ਬਿਊਰੋ ਰਿਪੋਰਟ (ਖੰਨਾ, 24 ਅਕਤੂਬਰ 2025): ਪੰਜਾਬ ਸਰਕਾਰ ਪੂਰੇ ਸੂਬੇ ਵਿੱਚ 3117 ਮਾਡਲ ਖੇਡ ਮੈਦਾਨਾਂ ਦਾ ਨਿਰਮਾਣ ਕਰ ਰਹੀ ਹੈ। ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਖੰਨਾ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਇਨ੍ਹਾਂ ਖੇਡ ਮੈਦਾਨਾਂ ’ਤੇ 966 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ ਅਤੇ ਇਨ੍ਹਾਂ ਨੂੰ ਅਗਲੇ ਛੇ ਮਹੀਨਿਆਂ ਵਿੱਚ ਤਿਆਰ ਕਰਨ ਦਾ ਟੀਚਾ ਹੈ।
ਮੰਤਰੀ ਸੌਂਧ ਨੇ ਦੱਸਿਆ ਕਿ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਖੰਨਾ ਵਿੱਚ 30 ਪਿੰਡਾਂ ਵਿੱਚ ਸਾਢੇ ਸੱਤ ਕਰੋੜ ਰੁਪਏ ਦੀ ਲਾਗਤ ਨਾਲ ਖੇਡ ਦੇ ਮੈਦਾਨ ਬਣਾਏ ਜਾਣਗੇ। ਇਨ੍ਹਾਂ ਮੈਦਾਨਾਂ ਵਿੱਚ ਓਪਨ ਜਿੰਮ ਦੀ ਸਹੂਲਤ ਵੀ ਉਪਲਬਧ ਹੋਵੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਿਨ੍ਹਾਂ ਪਿੰਡਾਂ ਵਿੱਚ ਪਹਿਲਾਂ ਹੀ ਖੇਡ ਸਟੇਡੀਅਮ ਮੌਜੂਦ ਹਨ, ਸਰਕਾਰ ਉਨ੍ਹਾਂ ਦੀ ਸਥਿਤੀ ਵਿੱਚ ਸੁਧਾਰ ਕਰਕੇ ਉਨ੍ਹਾਂ ਨੂੰ ਆਧੁਨਿਕ ਬਣਾਏਗੀ। ਇਹ ਯੋਜਨਾ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਲਾਗੂ ਕੀਤੀ ਜਾਵੇਗੀ।
ਨਗਰ ਸੁਧਾਰ ਟਰੱਸਟ ਖੰਨਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਸੌਂਧ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਣਨ ਵਾਲੇ ਮੈਦਾਨਾਂ ਦੀ ਗਿਣਤੀ ਦੱਸੀ। ਅੰਮ੍ਰਿਤਸਰ ਵਿੱਚ 194, ਬਠਿੰਡਾ ਵਿੱਚ 186, ਲੁਧਿਆਣਾ ਵਿੱਚ 257, ਗੁਰਦਾਸਪੁਰ ਵਿੱਚ 198, ਹੁਸ਼ਿਆਰਪੁਰ ਵਿੱਚ 202, ਜਲੰਧਰ ਵਿੱਚ 168 ਅਤੇ ਪਟਿਆਲਾ ਵਿੱਚ 191 ਮਾਡਲ ਮੈਦਾਨ ਤਿਆਰ ਕੀਤੇ ਜਾਣਗੇ। ਹੋਰ ਜ਼ਿਲ੍ਹਿਆਂ ਵਿੱਚ ਵੀ ਇਸੇ ਤਰ੍ਹਾਂ ਦੇ ਮੈਦਾਨ ਬਣਨਗੇ।
ਇਨ੍ਹਾਂ ਮੈਦਾਨਾਂ ਵਿੱਚ ਓਪਨ ਜਿਮ, ਬੈਠਣ ਦਾ ਪ੍ਰਬੰਧ ਅਤੇ ਬਾਸਕਟਬਾਲ, ਹਾਕੀ, ਕ੍ਰਿਕੇਟ, ਵਾਲੀਬਾਲ ਵਰਗੀਆਂ ਖੇਡਾਂ ਲਈ ਆਧੁਨਿਕ ਸਹੂਲਤਾਂ ਹੋਣਗੀਆਂ। ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਉਨ੍ਹਾਂ ਨੂੰ ਸਕਾਰਾਤਮਕ ਜੀਵਨ ਵੱਲ ਪ੍ਰੇਰਿਤ ਕਰਨਾ ਹੈ। ਮੰਤਰੀ ਸੌਂਧ ਨੇ ਜ਼ੋਰ ਦਿੱਤਾ ਕਿ ਇਹ ਪ੍ਰੋਜੈਕਟ ਪੰਜਾਬ ਦੇ ਭਵਿੱਖ ਵਿੱਚ ਇੱਕ ਮਹੱਤਵਪੂਰਨ ਨਿਵੇਸ਼ ਹੈ, ਜਿਸ ਨਾਲ ਹਰ ਬੱਚੇ ਨੂੰ ਖੇਡਣ ਦਾ ਮੌਕਾ ਮਿਲੇਗਾ।

