The Khalas Tv Blog Punjab 31 ਮਾਰਚ ਤੱਕ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ
Punjab

31 ਮਾਰਚ ਤੱਕ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ

ਚੰਡੀਗੜ੍ਹ-  ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕੋਰੋਨਾ ਵਾਇਰਸ ਦੇ ਕਾਰਨ ਸੂਬੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 31 ਮਾਰਚ ਤੱਕ ਛੁੱਟੀਆਂ ਕਰਨ ਦੀ ਹਦਾਇਤ ਕੀਤੀ ਹੈ। ਉਹਨਾਂ ਕਿਹਾ ਹੈ ਕਿ ਜਿਨ੍ਹਾਂ ਸਕੂਲਾਂ ਵਿੱਚ ਪ੍ਰੀਖਿਆਵਾਂ ਚਲ ਰਹੀਆਂ ਹਨ, ਉਹ ਸਕੂਲ ਹੀ ਖੁੱਲੇ ਰਹਿਣਗੇ।

ਇਸ ਸਬੰਧੀ ਸ਼੍ਰੀ ਸਿੰਗਲਾ ਨੇ ਦੱਸਿਆ ਕਿ ਇਹ ਨਾਮੁਰਾਦ ਬੀਮਾਰੀ ਪੂਰੇ ਵਿਸ਼ਵ ਵਿੱਚ ਫੈਲ ਰਹੀ ਹੈ ਅਤੇ ਸੂਬੇ ਵਿੱਚ ਇਸ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਇਸ ਤੋਂ ਬਚਾਅ ਲਈ ਉਪਰਾਲੇ ਤੇਜ਼ ਕੀਤੇ ਜਾਣ। ਸਿੱਖਿਆ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਅਹਿਤਿਆਤ ਵਜੋਂ ਸੂਬੇ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 31 ਮਾਰਚ ਤੱਕ ਛੁੱਟੀਆਂ ਕੀਤੀਆਂ ਗਈਆਂ ਹਨ। ਸ਼੍ਰੀ ਸਿੰਗਲਾ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਸਕੂਲਾਂ ਵਿੱਚ ਪ੍ਰੀਖਿਆਵਾਂ ਜਾਰੀ ਹਨ, ਉਥੇ ਪ੍ਰੀਖਿਆਵਾਂ ਉਸੇ ਤਰ੍ਹਾਂ ਚਲਦੀਆਂ ਰਹਿਣਗੀਆਂ।

ਸ਼੍ਰੀ ਸਿੰਗਲਾ ਨੇ ਦੱਸਿਆ ਕਿ ਬੁਖਾਰ, ਖਾਂਸੀ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋਣਾ ਆਦਿ ਕੋਰੋਨਾ ਵਾਇਰਸ ਦੇ ਆਮ ਲੱਛਣ ਹਨ। ਇਸ ਲਈ ਜ਼ਰੂਰੀ ਹੈ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਖੰਘਦੇ ਜਾਂ ਛਿੱਕਦੇ ਸਮੇਂ ਮੂੰਹ ਅਤੇ ਨੱਕ ਉਤੇ ਰੁਮਾਲ ਰੱਖਿਆ ਜਾਵੇ ਅਤੇ ਛਿੱਕਦੇ ਸਮੇਂ ਨੱਕ ਨੂੰ ਆਪਣੀ ਕੂਹਣੀ ਨਾਲ ਢੱਕ ਕੇ ਰੱਖਿਆ ਜਾਵੇ। ਮਾਸਕ ਦਾ ਪ੍ਰਯੋਗ ਕੀਤਾ ਜਾਵੇ ਅਤੇ ਬੁਖਾਰ ਜਾਂ ਖਾਂਸੀ ਵਾਲੇ ਵਿਅਕਤੀਆਂ ਤੋਂ ਦੂਰੀ ਬਣਾ ਕੇ ਰੱਖੀ ਜਾਵੇ।

ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਹਿਤਿਆਤ ਕਦਮ ਵਜੋਂ ਸਮੇਂ-ਸਮੇਂ ‘ਤੇ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਣ ਜਾਂ ਅਲਕੋਹਲ-ਆਧਾਰਤ ਸੈਨੀਟਾਈਜ਼ਰ ਨਾਲ ਚੰਗੀ ਤਰ੍ਹਾਂ ਹੱਥ ਸਾਫ਼ ਕਰਨ। ਸ਼੍ਰੀ ਸਿੰਗਲਾ ਨੇ ਖ਼ਾਸ ਤੌਰ ‘ਤੇ ਕਿਹਾ ਕਿ ਘਰੇਲੂ ਨੁਸਖਿਆਂ ਨਾਲ ਇਲਾਜ ਕਰਨ ਦੀ ਬਜਾਏ ਮਾਹਰ ਡਾਕਟਰਾਂ ਦੀ ਸਲਾਹ ਨਾਲ ਦਵਾਈ ਲਈ ਜਾਵੇ। ਪਾਲਤੂ ਅਤੇ ਜੰਗਲੀ ਜਾਨਵਰਾਂ ਤੋਂ ਦੂਰੀ ਬਣਾ ਕੇ ਰੱਖੀ ਜਾਵੇ। ਉਹਨਾਂ ਕਿਹਾ ਕਿ ਕੋਰੋਨਾ ਬੀਮਾਰੀ ਦੇ ਲੱਛਣ ਦਿੱਸਣ ‘ਤੇ ਪੀੜਤ ਨੂੰ ਇਕੱਲਾ ਰੱਖਿਆ ਜਾਵੇ ਅਤੇ ਤੁਰੰਤ ਹੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ।

ਸੂਬਾ ਸਰਕਾਰ ਵੱਲੋਂ ਸਿਹਤ ਸਬੰਧੀ ਜਾਣਕਾਰੀ ਅਤੇ ਸੁਝਾਅ ਲਈ ਸਥਾਪਤ ਕੀਤੀ ਹੈਲਪਲਾਈਨ-104 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਨੈਸ਼ਨਲ ਕਾਲ ਸੈਂਟਰ 011-23978046 ਅਤੇ ਸਟੇਟ ਕੰਟਰੋਲ ਰੂਮ ਨੰਬਰ 88720-90029 ਅਤੇ 0172-2920074 ਵੀ ਸਥਾਪਤ ਕੀਤੇ ਗਏ ਹਨ।

Exit mobile version