The Khalas Tv Blog Punjab 100 ਕਰੋੜ ਦੀ ਸਾਈਬਰ ਠੱਗੀ ਦਾ ਮਾਮਲਾ: ਹਰਜੋਤ ਬੈਂਸ ਦੀ ਪਤਨੀ ਖ਼ਿਲਾਫ਼ DGP ਦੀ ਕਾਰਵਾਈ! 3 ਮੈਂਬਰੀ SIT ਕਰੇਗੀ ਜਾਂਚ
Punjab

100 ਕਰੋੜ ਦੀ ਸਾਈਬਰ ਠੱਗੀ ਦਾ ਮਾਮਲਾ: ਹਰਜੋਤ ਬੈਂਸ ਦੀ ਪਤਨੀ ਖ਼ਿਲਾਫ਼ DGP ਦੀ ਕਾਰਵਾਈ! 3 ਮੈਂਬਰੀ SIT ਕਰੇਗੀ ਜਾਂਚ

ਬਿਉਰੋ ਰਿਪੋਰਟ: 100 ਕਰੋੜ ਰੁਪਏ ਦੀ ਕਥਿਤ ਸਾਈਬਰ ਠੱਗੀ ਦੇ ਇਲਜ਼ਾਮਾਂ ਵਿੱਚ ਘਿਰੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਪਤਨੀ ਜੋਤੀ ਯਾਦਵ ਦੇ ਖ਼ਿਲਾਫ਼ ਹੁਣ 3 ਮੈਂਬਰੀ SIT ਜਾਂਚ ਕਰੇਗੀ। ਇਸ ਮਾਮਲੇ ਵਿੱਚ ਪੰਜਾਬ ਦੇ DGP ਗੌਰਵ ਯਾਦਵ ਵੱਲੋਂ ADGP ਵੀ. ਨੀਰਜਾ, IGP ਧੰਨਪ੍ਰੀਤ ਕੌਰ ਅਤੇ SSP ਮੋਹਾਲੀ ਦੀਪਕ ਪਾਰਿਕ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ।

ਹੁਣ ਇਹ ਵਿਸ਼ੇਸ਼ ਜਾਂਚ ਟੀਮ ਕੈਬਨਿਟ ਮੰਤਰੀ ਤੇ ਉਨ੍ਹਾਂ ਦੀ ਪਤੀਨ ਖ਼ਿਲਾਫ਼ ਲੱਗੇ 100 ਕਰੋੜ ਰੁਪਏ ਦੇ ਘਪਲੇ ਦੇ ਇਲਜ਼ਾਮਾਂ ਦੀ ਜਾਂਚ ਕਰੇਗੀ। ਇਸ ਦੇ ਨਾਲ ਹੀ ਇਸ ਤੱਥ ਦੀ ਵੀ ਜਾਂਚ ਹੋਵੇਗੀ ਕਿ ਇੰਸਪੈਕਟਰ ਅਮਨਜੋਤ ਕੌਰ ਵੱਲੋਂ ਲਾਏ ਇਲਜ਼ਾਮ ਕਿੰਨੇ ਸੱਚੇ ਹਨ। ਦੱਸ ਦੇਈਏ ਮੰਤਰੀ ਦੀ ਪਤਨੀ ਜੋਤੀ ਯਾਦਵ ’ਤੇ ਭੂ-ਮਾਫੀਆ ਦਾ ਸਮਰਥਨ ਕਰਨ ਦੇ ਵੀ ਇਲਜ਼ਾਮ ਲੱਗੇ ਹਨ।

ਉੱਧਰ ਕੈਬਨਿਟ ਮੰਤਰੀ ਹਰਜੋਤ ਬੈਂਸ ਇਸ ਮਾਮਲੇ ਵਿੱਚ ਉਨ੍ਹਾਂ ਤੇ ਆਪਣੀ ਪਤਨੀ ’ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਉਹ ਤੇ ਉਨ੍ਹਾਂ ਦੀ ਪਤਨੀ ਬੇਦਾਗ਼ ਹਨ। ਉਨ੍ਹਾਂ ਨੇ ਇਸ ਮਾਮਲੇ ਵਿੱਚ ਇੰਸਪੈਕਟਰ ਅਮਨਜੋਤ ਕੌਰ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਨ ਦੀ ਚੇਤਾਵਨੀ ਦਿੱਤੀ ਹੈ।

ਖਹਿਰਾ ਨੇ ਕੀਤਾ ਜਾਂਚ ਦਾ ਸਵਾਗਤ

ਉੱਧਰ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੇ DGP ਵੱਲੋਂ ਬਿਠਾਈ ਇਸ SIT ਜਾਂਚ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਜਦ ਤੱਕ ਜਾਂਚ ਮੁਕੰਮਲ ਨਹੀਂ ਹੋ ਜਾਂਦੀ, ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਉਨ੍ਹਾਂ ਆਪਣੇ ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕਰਕੇ ਲਿਖਿਆ, “ਹਾਲਾਂਕਿ ਮੈਂ 100 ਕਰੋੜ ਦੇ ਸਾਈਬਰ ਘੁਟਾਲੇ ਵਿੱਚ ਮੰਤਰੀ ਹਰਜੋਤ ਬੈਂਸ ਅਤੇ ਉਨ੍ਹਾਂ ਦੀ ਆਈਪੀਐਸ ਪਤਨੀ ਜੋਤੀ ਯਾਦਵ ਦੀ ਭੂਮਿਕਾ ਦੀ ਜਾਂਚ ਲਈ ਭਗਵੰਤ ਮਾਨ ਵੱਲੋਂ ਬਣਾਈ ਗਈ ਐਸਆਈਟੀ ਦਾ ਸੁਆਗਤ ਕਰਦਾ ਹਾਂ।

ਪਰ ਮੈਨੂੰ ਲੱਗਦਾ ਹੈ ਕਿ ਜਦੋਂ ਤੱਕ ਉਕਤ ਮੰਤਰੀ ਮੰਤਰੀ ਮੰਡਲ ਤੋਂ ਅਸਤੀਫਾ ਨਹੀਂ ਦੇ ਦਿੰਦਾ, ਉਦੋਂ ਤੱਕ ਜਾਂਚ ਦਾ ਕੋਈ ਅਰਥ ਨਹੀਂ ਰਹਿ ਜਾਵੇਗਾ ਕਿਉਂਕਿ ਸੱਤਾ ਦੇ ਅਹੁਦੇ ’ਤੇ ਰਹਿੰਦਿਆਂ ਉਹ ਜਾਂਚ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।”

ਜਾਣੋ ਪੂਰਾ ਮਾਮਲਾ

ਇੰਸਪੈਕਟਰ ਅਮਨਜੋਤ ਕੌਰ ਜਨਵਰੀ ਵਿੱਚ ਜ਼ਿਲ੍ਹਾ ਸਾਈਬਰ ਸੈੱਲ ਦੀ ਇੰਚਾਰਜ ਵਜੋਂ ਤਾਇਨਾਤ ਸੀ ਅਤੇ ਹੁਣ ਉਹ ਪੁਲਿਸ ਲਾਈਨਜ਼ ਵਿੱਚ ਤਾਇਨਾਤ ਹੈ। 9 ਜਨਵਰੀ ਨੂੰ, ਜਦੋਂ ਜ਼ਿਲ੍ਹਾ ਸਾਈਬਰ ਸੈੱਲ ਦੀ ਇੰਚਾਰਜ ਵਜੋਂ ਤਾਇਨਾਤ ਇੰਸਪੈਕਟਰ ਅਮਨਜੋਤ ਕੌਰ ਨੇ ਸੈਕਟਰ 108 ਦੇ ਇਕ ਘਰ ਤੋਂ ਕਥਿਤ ਤੌਰ ’ਤੇ ਚਲਾਏ ਜਾ ਰਹੇ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਤਾਂ ਕਥਿਤ ਕਾਲ ਸੈਂਟਰ ਦੇ ਮਾਲਕਾਂ ਵਰਿੰਦਰ ਰਾਜ ਕਪੂਰੀਆ, ਸੰਕੇਤ, ਸੋਨੂੰ, ਰਜਤ ਕਪੂਰ ਅਤੇ ਨਿਖਿਲ ਕਪਿਲ ਵਿਰੁੱਧ ਸੂਚਨਾ ਤਕਨਾਲੋਜੀ ਐਕਟ ਅਤੇ ਭਾਰਤੀ ਦੰਡਾਵਲੀ, ਆਈਪੀਸੀ ਦੀਆਂ ਸਬੰਧਿਤ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ।

ਇੰਸਪੈਕਟਰ ਅਮਨਜੋਤ ਕੌਰ ਨੇ ਦੱਸਿਆ ਕਿ ਮੌਕੇ ਦੇ ਮੌਜੂਦ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਇਸ ਸਾਇਬਰ ਸੈਂਟਰ ਦੇ ਜ਼ਰੀਏ ਵਿਦੇਸ਼ੀ ਲੋਕਾਂ ਨਾਲ ਠੱਗੀ ਮਾਰਦੇ ਹਨ। ਇਸ ਦੇ ਲਈ ਮੁਲਜ਼ਮ ਵਿਜੇ ਰਾਜ ਕਪੂਰੀਆਂ ਉਨ੍ਹਾਂ ਨੂੰ ਤਨਖਾਹ ਦੇ ਨਾਲ ਇਨਸੈਂਟਿਵ ਵੀ ਦਿੰਦੇ ਸਨ। ਅਮਨਜੋਤ ਨੇ ਕਿਹਾ ਬਿਲਡਿੰਗ ਵਿੱਚ ਸੀਸੀਟੀਵੀ ਕੈਮਰੇ ਲੱਗੇ ਸਨ, ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਸਰਵਰ ਨੂੰ ਬੰਦ ਕਰ ਦਿੱਤਾ ਗਿਆ ਸੀ।

ਅਮਨਜੋਤ ਕੌਰ ਵੱਲੋਂ ਮੌਕੇ ਤੋਂ ਵਰਿੰਦਰਰਾਜ ਕਪੂਰੀਆ ਅਤੇ ਸੰਕੇਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਡੀਜੀਪੀ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਇਸਪੈਕਟਰ ਦਾਅਵਾ ਕੀਤਾ ਹੈ ਕਿ ਕਾਲ ਸੈਂਟਰ ਦੇ ਮਾਲਕ ਦੇ ਮੰਤਰੀ ਹਰਜੋਤ ਬੈਂਸ ਨਾਲ ਡੂੰਘੇ ਸਬੰਧ ਹਨ। ਦੋਵੇਂ ਨੰਗਲ ਦੇ ਰਹਿਣ ਵਾਲੇ ਹਨ ਅਤੇ ਬੈਂਸ ਨੇ ਕਥਿਤ ਤੌਰ ’ਤੇ ਉਸ ਤੋਂ ਵੱਡੇ ਪਾਰਟੀ ਫੰਡ ਲਏ। ਇਸ ਤੋਂ ਵੀ ਮਾੜੀ ਗੱਲ, ਉਸਨੇ ਇਲਜ਼ਮ ਲਾਇਆ ਕਿ ਬੈਂਸ ਦੀ ਪਤਨੀ ਐਸਪੀ ਜੋਤੀ ਯਾਦਵ ਜਾਂਚ ਵਿੱਚ ਰੁਕਾਵਟ ਪਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਬਚਾ ਰਹੀ ਹੈ। ਉਹ ਦਾਅਵਾ ਕਰਦੀ ਹੈ ਕਿ ਜੋਤੀ ਯਾਦਵ ਨੇ ਉਸ ’ਤੇ ਕੇਸ ਵਾਪਸ ਲੈਣ ਲਈ ਦਬਾਅ ਪਾਇਆ ਹੈ।

ਇੰਸਪੈਕਟਰ ਨੇ ਇਲਜ਼ਾਮ ਲਗਾਇਆ ਕਿ ਪਲਕ ਦੇਵ ਦੇ ਜ਼ਰੀਏ ਉਸ ਦੇ ਖਿਲਾਫ ਝੂਠੇ ਕੇਸ ਵਿੱਚ 25 ਲੱਖ ਦੀ ਰਿਸ਼ਵਤ ਮੰਗਣ ਦਾ ਮਾਮਲਾ ਪਾਇਆ ਗਿਆ। ਇੰਸਪੈਕਟਰ ਅਮਨਜੋਤ ਕੌਰ ਨੇ ਮੁਹਾਲੀ ਦੇ ਇਕ ਜੱਜ ’ਤੇ ਵੀ ਘਪਲੇਬਾਜ਼ਾਂ ਤੋਂ ਮਕਾਨ ਲੈਣ ਅਤੇ ਫਿਰ ਉਸਦੇ ਖਿਲਾਫ ਝੂਠੀ FIR ਦਰਜ ਕਰਨ ਦਾ ਇਲਜ਼ਾਮ ਲਗਾਇਆ ਹੈ। ਆਪਣੇ ਸ਼ਿਕਾਇਤ ਪੱਤਰ ਵਿੱਚ ਉਸਨੇ ਜੱਜ ਦਾ ਨਾਂ ਅਤੇ ਮੁਹਾਲੀ ਵਾਲੇ ਘਰ ਦਾ ਪਤਾ ਵੀ ਦਿੱਤਾ ਹੈ। ਜ਼ਿਲ੍ਹਾ ਅਦਾਲਤ ਨੇ ਅਪ੍ਰੈਲ ਵਿੱਚ ਇੰਸਪੈਕਟਰ ਅਮਨਜੋਤ ਕੌਰ ਖਿਲਾਫ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਸਨ।

ਸਬੰਧਿਤ ਖ਼ਬਰ – ਹਰਜੋਤ ਬੈਂਸ ਦੀ ਵਧੀ ਮੁਸ਼ਕਲ! ਪਤਨੀ ’ਤੇ ਲੱਗਾ ਇੱਕ ਹੋਰ ਵੱਡਾ ਇਲਜ਼ਾਮ! ਕਾਂਗਰਸ ਨੇ ਘੇਰੀ ਮਾਨ ਸਰਕਾਰ
Exit mobile version