The Khalas Tv Blog Punjab ਜਥੇਦਾਰ ਰਣਜੀਤ ਸਿੰਘ ਨੇ ਜਾਂਚ ਕਰਨ ਵਾਲੇ ਈਸ਼ਰ ਸਿੰਘ ਦੇ ਇਕੱਲੇ-ਇਕੱਲੇ ਇਲਜ਼ਾਮ ਦਾ ਦਿੱਤਾ ਸਬੂਤਾਂ ਸਮੇਤ ਜਵਾਬ
Punjab

ਜਥੇਦਾਰ ਰਣਜੀਤ ਸਿੰਘ ਨੇ ਜਾਂਚ ਕਰਨ ਵਾਲੇ ਈਸ਼ਰ ਸਿੰਘ ਦੇ ਇਕੱਲੇ-ਇਕੱਲੇ ਇਲਜ਼ਾਮ ਦਾ ਦਿੱਤਾ ਸਬੂਤਾਂ ਸਮੇਤ ਜਵਾਬ

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਗਾਇਬ ਹੋਏ 328 ਪਾਵਨ ਸਰੂਪਾਂ ਦਾ ਮਾਮਲੇ ਵਿੱਚ ਜਾਂਚ ਕਰਨ ਵਾਲੇ ਭਾਈ ਈਸ਼ਰ ਸਿੰਘ ਨੇ ਬੀਤੇ ਦਿਨ ਇੱਕ ਵੀਡੀਓ ਜਾਰੀ ਕਰਕੇ ਆਖਿਆ ਸੀ ਕਿ ਸਾਬਕਾ ਜਥੇਦਾਰ ਰਣਜੀਤ ਸਿੰਘ ਵੱਲੋਂ ਲਾਏ ਗਏ ਸਾਰੇ ਇਲਜ਼ਾਮ ਝੂਠੇ ਹਨ। ਭਾਈ ਈਸ਼ਰ ਸਿੰਘ ਨੇ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਲਾਏ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਇਸ ਜਾਂਚ ਰਿਪੋਰਟ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਕਿ ਪਾਵਨ ਸਰੂਪ ਗਾਇਬ ਹੋਣ ਵਾਲੇ ਮਾਮਲੇ ਵਿੱਚ ਬਾਦਲ ਪਰਿਵਾਰ ਵੀ ਦੋਸ਼ੀ ਹੈ।

 

ਹੁਣ ਜਥੇਦਾਰ ਭਾਈ ਰਣਜੀਤ ਸਿੰਘ ਨੇ ਭਾਈ ਈਸ਼ਰ ਸਿੰਘ ‘ਤੇ ਫਿਰ ਪਲਟਵਾਰ ਕੀਤਾ ਹੈ। ਭਾਈ ਰਣਜੀਤ ਸਿੰਘ ਨੇ ਦਾਅਵਾ ਕੀਤਾ ਕਿ “ਇਸ ਜਾਂਚ ਰਿਪੋਰਟ ਦੇ 137 ਨੰਬਰ ਸਫੇ ‘ਤੇ ਸਾਫ ਲਿਖਿਆ ਹੈ ਕਿ ਸ੍ਰ. ਸਰਬਜੀਤ ਸਿੰਘ ਵੱਲੋਂ ਦਿੱਤੇ ਬਿਆਨ ਅਤੇ ਪੇਸ਼ ਕੀਤੇ ਸਬੂਤ ਇਹ ਸਾਬਤ ਕਰਦੇ ਹਨ ਕਿ ਮਿਤੀ 19-05-2016 ਨੂੰ ਅਗਨ ਭੇਂਟ ਹੋਏ ਪਾਵਨ ਸਰੂਪਾਂ ਅਤੇ ਪਾਣੀ ਨਾਲ ਨੁਕਸਾਨੇ ਸਰੂਪਾਂ ਮਰਿਆਦਾ ਅਨੁਸਾਰ ਕਾਰਵਾਈ ਨਹੀਂ ਕੀਤੀ ਗਈ ਅਤੇ ਇਸ ਲਈ ਬਾਦਲ ਪਰਿਵਾਰ ਦੋਸ਼ੀ ਹੈ, ਪਰ ਉਹਨਾਂ ਨੂੰ ਸਵਾਲ ਪੁੱਛਣ ਤੇ ਦੱਸਿਆ ਕਿ ਉਹਨਾਂ ਇਸ ਸੰਬੰਧੀ ਸੁਖਬੀਰ ਸਿੰਘ ਬਾਦਲ ਦਾ ਪੱਖ ਨਹੀਂ ਜਾਣਿਆ”। ਉਹਨਾਂ ਇਹ ਸਾਰੇ ਦਸਤਾਵੇਜ਼ ਮੀਡੀਆ ਸਾਹਮਣੇ ਵੀ ਪੇਸ਼ ਕੀਤੇ ਹਨ। ਭਾਈ ਰਣਜੀਤ ਸਿੰਘ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਹੋ ਸਕਦਾ ਹੈ ਜਦੋਂ ਇਹ ਜਾਂਚ ਰਿਪੋਰਟ ਤਿਆਰ ਕਰ ਰਹੇ ਸੀ ਤਾਂ ਗਲਤੀ ਨਾਲ ਇਹ ਸਤ੍ਹਰਾਂ ਇਸ ਵਿੱਚੋਂ ਕੱਟਣੀਆਂ ਭੁੱਲ ਗਏ ਹੋਣ।

 

ਭਾਈ ਰਣਜੀਤ ਸਿੰਘ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼

 

ਭਾਈ ਰਣਜੀਤ ਸਿੰਘ ਨੇ ਕਿਹਾ ਕਿ “ਮੈਂ ਇੱਕ ਵਾਰ ਫਿਰ ਭਾਈ ਈਸ਼ਰ ਸਿੰਘ, ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਕਰਦਾ ਹਾਂ ਕਿ ਉਹ ਜਾਂਚ ਰਿਪੋਰਟ ਲੈ ਆਉਣ, ਜਿਸ ਦੇ ਹਰ ਪੰਨੇ ‘ਤੇ ਦਸਤਖਤ ਕੀਤੇ ਗਏ ਹਨ, ਮੇਰੇ ਨਾਲ ਪ੍ਰੈੱਸ ਦੇ ਸਾਹਮਣੇ ਆ ਕੇ ਗੱਲ ਕਰਨ”। ਉਹਨਾਂ ਕਿਹਾ ਕਿ ਮੈਨੂੰ ਜਿੱਥੇ ਵੀ ਬੁਲਾਓਗੇ, ਮੈਂ ਆਉਣ ਲਈ ਤਿਆਰ ਹਾਂ, ਬੱਸ ਸਾਨੂੰ ਗਾਇਬ ਹੋਏ ਪਾਵਨ ਸਰੂਪਾਂ ਦਾ ਜਵਾਬ ਦਿਓ ਅਤੇ ਇਹ ਜਵਾਬ ਅਸੀਂ ਲੈ ਕੇ ਹੀ ਰਹਾਂਗੇ।

Exit mobile version