The Khalas Tv Blog Punjab 328 ਪਾਵਨ ਸਰੂਪ ਮਾਮਲਾ: ਸ਼੍ਰੋਮਣੀ ਕਮੇਟੀ ਤਜਰਬੇਕਾਰ ਵਕੀਲਾਂ ਰਾਹੀਂ ਕੇਸ ਲੜੇ: ਜਥੇਦਾਰ
Punjab

328 ਪਾਵਨ ਸਰੂਪ ਮਾਮਲਾ: ਸ਼੍ਰੋਮਣੀ ਕਮੇਟੀ ਤਜਰਬੇਕਾਰ ਵਕੀਲਾਂ ਰਾਹੀਂ ਕੇਸ ਲੜੇ: ਜਥੇਦਾਰ

‘ਦ ਖ਼ਾਲਸ ਬਿਊਰੋ :- ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ 328 ਪਾਵਨ ਸਰੂਪ ਗੁਆਚਣ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਕਰਮਚਾਰੀ ਜੇ ਅਦਾਲਤ ’ਚ ਜਾਂਦੇ ਹਨ, ਤਾਂ ਸ਼੍ਰੋਮਣੀ ਕਮੇਟੀ ਇਸ ਕੇਸ ਨੂੰ ਤਜਰਬੇਕਾਰ ਵਕੀਲਾਂ ਰਾਹੀਂ ਲੜੇ।

ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਵਲੋਂ ਸ਼੍ਰੋਮਣੀ ਕਮੇਟੀ ਨੂੰ ਇਹ ਉੱਤਰ ਧਰਮ ਪ੍ਰਚਾਰ ਕਮੇਟੀ ਵਲੋਂ ਭੇਜੇ ਮਤੇ ਦੇ ਸਬੰਧ ਵਿੱਚ ਦਿੱਤਾ ਗਿਆ ਹੈ। ਧਰਮ ਪ੍ਰਚਾਰ ਕਮੇਟੀ ਵੱਲੋਂ 13 ਅਕਤੂਬਰ ਨੂੰ ਮੀਟਿੰਗ ਕਰ ਕੇ ਮਤਾ ਪਾਸ ਕੀਤਾ ਸੀ, ਜਿਸ ਰਾਹੀਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਸੀ, ਕਿ ਦੋਸ਼ੀ ਕਰਾਰ ਦਿੱਤੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਖ਼ਿਲਾਫ਼ ਸਖ਼ਤ ਤੇ ਮਿਸਾਲੀ ਕਾਰਵਾਈ ਕੀਤੀ ਜਾਵੇ, ਮਤੇ ਵਿੱਚ ਇਸ ਮਾਮਲੇ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੋਣ ਕਾਰਨ ਧਾਰਮਿਕ ਮਾਮਲਾ ਆਖਿਆ ਗਿਆ ਸੀ।

ਅਕਾਲ ਤਖ਼ਤ ਵਲੋਂ 23 ਅਕਤੂਬਰ ਨੂੰ ਸ਼੍ਰੋਮਣੀ ਕਮੇਟੀ ਨੂੰ ਭੇਜੇ ਗਏ ਜਵਾਬ ਵਿੱਚ ਆਖਿਆ ਕਿ ਜਾਂਚ ਰਿਪੋਰਟ ਮੁਤਾਬਕ ਸਪੱਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪ ਰਿਕਾਰਡ ਵਿੱਚੋਂ ਘਟਣ ਦਾ ਮਾਮਲਾ ਫੰਡਾਂ ਵਿੱਚ ਹੇਰਾ-ਫੇਰੀ ਨਾਲ ਸਬੰਧਤ ਹੈ। ਜਥੇਦਾਰ ਹਰਪ੍ਰੀਤ ਸਿੰਘ ਨੇ ਆਖਿਆ ਕਿ ਜੇ ਦੋਸ਼ੀ ਅਦਾਲਤ ਵਿੱਚ ਜਾਂਦੇ ਹਨ ਜਾਂ ਗਏ ਹਨ ਤਾਂ ਸ਼੍ਰੋਮਣੀ ਕਮੇਟੀ ਤਜਰਬੇਕਾਰ ਵਕੀਲਾਂ ਦੀ ਮਦਦ ਨਾਲ ਇਸ ਕੇਸ ਨੂੰ ਪੁਖਤਾ ਢੰਗ ਨਾਲ ਲੜੇ। ਸ਼੍ਰੋਮਣੀ ਕਮੇਟੀ ਇੱਕ ਸਬ ਕਮੇਟੀ ਵੀ ਬਣਾਵੇ, ਜਿਸ ਵਿੱਚ ਕੁੱਝ ਮੈਂਬਰ ਪੰਥਕ ਜਥੇਬੰਦੀਆਂ ਦੇ ਵੀ ਸ਼ਾਮਲ ਕੀਤੇ ਜਾਣ।

Exit mobile version