ਬਿਊਰੋ ਰਿਪੋਰਟ (ਫਿਰੋਜ਼ਪੁਰ, 1 ਅਕਤੂਬਰ 2025): ਫਿਰੋਜ਼ਪੁਰ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ 3 ਨੌਜਵਾਨਾਂ ਦੀ ਮੌਤ ਹੋ ਗਈ। ਤਿੰਨੇ ਹੀ ਜਵਾਨ ਇੱਕੋ ਪਿੰਡ ਦੇ ਰਹਿਣ ਵਾਲੇ ਸਨ। ਇੱਕੋ ਦਿਨ ਵਿੱਚ ਤਿੰਨਾਂ ਦੀ ਮੌਤ ਨਾਲ ਪਿੰਡ ਵਾਸੀ ਗੁੱਸੇ ਵਿੱਚ ਆ ਗਏ ਅਤੇ ਬੁੱਧਵਾਰ ਨੂੰ ਫਿਰੋਜ਼ਪੁਰ-ਫ਼ਾਜ਼ਿਲਕਾ ਹਾਈਵੇ ’ਤੇ ਤਿੰਨਾਂ ਦੀਆਂ ਲਾਸ਼ਾਂ ਰੱਖ ਕੇ ਜਾਮ ਲਗਾ ਦਿੱਤਾ। ਲੋਕਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ।
ਜਾਮ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ। ਲਗਭਗ 2 ਘੰਟੇ ਦੀ ਮਨਾਉਣ ਤੋਂ ਬਾਅਦ ਲੋਕਾਂ ਨੇ ਜਾਮ ਖੋਲ੍ਹਿਆ। ਮ੍ਰਿਤਕਾਂ ਦੀ ਪਹਿਚਾਣ ਰਣਜੀਤ ਸਿੰਘ (30), ਮਹਿਲ ਸਿੰਘ (30) ਅਤੇ ਰਾਜਨ ਸਿੰਘ (20) ਵਜੋਂ ਹੋਈ ਹੈ।
ਇਹ ਮਾਮਲਾ ਲੱਖੋਕੇ ਬਹਿਰਾਮ ਪਿੰਡ ਦਾ ਹੈ। ਪਿੰਡ ਵਿੱਚ 3 ਦਿਨ ਪਹਿਲਾਂ ਵੀ ਇੱਕ ਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਸੀ, ਜਿਸ ਦੀਆਂ ਅਸਥੀਆਂ ਅੱਜ ਪਰਿਵਾਰ ਵੱਲੋਂ ਸ਼ਮਸ਼ਾਨ ਘਾਟ ਤੋਂ ਚੁੱਕੀਆਂ ਗਈਆਂ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਵਿੱਚ 7 ਮੈਡੀਕਲ ਸਟੋਰ ਹਨ ਜੋ ਨਸ਼ਾ ਵੇਚਦੇ ਹਨ। ਇੱਥੇ ਸਿਰਫ਼ ਪਿੰਡ ਦੇ ਹੀ ਨਹੀਂ ਬਲਕਿ ਬਾਹਰਲੇ ਇਲਾਕਿਆਂ ਦੇ ਜਵਾਨ ਵੀ ਨਸ਼ਾ ਖ਼ਰੀਦਣ ਆਉਂਦੇ ਹਨ। ਬੀਤੀ ਰਾਤ ਪਿੰਡ ਦੇ ਤਿੰਨਾਂ ਨੌਜਵਾਨਾਂ ਨੇ ਵੀ ਮੈਡੀਕਲ ਸਟੋਰ ਤੋਂ ਨਸ਼ਾ ਖ਼ਰੀਦਿਆ ਅਤੇ ਘਰ ਆ ਕੇ ਸੌ ਗਏ, ਪਰ ਉਸ ਤੋਂ ਬਾਅਦ ਨਹੀਂ ਜਾਗੇ।
ਲੋਕਾਂ ਨੇ ਦੱਸਿਆ ਕਿ ਰਾਜਨ (20) ਨੇ 9 ਸਾਲ ਪਹਿਲਾਂ ਨਸ਼ਾ ਕਰਨਾ ਸ਼ੁਰੂ ਕੀਤਾ ਸੀ। ਪਰਿਵਾਰ ਨੇ ਉਸ ਨੂੰ 5 ਵਾਰ ਨਸ਼ਾ ਛੁਡਾਊ ਕੇਂਦਰ ’ਚ ਦਾਖ਼ਲ ਕਰਵਾਇਆ ਪਰ ਹਰ ਵਾਰ ਵਾਪਸ ਆ ਕੇ ਉਹ ਮੁੜ ਨਸ਼ਾ ਕਰਨ ਲੱਗ ਪਿਆ। ਕੁਝ ਦਿਨ ਪਹਿਲਾਂ ਹੀ ਉਹ ਮਲੋਟ ਦੇ ਨਸ਼ਾ ਛੁਡਾਉ ਕੇਂਦਰ ਤੋਂ ਵਾਪਸ ਆਇਆ ਸੀ। ਰਾਜਨ ਦਾ ਭਰਾ ਕਾਲਾ ਹੀ ਪਰਿਵਾਰ ਦੀ ਦੇਖਭਾਲ ਕਰਦਾ ਹੈ।