋਡੀਆ 1907 ਦੇ ਫਰਾਂਸੀਸੀ ਨਕਸ਼ੇ ਦੇ ਆਧਾਰ ‘ਤੇ ਮੰਦਰਾਂ ਨੂੰ ਆਪਣਾ ਮੰਨਦਾ ਹੈ, ਜਦਕਿ ਥਾਈਲੈਂਡ ਇਸ ਨੂੰ ਗਲਤ ਠਹਿਰਾਉਂਦਾ ਹੈ। 1962 ਅਤੇ 2013 ਵਿੱਚ ਅੰਤਰਰਾਸ਼ਟਰੀ ਅਦਾਲਤ ਨੇ ਪ੍ਰੀਹ ਵਿਹਾਰ ਮੰਦਰ ਨੂੰ ਕੰਬੋਡੀਆ ਦਾ ਕਰਾਰ ਦਿੱਤਾ, ਪਰ ਤਾ ਮੁਏਨ ਥੋਮ ਦਾ ਮੁੱਦਾ ਅਜੇ ਵੀ ਵਿਵਾਦਤ ਹੈ।
ਕੰਬੋਡੀਆ ਨੇ ਸੰਯੁਕਤ ਰਾਸ਼ਟਰ (ਯੂ.ਐਨ.) ਸੁਰੱਖਿਆ ਪ੍ਰੀਸ਼ਦ ਤੋਂ ਜੰਗ ਰੋਕਣ ਦੀ ਮੰਗ ਕੀਤੀ, ਜਿਸ ਨੇ ਸ਼ੁੱਕਰਵਾਰ ਨੂੰ ਨਿਊਯਾਰਕ ਵਿੱਚ ਐਮਰਜੈਂਸੀ ਮੀਟਿੰਗ ਕਰਕੇ ਦੋਵਾਂ ਦੇਸ਼ਾਂ ਨੂੰ ਸੰਜਮ ਅਤੇ ਕੂਟਨੀਤਕ ਹੱਲ ਦੀ ਅਪੀਲ ਕੀਤੀ। ਥਾਈਲੈਂਡ ਨੇ ਮਲੇਸ਼ੀਆ ਦੀ ਮਧਿਅਗੀ ਨਾਲ ਗੱਲਬਾਤ ਦੀ ਪੇਸ਼ਕਸ਼ ਕੀਤੀ।
ਭਾਰਤ ਨੇ ਥਾਈਲੈਂਡ-ਕੰਬੋਡੀਆ ਸਰਹੱਦ ਨੇੜੇ ਜਾਣ ਤੋਂ ਬਚਣ ਲਈ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਅਤੇ ਐਮਰਜੈਂਸੀ ਵਿੱਚ ਦੂਤਾਵਾਸ ਨਾਲ ਸੰਪਰਕ ਦੀ ਸਲਾਹ ਦਿੱਤੀ।