ਚਾਈਬਾਸਾ : 26 ਸਾਲਾ ਸਾਫਟਵੇਅਰ ਇੰਜੀਨੀਅਰ(software engineer) ਨਾਲ ਕਰੀਬ 10 ਲੋਕਾਂ ਨੇ ਕਥਿਤ ਤੌਰ ‘ਤੇ ਬਲਾਤਕਾਰ ਕੀਤਾ। ਝਾਰਖੰਡ (Jharkhand) ਦੇ ਪੱਛਮੀ ਸਿੰਘਭੂਮ(West Singhbhum) ਜ਼ਿਲੇ ‘ਚ ਇਹ ਰੂਪ ਕੰਬਾਊ ਘਟਨਾ ਵਾਪਰੀ ਹੈ। ਪੁਲਿਸ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੀੜਤਾ ਬੀਤੇ ਦਿਨ ਦੀ ਸ਼ਾਮ ਨੂੰ ਆਪਣੇ ਪ੍ਰੇਮੀ ਨਾਲ ਦੋਪਹੀਆ ਵਾਹਨ ‘ਤੇ ਕਿਤੇ ਜਾ ਰਹੀ ਸੀ। ਇਸ ਦੌਰਾਨ ਚਾਈਬਾਸਾ ਦੇ ਪੁਰਾਣੇ ਹਵਾਈ ਅੱਡੇ ਨੇੜੇ ਇਹ ਘਟਨਾ ਵਾਪਰੀ ਹੈ।
ਇਹ ਹੈ ਪੂਰਾ ਮਾਮਲਾ..
ਪੁਲਿਸ ਨੇ ਦੱਸਿਆ ਕਿ 8-10 ਵਿਅਕਤੀਆਂ ਦੇ ਇੱਕ ਸਮੂਹ ਨੇ ਦੋਹਾਂ ਨੂੰ ਰੋਕਿਆ। ਪ੍ਰੇਮੀ ਦੀ ਕੁੱਟਮਾਰ ਕੀਤੀ ਅਤੇ ਲੜਕੀ ਨੂੰ ਇੱਕ ਸੁੰਨਸਾਨ ਜਗ੍ਹਾ ‘ਤੇ ਲੈ ਗਏ ਅਤੇ ਕਥਿਤ ਤੌਰ ‘ਤੇ ਬਲਾਤਕਾਰ ਕੀਤਾ। ਐਸਪੀ ਆਸ਼ੂਤੋਸ਼ ਸ਼ੇਖਰ ਨੇ ਦੱਸਿਆ ਕਿ ਮੁਫਾਸਿਲ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਘਟਨਾ ਦੇ ਪਿੱਛੇ ਲੋਕਾਂ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਔਰਤ ਇੱਕ ਨਾਮੀ ਆਈਟੀ ਕੰਪਨੀ ਵਿੱਚ ਘਰੋਂ ਕੰਮ ਕਰ ਰਹੀ ਹੈ। ਬਲਾਤਕਾਰ ਕਰਨ ਤੋਂ ਬਾਅਦ ਮੁਲਜ਼ਮ ਉਸ ਨੂੰ ਉੱਥੇ ਹੀ ਛੱਡ ਕੇ ਫ਼ਰਾਰ ਹੋ ਗਏ। ਉਨ੍ਹਾਂ ਉਸ ਦਾ ਪਰਸ ਅਤੇ ਮੋਬਾਈਲ ਫੋਨ ਵੀ ਖੋਹ ਲਿਆ। ਔਰਤ ਨੇ ਕਿਸੇ ਤਰ੍ਹਾਂ ਘਰ ਪਹੁੰਚ ਕੇ ਆਪਣੇ ਪਰਿਵਾਰ ਵਾਲਿਆਂ ਨੂੰ ਘਟਨਾ ਬਾਰੇ ਦੱਸਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ। ਪੀੜਤ ਲੜਕੀ ਦਾ ਸਦਰ ਹਸਪਤਾਲ ਵਿੱਚ ਮੈਡੀਕਲ ਚੈੱਕਅਪ ਵੀ ਕੀਤਾ ਗਿਆ।
ਬਲਾਤਕਾਰ ਦੇ ਮਾਮਲਿਆਂ ਵਿੱਚ ਝਾਰਖੰਡ 7ਵੇਂ ਨੰਬਰ ‘ਤੇ ਹੈ
ਹਾਲ ਹੀ ਵਿੱਚ ਗ੍ਰਹਿ ਮੰਤਰਾਲੇ ਦੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਦੁਆਰਾ ਇੱਕ ਰਿਪੋਰਟ ਜਾਰੀ ਕੀਤੀ ਗਈ ਸੀ। ਇਸ ਹਿਸਾਬ ਨਾਲ ਬਲਾਤਕਾਰ ਦੇ ਮਾਮਲਿਆਂ ‘ਚ ਝਾਰਖੰਡ 7ਵੇਂ ਨੰਬਰ ‘ਤੇ ਹੈ। ਪਹਿਲੇ ਨੰਬਰ ‘ਤੇ ਰਾਜਸਥਾਨ (6074), ਦੂਜੇ ਨੰਬਰ ‘ਤੇ ਮੱਧ ਪ੍ਰਦੇਸ਼ (2898), ਤੀਜੇ ਨੰਬਰ ‘ਤੇ ਉੱਤਰ ਪ੍ਰਦੇਸ਼ (2668), ਚੌਥੇ ਨੰਬਰ ‘ਤੇ ਮਹਾਰਾਸ਼ਟਰ (2496), ਪੰਜਵੇਂ ਨੰਬਰ ‘ਤੇ ਅਸਾਮ (1709), ਛੇਵੇਂ ਨੰਬਰ ‘ਤੇ ਹਰਿਆਣਾ (1697) ਹੈ। ਝਾਰਖੰਡ ਤੋਂ ਬਾਅਦ ਆਂਧਰਾ ਪ੍ਰਦੇਸ਼ (1298) ਅੱਠਵੇਂ ਨੰਬਰ ‘ਤੇ, ਛੱਤੀਸਗੜ੍ਹ (1088) ਨੌਵੇਂ ਨੰਬਰ ‘ਤੇ ਅਤੇ ਪੱਛਮੀ ਬੰਗਾਲ (911) ਦਸਵੇਂ ਨੰਬਰ ‘ਤੇ ਹੈ।