‘ਦ ਖ਼ਾਲਸ ਬਿਊਰੋ : ਸਾਲ 2022 ਦੁਨੀਆ ਵਿੱਚ ਵੱਡੇ ਬਦਲਾਅ ਅਤੇ ਚੁਣੌਤੀਆਂ ਦਾ ਗਵਾ ਬਣਿਆ ਹੈ । ਸਾਲ ਦੀ ਸ਼ੁਰੂਆਤ ਰੂਸ-ਯੂਕਰੇਨ ਦੀ ਨਾਲ ਜੰਗ ਨਾਲ ਹੋਈ। ਦੋਵਾਂ ਦੇਸ਼ਾਂ ਦੀ ਇਸ ਲੜਾਈ ਨੇ ਦੁਨੀਆ ਦੇ ਅਰਥਚਾਰੇ ‘ਤੇ ਵੱਡਾ ਅਸਰ ਛੱਡਿਆ। ਇਰਾਨ ਵਿੱਚ ਹਿਜਾਬ ਦੇ ਖਿਲਾਫ ਮਹਿਲਾਵਾਂ ਲਾਮਬੰਦ ਹੋਇਆ ਤਾਂ ਅਫਗਾਨਿਸਤਾਨ ਵਿੱਚ ਤਾਲੀਬਾਨੀ ਹਕੂਮਤ ਨੇ ਔਰਤਾਂ ਨੂੰ ਮੁੜ ਤੋਂ ਚਾਰ ਦੀਵਾਰੀ ਵਿੱਚ ਕੈਦ ਕਰ ਦਿੱਤਾ । ਪਾਕਿਸਤਾਨ ਵਿੱਚ ਇਮਰਾਨ ਖਾਨ ਦਾ ਤਖਤਾ ਪਲਟ ਹੋਇਆ ਤਾਂ ਬ੍ਰਿਟੇਨ ਨੇ ਇਸ ਸਾਲ ਤੀਜੇ ਪ੍ਰਧਾਨ ਮੰਤਰੀ ਨੂੰ ਕੁਰਸੀ ‘ਤੇ ਬੈਠ ਦੇ ਹੋਏ ਵੇਖਿਆ। ਭਾਰਤ ਨੂੰ G-20 ਦੇਸ਼ਾਂ ਦੀ ਮੇਜ਼ਬਾਨੀ ਮਿਲੀ ਤਾਂ ਵਿਦੇਸ਼ਾਂ ਵਿੱਚ ਪੰਜਾਬੀਆਂ ਨੇ ਵਖਰੀ ਪਛਾਣ ਬਣਾਈ। ਅਮਰੀਕਾ ਵਰਗੇ ਮੁਲਕ ਨੇ ਪੱਗ ਨੂੰ ਨਵੀਂ ਪਛਾਣ ਦਿੱਤੀ ਤਾਂ ਆਸਟ੍ਰੇਲੀਆਂ ਵਿੱਚ ਪੰਜਾਬੀ ਬੋਲੀ ਦਾ ਮਾੜ ਵਧਿਆ। ਇਸ ਸਾਲ ਟਵਿੱਟਰ ਅਤੇ ਫੇਸਬੁੱਕ ਵੱਡੇ ਉਲਟਫੇਰ ਦਾ ਗਵਾਹ ਬਣਿਆ । ਸਾਲ ਖਤਮ ਹੁੰਦੇ-ਹੁੰਦੇ ਕੋਰੋਨਾ ਨੇ ਇੱਕ ਵਾਰ ਮੁੜ ਤੋਂ ਡਰਾਉਣਾ ਸ਼ੁਰੂ ਕਰ ਦਿੱਤਾ । ਦੁਨੀਆ ਦੇ ਕੋਨੇ-ਕੋਨੇ ਤੋਂ ਸਾਲ 2022 ਵਿੱਚ ਵਾਪਰੀ ਹਰ ਉਸ ਘਟਨਾ ਬਾਰੇ ਤੁਹਾਨੂੰ ਸਿਲਸਿਲੇਵਾਰ ਦਸਾਂਗੇ ਜਿਸ ਦਾ ਅਸਰ ਸਿੱਧੇ ਜਾਂ ਫਿਰ ਅਸਿੱਧੇ ਤੌਰ ‘ਤੇ ਤੁਹਾਡੇ ‘ਤੇ ਪਿਆ ।
1. ਸਭ ਤੋਂ ਪਹਿਲਾਂ ਗੱਲ ਰੂਸ-ਯੂਕਰੇਨ ਯੁੱਧ ਦੀ । ਸਾਲ 2022 ਦੀ ਸ਼ੁਰੂਆਤ ਜੰਗ ਦੇ ਸਾਹੇ ਹੇਠ ਹੋਈ । ਰੂਸ ਅਤੇ ਯੂਕਰੇਨ ਦੇ ਵਿਚਾਲੇ ਲੰਮੇ ਵਕਤ ਤੋਂ ਕੋਲਡ ਵਾਰ ਚੱਲ ਲਈ ਸੀ । NATO ਦੀਆਂ ਫੌਜਾ ਦਾ ਯੂਕਰੇਨ ਵਿੱਚ ਦਾਖਲ ਹੋਣਾ ਰੂਸ ਨੂੰ ਆਪਣੇ ਲਈ ਵੱਡਾ ਖਤਰਾ ਲੱਗਿਆ ਤਾਂ ਉਸ ਨੇ 24 ਫਰਵਰੀ ਨੂੰ ਯੂਕਰੇਨ ’ਤੇ ਹਮਲਾ ਕਰ ਦਿੱਤਾ,ਜੋ ਹੁਣ ਵੀ ਜਾਰੀ ਹੈ । ਇਸ ਜੰਗ ਕਾਰਨ ਕਈ ਉੱਜੜ ਗਏ,ਕਈ ਜਾਨੋਂ ਮਾਰੇ ਗਏ। ਇੱਕ ਰਿਪੋਰਟ ਨੇ ਸਭ ਦੇ ਪੈਰਾਂ ਥੱਲਿਉਂ ਜ਼ਮੀਨ ਖਿਸਕਾ ਦਿੱਤੀ ਹੈ। ਯੂਨਾਈਟੇਡ ਨੇਸ਼ਨਜ਼ ਹਾਈ ਕਮਿਸ਼ਨਰ ਫਾਰ ਰਫਿਊਜੀਜ਼ ਫਿਲੀਪੋ ਗ੍ਰੈਂਡੀ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਹੈ ਕਿ ਰੂਸ-ਯੂਕਰੇਨ ਜੰਗ ਕਰਕੇ ਹੁਣ ਤੱਕ 1 ਕਰੋੜ 40 ਲੱਖ ਯੂਕਰੇਨ ਵਾਸੀ ਉੱਜੜ ਚੁੱਕੇ ਹਨ। । ਜੰਗ ਨਾਲ ਜਿੰਨਾਂ ਨੁਕਸਾਨ ਯੂਕਰੇਨ ਦਾ ਹੋਇਆ ਹੈ ਉਨ੍ਹਾਂ ਹੀ ਰੂਸ ਦਾ ਵੀ ਹੋਇਆ ਹੈ । NATO ਦੇਸ਼ਾਂ ਨੇ ਯੂਕਰੇਨ ਨੂੰ ਹਥਿਆਰ ਸਪਲਾਈ ਕੀਤੇ ਜਿਸ ਦੀ ਬਦੌਲਤ ਯੂਕਰੇਨੀਅਨ ਫੌਜੀਆਂ ਨੇ ਰੂਸ ਦਾ ਡੱਟ ਕੇ ਮੁਕਾਬਲਾ ਕੀਤਾ। ਰੂਸ ਦੇ ਕਈ ਫੌਜੀ ਮਾਰ ਗਏ ਟੈਂਕ ਤਬਾਅ ਹੋ ਗਏ । 10 ਦਿਨਾਂ ਦੇ ਅੰਦਰ ਯੂਕਰੇਨ ਨੂੰ ਜਿੱਤਣ ਦਾ ਦਾਅਵਾ ਕਰਨ ਵਾਲਾ ਰੂਸ 10 ਮਹੀਨੇ ਬਾਅਦ ਵੀ ਯੂਕਰੇਨ ‘ਤੇ ਕਬਜ਼ਾ ਨਹੀਂ ਕਰ ਸਕਿਆ। ਰੂਸ ਹੁਣ ਜੰਗ ਰੋਕਣਾ ਚਾਉਂਦਾ ਹੈ ਪਰ ਆਪਣੇ ਆਪ ਪਿੱਛੇ ਹੱਟਣ ਦਾ ਮਤਲਬ ਹੋਵੇਗਾ ਦੁਨੀਆ ਦੇ ਸਾਹਮਣੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ। ਇਸੇ ਲਈ ਪੁਤੀਨ ਹੁਣ ਵਿੱਚ ਦਾ ਰਸਤਾ ਤਲਾਸ਼ ਰਹੇ ਹਨ।
2. ਯੂਕਰੇਨ ਦੀ ਜੰਗ ਤੋਂ ਬਾਅਦ 15 ਲੱਖ ਤੋਂ ਵੱਧ ਲੋਕ ਯੂਕਰੇਨ ਛੱਡ ਕੇ ਗੁਆਂਢੀ ਮੁਲਕਾਂ ਦੀ ਸ਼ਰਨ ਵਿੱਚ ਗਏ ਸਨ। ਯੂਕਰੇਨ ਅਤੇ ਰੂਸ ਦਰਮਿਆਨ ਜਾਰੀ ਜੰਗ ਨਾਲ ਯੂਕਰੇਨ ਦੀ ਆਰਥਿਕਤਾ ਨੂੰ 63 ਅਰਬ ਡਾਲਰ ਦਾ ਨੁਕਸਾਨ ਹੋਇਆ । ਇਹ ਅੰਦਾਜ਼ਾ ਕੀਵ ਸਕੂਲ ਆਫ਼ ਇਕਨਾਮਿਕਸ ਦਾ ਹੈ। 24 ਫਰਵਰੀ ਨੂੰ ਹੋਏ ਇਸ ਹਮਲੇ ਕਾਰਨ 4431 ਇਮਾਰਤਾਂ ਦਾ ਨੁਕਸਾਨ ਹੋਇਆ ਹੈ ਜਿਨ੍ਹਾਂ ਵਿੱਚ 378 ਸਕੂਲ ਅਤੇ 92 ਫੈਕਟਰੀਆਂ ਸ਼ਾਮਿਲ ਹਨ।
ਪੋਲੈਂਡ ਬਾਰਡਰ ਗਾਰਡ ਏਜੰਸੀ ਨੇ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਲੜਾਈ ਸ਼ੁਰੂ ਹੋਣ ਤੋਂ ਬਾਅਦ 20 ਲੱਖ ਲੋਕ ਯੂਕਰੇਨ ਤੋਂ ਪੋਲੈਂਡ ਪਹੁੰਚ ਗਏ ਹਨ।
3. ਯੂਕਰੇਨ ਦੀ ਜੰਗ ਸ਼ੁਰੂ ਹੋਣ ਤੋਂ ਬਾਅਦ ਦੁਨੀਆ ਭਰ ਦੇ ਨਾਗਰਿਕ ਉੱਥੇ ਫਸ ਗਏ ਸਨ । ਦੂਜੇ ਮੁਲਕਾਂ ਵਾਂਗ ਭਾਰਤ ਦੀ ਚਿੰਤਾ ਵੀ ਆਪਣੇ ਨਾਗਰਿਕਾਂ ਨੂੰ ਲੈਕੇ ਸੀ । ਕੇਂਦਰ ਸਰਕਾਰ ਵੱਲੋਂ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਤੋਂ ਕੱਢਣ ਦੇ ਲਈ ਆਪਰੇਸ਼ਨ ਗੰਗਾ ਚਲਾਇਆ ਗਿਆ । ਵੱਡੀ ਗਿਣਤੀ ਵਿੱਚ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਯੂਕਰੇਨ ਤੋਂ ਬਾਹਰ ਕੱਢਿਆ ਗਿਆ। ਰੋਜ਼ਾਨਾ ਕਈ ਉਡਾਨਾ ਯੂਕਰੇਨ ਦੇ ਲਈ ਰਵਾਨਾ ਹੁੰਦੀਆ ਸਨ । ਕੇਂਦਰ ਸਰਕਾਰ ਨੇ ਇਸ ਆਪਰੇਸ਼ਨ ਦੇ ਲਈ ਆਪਣੇ੍ ਮੰਤਰੀਆਂ ਨੂੰ ਵੀ ਉਤਾਰਿਆ ਸੀ । ਵਿਦੇਸ਼ ਰਾਜ ਮੰਤਰੀ ਜਨਰਲ ਵੀਕੇ ਸਿੰਘ ਅਤੇ ਕੇਂਦਰੀ ਹਰਦੀਪ ਸਿੰਘ ਪੁਰੀ ਨੂੰ ਇਸ ਮਿਸ਼ਨ ਦੀ ਕਮਾਨ ਸੌਂਪੀ ਗਈ। ਦੋਵਾਂ ਨੇ ਯੂਕਰੇਨ ਦੇ ਗੁਆਂਢੀ ਮੁਲਕਾਂ ਨਾਲ ਰਾਬਤਾ ਕਾਇਮ ਕਰਕੇ ਭਾਰਤੀ ਨਾਗਰਿਕਾਂ ਨੂੰ ਦੇਸ਼ ਸੁਰੱਖਿਅਤ ਪਹੁੰਚਾਇਆ ।
4. ਯੁਕਰੇਨ ਅਤੇ ਰੂਸ ਵਿਚਾਲੇ ਚੱਲ ਰਹੇ ਯੁੱਧ ਦੇ ਕਾਰਨ ਦੁਨੀਆ ਭਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਸੀ। ਯੂਕਰੇਨ ‘ਤੇ ਰੂਸ ਦੇ ਹਮਲੇ ਦੌਰਾਨ ਰੂਸ ਦੇ ਖ਼ਿਲਾਫ਼ ਸਖ਼ਤ ਪਾਬੰਦੀਆਂ ਦੇ ਵੱਧਦੇ ਦਬਾਅ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ 120 ਡਾਲਰ ਪ੍ਰਤੀ ਬੈਰਲ ਤੋਂ ਜ਼ਿਆਦਾ ਵੱਧ ਗਈਆਂ ਸਨ। ਇਸਦੇ ਨਾਲ ਹੀ ਦੁਨੀਆ ਭਰ ਦੇ ਸ਼ੇਅਰ ਬਜ਼ਾਰ ਵੀ ਤੇਜੀ ਨਾਲ ਥੱਲੇ ਡਿੱਗੇ ਹਨ। ਬ੍ਰੈਂਟ ਕੱਚਾ ਤੇਲ 10 ਫ਼ੀਸਦੀ ਤੋਂ ਜ਼ਿਆਦਾ ਵਧਿਆ ਹੈ ਜਦੋਂ ਕਿ ਅਮਰੀਕੀ ਕੱਚਾ ਤੇਲ 10 ਡਾਲਰ ਵੱਧ ਕੇ 125 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਿਆ ਸੀ।
5. ਸ਼੍ਰੀ ਲੰਕਾ ਨੂੰ ਲੰਘੇ ਕਈ ਦਹਾਕਿਆਂ ਦੇ ਸਭ ਤੋਂ ਵੱਡੇ ਵਿੱਤੀ ਸੰਕਟ ਦਾ ਸਾਹਮਣਾ ਪਿਆ। ਦੇਸ਼ ਵਿੱਚ ਪੈਟਰੋਲ,ਖਾਣ ਪੀਣ ਦੀਆਂ ਚੀਜ਼ਾਂ ਅਤੇ ਦਵਾਈਆਂ ਦੀ ਕਮੀ ਹੋ ਰਹੀ ਸੀ ਅਤੇ ਹਾਲਾਤ ਬਦ ਤੋਂ ਬਦਤਰ ਹੁੰਦੇ ਰਹੇ। ਜਿਸ ਦਾ ਨਤੀਜਾ ਇਹ ਹੋਇਆ ਕਿ ਜੁਲਾਈ ਵਿੱਚ ਲੋਕ ਸੜਕਾਂ ‘ਤੇ ਆ ਗਏ,ਲੋਕਾਂ ਨੇ ਸ਼੍ਰੀ ਲੰਕਾ ਦੀ ਰਾਜਧਾਨੀ ਕੋਲੰਬੋ ਵਿੱਚ ਸਰਕਾਰ ਵਿਰੋਧੀ ਮੁਜ਼ਾਹਰਾਕਾਰੀ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੀ ਸਰਕਾਰੀ ਰਿਹਾਇਸ਼ ਯਾਨੀ ਰਾਸ਼ਟਰਪਤੀ ਭਵਨ ਵਿੱਚ ਦਾਖਲ ਹੋ ਗਏ। ਸਥਾਨਕ ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਰਾਜਪਕਸ਼ੇ ਸੁਰੱਖਿਅਤ ਥਾਂ ਉੱਤੇ ਚਲੇ ਗਏ । ਤਕਰੀਬਨ ਇੱਕ ਮਹੀਨੇ ਤੱਕ ਸ੍ਰੀ ਲੰਕਾ ਵਿੱਚ ਕੁਝ ਅਜਿਹਾ ਹੀ ਮਾਹੌਲ ਸੀ । ਉਸ ਤੋਂ ਬਾਅਦ ਰਾਸ਼ਟਰਪਤੀ ਰਾਜਪਕਸ਼ੇ ਦੇ ਦੇਸ਼ ਛੱਡ ਦਿੱਤਾ ਅਤੇ ਆਪਣਾ ਅਸਤੀਫਾ ਭੇਜ ਦਿੱਤਾ । 21 ਜੁਲਾਈ ਨੂੰ ਰਨਿਲ ਵਿਕਰਮਾਸਿੰਘੇ ਨੇ ਸ੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਦੀ ਸਹੁੰ ਚੁੱਕੀ।
6. 2022 ਪਾਕਿਸਤਾਨ ਦੀ ਸਿਆਸਤ ਵਿੱਚ ਵੀ ਕਾਫੀ ਉੱਥਲ ਪੁੱਥਲ ਵਾਲਾ ਰਿਹਾ। 9 ਅਪ੍ਰੈਲ ਨੂੰ ਪਾਕਿਸਤਾਨ ਦੀ ਪਾਰਲੀਮੈਂਟ ਵਿੱਚ ਇਮਰਾਨ ਖਾਨ ਸਰਕਾਰ ਦੇ ਖਿਲਾਫ਼ ਬੇਭਰੋਸਗੀ ਮਤਾ ਪਾਸ ਹੋਇਆ । ਉਨ੍ਹਾਂ ਦੀ ਆਪਣੀ ਪਾਰਟੀ ਦੇ ਐੱਮਪੀ ਉਨ੍ਹਾਂ ਦੇ ਖਿਲਾਫ ਹੋ ਗਏ । ਇਮਰਾਨ ਖਾਨ ਨੇ ਇਸ ਦੇ ਪਿੱਛੇ ਅਮਰੀਕਾ ਨੂੰ ਜ਼ਿੰਮੇਵਾਰ ਦੱਸਿਆ । ਇਮਰਾਨ ਖਾਨ ਦੇ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਨਵਾਜ਼ ਸ਼ਰੀਫ ਦੀ ਮੁਸਲਿਮ ਲੀਗ ਅਤੇ ਭੁਟੋ ਦੀ ਪਾਕਿਸਤਾਨ ਪੀਪਲਸ ਪਾਰਟੀ ਨੇ ਮਿਲ ਕੇ ਸਰਕਾਰ ਬਣਾਈ। ਨਵਾਜ਼ ਸ਼ਰੀਫ ਦੇ ਭਰਾ ਸ਼ਾਹਬਾਜ਼ ਸ਼ਰੀਫ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਚੁਣੇ ਗਏ । 2022 ਵਿੱਚ ਪਾਕਿਸਤਾਨ ਦੀ ਸਭ ਤੋਂ ਕੱਟਣ ਦੁਸ਼ਮਣ ਸਿਆਸੀ ਪਾਰਟੀਆਂ ਨੇ ਹੱਥ ਮਿਲਾਕੇ ਇਮਰਾਨ ਖਾਨ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ।
7. ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ‘ਤੇ ਜਾਨਲੇਵਾ ਹਮਲਾ ਵੀ ਕਾਫੀ ਚਰਚਾ ਵਿੱਚ ਰਿਹਾ । ਲਾਂਗ ਮਾਰਚ ਦੌਰਾਨ ਉਨ੍ਹਾਂ ਦੇ ਕਾਫਲੇ ‘ਤੇ ਗੁੱਜਰਾਂਵਾਲਾ ਵਿੱਚ ਗੋਲੀਆਂ ਚੱਲੀਆਂ । ਇਸ ਵਾਰਦਾਤ ਵਿੱਚ ਇਮਰਾਨ ਖ਼ਾਨ ਦੇ ਪੈਰ ‘ਤੇ ਵੀ ਗੋਲੀ ਲੱਗੀ ਸੀ । ਇਸ ਤੋਂ ਇਲਾਵਾ ਉਨ੍ਹਾਂ ਦੇ 4 ਹਿਮਾਇਤੀ ਵੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਏ ਸਨ। ਇਮਰਾਨ ਖਾਨ ਨੇ ਆਪਣੇ ‘ਤੇ ਹੋਏ ਹਮਲੇ ਲਈ ਮੌਜੂਦਾ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਸੀ।
8. ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਸ਼ਰੇਆਮ ਕਤਲ ਦੀ ਵਾਰਤਾਤ ਨੇ ਪੂਰੀ ਦੁਨੀਆ ਨੂੰ ਹਿੱਲਾ ਦਿੱਤਾ। ਜਾਪਾਨ ਵਰਗੇ ਮੁਲਕ ਵਿੱਚ ਅਜਿਹੀ ਵਾਰਦਾਤ ਦਾ ਸਾਹਮਣੇ ਆਉਣਾ ਸਭ ਦੇ ਲ਼ਈ ਹੈਰਾਨਜਨਕ ਸੀ । ਸ਼ਿੰਜੋ ਜਿਸ ਵੇਲੇ ਆਬੇ ਨਾਰਾ ਸ਼ਹਿਰ ਵਿੱਚ ਇੱਕ ਪ੍ਰਚਾਰ ਸਮਾਗਮ ਦੌਰਾਨ ਭਾਸ਼ਣ ਦੇ ਰਹੇ ਸਨ ਉਸੇ ਵੇਲੇ ਇੱਕ ਸ਼ਖਸ ਨੇ ਉਨ੍ਹਾਂ ‘ਤੇ ਗੋਲੀਆਂ ਚੱਲਾ ਦਿੱਤੀਆਂ। ਘਟਨਾ ਵਾਲੀ ਥਾਂ ਤੋਂ ਗੋਲੀ ਚਲਾਉਣ ਵਾਲੇ ਮੁਲਜ਼ਮ ਨੂੰ ਫੜ ਲਿਆ ਗਿਆ ਸੀ । ਸ਼ਿੰਜੋ ਜਦੋਂ ਜਾਪਾਨ ਦੇ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਦਾ ਭਾਰਤ ਨਾਲ ਕਾਫੀ ਚੰਗਾ ਰਿਸ਼ਤਾ ਸੀ । ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉਨ੍ਹਾਂ ਨੂੰ ਆਪਣਾ ਦੋਸਤ ਕਹਿੰਦੇ ਸਨ। ਇਸੇ ਲਈ ਪੀਐੱਮ ਮੋਦੀ ਆਪ ਸ਼ਿਜੋ ਨੂੰ ਸ਼ਰਧਾਂਜਲੀ ਦੇਣ ਦੇ ਲਈ ਜਾਪਾਨ ਗਏ ਸਨ।
9. ਬ੍ਰਿਟੇਨ ਦੇ ਲਈ ਭਾਵੇ 2022 ਦਾ ਸਾਲ ਚੁਣੌਤੀਆਂ ਭਰਪੂਰ ਰਿਹਾ । ਦੇਸ਼ ਨੂੰ ਇੱਕ ਸਾਲ ਦੇ ਅੰਦਰ ਤੀਜਾ ਪ੍ਰਧਾਨ ਮੰਤਰੀ ਮਿਲਿਆ। ਪਰ ਇੰਗਲੈਂਡ ਵਿੱਚ ਰਹਿ ਰਹੇ ਭਾਰਤੀਆਂ ਲਈ ਮਾਣ ਦੀ ਇਹ ਗੱਲ ਸੀ ਕਿ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ । ਬਾਰਿਸ ਜਾਨਸਨ ਤੋਂ ਬਾਅਦ ਲਿਸ ਟਰਸ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਮਿਲੀ ਪਰ ਉਹ ਸਵਾ ਮਹੀਨਾ ਹੀ ਅਹੁਦੇ ‘ਤੇ ਰਹਿ ਸਕੀ । ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਵੱਲੋਂ ਲਏ ਗਏ ਫੈਸਲਿਆਂ ਦੀ ਵਜ੍ਹਾ ਕਰਕੇ ਦੇਸ਼ ਵੱਡੇ ਆਰਥਿਕ ਸੰਕਟ ਵਿੱਚ ਫਸ ਗਿਆ। ਜਿਸ ਤੋਂ ਬਾਅਦ ਲਿਸ ਟਰਸ ਨੇ ਅਸਤੀਫੇ ਦੇ ਦਿੱਤਾ ਅਤੇ ਰਿਸ਼ੀ ਸੁਨਕ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ । ਹਾਲਾਂਕਿ ਸੁਨਕ ਦੇ ਸਾਹਮਣੇ ਵੀ ਵੱਡੀ ਚੁਣੌਤੀਆਂ ਹਨ। ਪਰ ਕੋਰੋਨਾ ਸਮੇਂ ਦੇਸ਼ ਦਾ ਵਿੱਤ ਮੰਤਰੀ ਰਹਿੰਦੇ ਹੋਏ ਉਨ੍ਹਾਂ ਨੇ ਜਿਸ ਤਰ੍ਹਾਂ ਅਰਥਚਾਰੇ ਨੂੰ ਸੰਭਾਲਿਆ ਸੀ ਉਨ੍ਹਾਂ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਹਨ। ਰਿਸ਼ੀ ਸੁਨਕ ਦੇ ਦਾਦਾ ਪੰਜਾਬ ਤੋਂ ਹੀ ਪਹਿਲਾਂ ਦੱਖਣੀ ਅਫਰੀਕਾ ਪਹੁੰਚੇ ਅਤੇ ਫਿਰ ਇੰਗਲੈਂਡ ਵੀ ਸੈਟਲ ਹੋ ਗਏ ਸਨ।
10. ਇਸ ਸਾਲ ਇਰਾਨ ਵਿੱਚ ਹਿਜਾਬ ਦਾ ਸ਼ੋਰ ਸੁਣਾਈ ਦਿੱਤਾ । ਮਹਿਲਾਵਾਂ ਨੇ ਹਿਜਾਬ ਨੂੰ ਬੈਨ ਕਰਨ ਲਈ ਪੂਰੇ ਦੇਸ਼ ਵਿੱਚ ਮੁਹਿੰਮ ਛੇੜ ਦਿੱਤੀ । ਵੱਡੀ ਗਿਣਤੀ ਵਿੱਚ ਪੁਰਸ਼ ਵੀ ਮਹਿਲਾਵਾਂ ਦੇ ਹੱਕ ਵਿੱਚ ਸੜਕਾਂ ‘ਤੇ ਉਤਰੇ । ਜਿਸ ਨੂੰ ਦਬਾਉਣ ਦੇ ਲਈ ਇਰਾਨ ਸਰਕਾਰ ਨੇ ਪ੍ਰਦਰਸ਼ਨਕਾਰੀਆਂ ‘ਤੇ ਤਸ਼ਦੱਦ ਕੀਤੀ । ਇਰਾਨ ਤੋਂ ਸਾਹਮਣੇ ਆਈਆਂ ਤਸਵੀਰਾਂ ਨੇ ਪੂਰੀ ਦੁਨੀਆ ਨੂੰ ਹਿੱਲਾ ਦਿੱਤਾ । ਦੁਨੀਆ ਵਿੱਚ ਬੈਠੇ ਮਨੁੱਖੀ ਅਧਿਕਾਰੀ ਦੀ ਲੜਾਈ ਲੜਨ ਵਾਲੀਆਂ ਜਥੇਬੰਦੀਆਂ ਨੇ ਇਰਾਨ ਦੀ ਕਾਫੀ ਅਲੋਚਨਾ ਕੀਤਾ । FIFA WORLD ਵਿੱਚ ਵੀ ਇਸ ਦਾ ਅਸਰ ਵਿਖਾਈ ਦਿੱਤਾ। ਇਰਾਨ ਦੀ ਟੀਮ ਜਦੋਂ ਮੈਦਾਨ ‘ਤੇ ਉਤਰੀ ਤਾਂ ਖਿਡਾਰੀਆਂ ਨੇ ਕੌਮੀ ਰਾਸ਼ਟਰਗਾਨ ਨਹੀਂ ਗਾਇਆ। ਇਰਾਨ ਵਿੱਚ ਇੱਕ ਪ੍ਰਦਰਸ਼ਨਕਾਰੀ ਨੂੰ 4 ਦਿਨਾਂ ਵਿੱਚ ਸ਼ਰੇਆਮ ਫਾਂਸੀ ‘ਤੇ ਲਟਕਾ ਦਿੱਤਾ । ਉਸ ਦਾ ਕਸੂਰ ਸਿਰਫ਼ ਇੰਨਾਂ ਸੀ ਕਿ ਉਹ ਮਹਿਲਾਵਾਂ ਦੇ ਹੱਕ ਵਿੱਚ ਸੜਕਾਂ ‘ਤੇ ਪ੍ਰਦਰਸ਼ਨ ਕਰ ਰਿਹਾ ਸੀ ਇਸ ਦੌਰਾਨ ਉਸ ਦੀ ਇਰਾਨ ਦੀ ਪੁਲਿਸ ਨਾਲ ਝੜਪ ਹੋਈ ਅਤੇ ਕੁਝ ਮੁਲਾਜ਼ਮ ਜਖ਼ਮੀ ਹੋ ਗਏ ਸਨ ।
11 . ਇਰਾਨ ਤੋਂ ਬਾਅਦ ਅਫਗਾਨੀਸਤਾਨ ਵਿੱਚ ਵੀ ਤਾਲੀਬਾਨ ਹਕੂਮਤ ਨੇ ਇੱਕ ਵਾਰ ਮੁੜ ਤੋਂ ਮਹਿਲਾਵਾਂ ਖਿਲਾਫ ਪਾਬੰਦੀਆਂ ਦਾ ਐਲਾਨ ਸ਼ੁਰੂ ਕਰ ਦਿੱਤਾ। ਤਾਲਿਬਾਨ ਨੇ ਔਰਤਾਂ ਦੀ ਯੂਨੀਵਰਸਿਟੀ ਸਿੱਖਿਆ ‘ਤੇ ਪਾਬੰਦੀ ਲਗਾ ਦਿੱਤੀ । ਸਰਕਾਰ ਵੱਲੋਂ ਇੱਕ ਪੱਤਰ ਜਾਰੀ ਕਰਕੇ ਕਿਹਾ ਗਿਆ ਕਿ ਕੁੜੀਆਂ ਦੀ ਯੂਨੀਵਰਸਿਟੀ ਸਿੱਖਿਆ ਵਿੱਚ ਅਣਮਿੱਥੇ ਸਮੇਂ ਲਈ ਪਾਬੰਦੀ ਲਗਾਈ ਜਾਂਦੀ ਹੈ। ਉਚੇਰੀ ਸਿੱਖਿਆ ਮੰਤਰਾਲੇ ਨੇ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਜਾਰੀ ਕੀਤੇ ਹੁਕਮਾਂ ਵਿੱਚ ਕਿਹਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅਗਲੇ ਨੋਟਿਸ ਤੱਕ ਔਰਤਾਂ ਦੀ ਸਿੱਖਿਆ ਨੂੰ ਮੁਅੱਤਲ ਕਰਨ ਦੇ ਹੁਕਮ ਨੂੰ ਲਾਗੂ ਕੀਤਾ ਜਾਵੇ। ਇਸ ਤੋਂ ਪਹਿਲਾਂ ਤਾਲੀਬਾਨ ਨੇ ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਬਾਅਦ ਪੁਰਸ਼ਾਂ ਦੇ ਸਕੂਲਾਂ ਵਿਚ ਕੁੜੀਆਂ ਦੀ ਪੜਾਈ ‘ਤੇ ਪੂਰੀ ਤਰ੍ਹਾਂ ਨਾਲ ਰੋਕ ਲੱਗਾ ਦਿੱਤੀ ਸੀ ।
12 . ਇਸ ਸਾਲ ਪਾਕਿਸਤਾਨ ਵਿੱਚ ਮੀਂਹ ਨੇ ਕਹਿਰ ਮਚਾਇਆ। ਮੀਂਹ ਦੀ ਵਜ੍ਹਾ ਕਰਕੇ ਪਾਕਿਸਤਾਨ ਦੇ ਕਈ ਸ਼ਹਿਰ ਹੜ੍ਹ ਦੀ ਚਪੇਟ ਵਿੱਚ ਆ ਗਏ । ਘਰ ਟੁੱਟ ਗਏ,ਲੋਕ ਉਜੜ ਗਏ,ਪਾਕਿਸਤਾਨ ਤੋਂ ਦਰਦਨਾਕ ਤਸਵੀਰਾਂ ਨੇ ਪੂਰੀ ਦੁਨੀਆ ਨੂੰ ਪਰੇਸ਼ਾਨ ਕੀਤਾ । ਅੰਕੜਿਆਂ ਮੁਤਾਬਿਕ ਹੜ ਦੀ ਵਜ੍ਹਾ ਕਰਕੇ ਪਾਕਿਸਤਾਨ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋਈ ਅਤੇ ਪਸ਼ੂ ਵੀ ਵੱਡੀ ਗਿਣਤੀ ਵਿੱਚ ਮਰੇ । ਹੜ ਵਿੱਚ ਤਕਰੀਬਨ 6 ਲੱਖ 80 ਹਜ਼ਾਰ ਘਰ ਤਬਾਅ ਹੋ ਗਏ ਸਨ। ਫੌਜ ਨੂੰ ਲੋਕਾਂ ਦੀ ਮਦਦ ਲਈ ਉਤਾਰਨਾ ਪਿਆ ਸੀ । ਪਾਕਿਸਤਾਨ ਦੀ ਆਫ਼ਤ ਪ੍ਰਬੰਧਨ ਏਜੰਸੀ ਨੇ ਕਿਹਾ ਕਿ 3,000 ਕਿ.ਮੀ. 150 ਤੋਂ ਵੱਧ ਸੜਕਾਂ, ਕਰੀਬ 150 ਪੁਲ ਅਤੇ ਕਰੀਬ ਸੱਤ ਲੱਖ ਘਰ ਤਬਾਹ ਹੋ ਗਏ ਹਨ।
13. ਅਗਸਤ ਵਿੱਚ ਪਾਕਿਸਤਾਨ ਤੋਂ ਖਬਰ ਆਈ ਕਿ 17 ਸਾਲ ਦੀ ਇੱਕ ਸਿੱਖ ਕੁੜੀ ਨੂੰ ਕਿਡਨੈੱਪ ਕਰ ਲਿਆ ਗਿਆ ਹੈ । ਉਸ ਤੋਂ ਬਾਅਦ ਕਿਹਾ ਗਿਆ ਕੁੜੀ ਨੇ ਆਪਣੀ ਮਰਜ਼ੀ ਦੇ ਨਾਲ ਇਸਲਾਮ ਕਬੂਲ ਕਰ ਲਿਆ ਹੈ। ਜਿਸ 17 ਸਾਲ ਦੀ ਕੁੜੀ ਨੂੰ ਕਿਡਨੈਪ ਕੀਤਾ ਗਿਆ ਸੀ ਉਹ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਪੰਜਾ ਸਾਹਿਬ ਦੇ ਗ੍ਰੰਥੀ ਦੀ ਕੁੜੀ ਸੀ । ਦਿੱਲੀ ਸਿੱਖ ਗੁਰਦਆਰਾ ਪ੍ਰਬੰਧਕ ਕਮੇਟੀ ਨੇ ਇਹ ਮੁੱਦਾ ਭਾਰਤੀ ਵਿਦੇਸ਼ ਮੰਤਰਾਲੇ ਦੇ ਸਾਹਮਣੇ ਚੁੱਕਿਆ ।
14. ਤਾਲਿਬਾਨੀ ਰਾਜ ਵਿੱਚ ਅਫਗਾਨਿਸਤਾਨ ਹੁਣ ਸਿੱਖਾਂ ਲਈ ਮਹਿਫੂਜ਼ ਨਹੀਂ ਰਿਹਾ। ਇਸ ਲਈ ਵੱਡੀ ਗਿਣਤੀ ਵਿੱਚ ਸਿੱਖ ਅਫਗਾਨਿਸਤਾਨ ਤੋਂ ਭਾਰਤ ਪਰਤੇ। ਭਾਰਤ ਸਰਕਾਰ ਅਤੇ SGPC ਨੇ ਸਿੱਖਾਂ ਨੂੰ ਭਾਰਤ ਲਿਆਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ । 26 ਸਤੰਬਰ ਨੂੰ 55 ਸਿੱਖ ਸਪੈਸ਼ਲ ਫਲਾਈਟ ਰਾਹੀ ਭਾਰਤ ਪਰਤੇ। ਇਸ ਵਕਤ ਅਫਗਾਨਿਸਤਾਨ ਵਿੱਚ ਸਿਰਫ਼ 40 ਸਿੱਖ ਹੀ ਬਚੇ ਹਨ ਜੋ ਅਫਗਾਨਿਸਥਾਨ ਵਿੱਚ ਸਿੱਖ ਗੁਰਧਾਮਾਂ ਦੀ ਸੇਵਾ ਸੰਭਾਲ ਕਰ ਰਹੇ ਹਨ। ਪਿਛਲੇ ਸਾਲ ਜਦੋਂ ਤਾਲਿਬਾਨ ਨੇ ਅਫਗਾਨਿਸਤਾਨ ਦੀ ਹਕੂਮਤ ਸੰਭਾਲੀ ਸੀ ਤਾਂ ਵੱਡੀ ਗਿਣਤੀ ਵਿੱਚ ਭਾਰਤੀਆਂ ਨੂੰ ਦੇਸ਼ ਲਿਆਇਆ ਗਿਆ ਸੀ ਜਿੰਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਵੀ ਸ਼ਾਮਲ ਸਨ। ਅੰਕੜਿਆ ਮੁਤਾਬਿਕ ਤਕਰੀਬਨ 20 ਹਜ਼ਾਰ ਅਫਗਾਨੀ ਸਿੱਖਾਂ ਨੇ ਭਾਰਤ ਵਿੱਚ ਸ਼ਰਨ ਲਈ ਹੋਈ ਹੈ ।
15. ਇਸ ਸਾਲ ਅਮਰੀਕਾ ਤੋਂ ਸਿੱਖਾਂ ਦੇ ਲਈ ਖੁਸ਼ਖਬਰੀ ਆਈ । ਮਰੀਨ ਵਿੱਚ ਸਿੱਖਾਂ ਨੂੰ ਆਪਣੇ ਸਾਬਤ ਸੂਰਤ ਸਰੂਪ ਵਿੱਚ ਡਿਊਟੀ ਕਰਨ ਦਾ ਹੱਕ ਮਿਲ ਗਿਆ ਹੈ । ਅਮਰੀਕਨ ਅਦਾਲਤ ਨੇ ਮਰੀਨ ਦੇ ਸਿੱਖਾਂ ਨੂੰ ਦਾੜ੍ਹੀ ਰੱਖਣ ਅਤੇ ਦਸਤਾਰ ਸਜਾਉਣ ਦੀ ਇਜਾਜ਼ਤ ਦੇਣ ਦਾ ਫੈਸਲਾ ਸੁਣਾਇਆ। ਕਿਉਂਕਿ ਪਹਿਲਾਂ ਹੀ ਅਮਰੀਕੀ ਫੌਜ, ਨੇਵੀ, ਏਅਰ ਫੋਰਸ ਅਤੇ ਕੋਸਟ ਗਾਰਡ ਸਿੱਖ ਧਰਮ ਦੇ ਧਾਰਮਿਕ ਰੀਤੀ ਰਿਵਾਜਾਂ ਨੂੰ ਮਾਨਤਾ ਦਿੰਦੇ ਹਨ। ਪਿਛਲੇ ਸਾਲ ਮਰੀਨ ਕਾਰਪਸ ਨੇ 13 ਹਫਤਿਆਂ ਦੀ ਮੁੱਢਲੀ ਸਿਖਲਾਈ ਦੇ ਸਮੇਂ ਦੌਰਾਨ ਤਿੰਨ ਸਿੱਖਾਂ ਨੂੰ ਕੇਸ ਰੱਖਣ ਅਤੇ ਪੱਗ ਬੰਨ੍ਹਣ ਦੇ ਨਿਯਮਾਂ ਤੋਂ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ‘ਤੇ ਸਿੱਖ ਫੌਜੀਆਂ ਨੇ ਅਦਾਲਤ ਤੱਕ ਪਹੁੰਚ ਕੀਤੀ ਸੀ। ਵਾਸਿ਼ੰਗਟਨ ਵਿੱਚ ਅਮਰੀਕੀ ਅਦਾਲਤ ਆਫ ਅਪੀਲਜ਼ ਦੀ ਤਿੰਨ ਜੱਜਾਂ ਦੀ ਬੈਂਚ ਨੇ ਮੈਰੀਨ ਅਸਹਿਮਤੀ ਪ੍ਰਗਟਾਈ ਸੀ ਤੇ ਕਿਹਾ ਹੈ ਕਿ ਅਦਾਲਤ ਵਿੱਚ ਅਜਿਹਾ ਕੋਈ ਤਰਕ ਪੇਸ਼ ਨਹੀਂ ਕੀਤਾ ਗਿਆ ਹੈ, ਜਿਸ ਰਾਹੀਂ ਇਹ ਸਾਬਤ ਹੁੰਦਾ ਹੋਵੇ ਕਿ ਦਾੜੀ ਅਤੇ ਪੱਗ ਨਾਲ ਸੁਰੱਖਿਆ ਪ੍ਰਭਾਵਤ ਹੁੰਦੀ ਹੈ ਜਾਂ ਸਰੀਰਕ ਤੌਰ ‘ਤੇ ਸਿਖਲਾਈ ਵਿੱਚ ਰੁਕਾਵਟ ਆਉਂਦੀ ਹੈ।
16. ਇਸ ਸਾਲ ਸੱਤ ਸਮੁੰਦਰ ਪਾਰ ਪੰਜਾਬੀ ਬੋਲੀ ਦੇ ਸਤਿਕਾਰ ਵਿੱਚ ਵਾਧਾ ਹੋਇਆ। ਆਸਟਰੇਲੀਆ ’ਚ ਪੰਜਾਬੀ ਭਾਸ਼ਾ ਨੂੰ ਦੇਸ਼ ਦੀਆਂ ਪਹਿਲੀਆਂ 10 ਭਾਸ਼ਾਵਾਂ ’ਚ ਸ਼ਾਮਲ ਕੀਤਾ ਗਿਆ। ਇਸ ਨਾਲ ਹੁਣ ਆਸਟ੍ਰੇਲੀਆ ‘ਚ ਰਹਿਣ ਵਾਲੇ ਸਕੂਲੀ ਵਿਦਿਆਰਥੀ ਵਿਸ਼ੇ ਵਜੋਂ ਪੰਜਾਬੀ ਪੜ੍ਹ ਸਕਦੇ ਹਨ। ਇਸ ਦੇ ਨਾਲ ਵਿਦੇਸ਼ਾਂ ਤੋਂ ਆਏ ਲੋਕ ਆਸਟ੍ਰੇਲੀਆ ’ਚ ਰਹਿ ਕੇ ਵੀ ਪੰਜਾਬੀ ਭਾਸ਼ਾ ਨਾਲ ਜੁੜੇ ਰਹਿ ਸਕਦੇ ਹਨ। ਆਸਟਰੇਲੀਆ ਸਰਕਾਰ ਨੇ ਆਪਣੀ ਖੁੱਲ ਦਿਲੀ ਦਾ ਸਬੂਤ ਦਿੰਦੇ ਹੋਏ ਦੂਜੇ ਦੇਸ਼ਾਂ ਤੋਂ ਆ ਕੇ ਵਸੇ ਲੋਕਾਂ ਨੂੰ ਇਹ ਸਹੂਲਤ ਦਿੱਤੀ ਸੀ ਕਿ ਉਹ ਆਪਣੀ ਮਾਂ ਬੋਲੀ ਨੂੰ ਵਾਧੂ ਵਿਸ਼ੇ ਵਜੋਂ ਪੜ ਸਕਦੇ ਹਨ ਤੇ ਇਸੇ ਲਈ ਉਥੋਂ ਦੀ ਸਰਕਾਰ ਨੇ ਪੰਜਾਬੀ ਵਿਸ਼ੇ ਨੂੰ ਵੀ ਵਾਧੂ ਵਿਸ਼ੇ ਵਜੋਂ ਮਾਨਤਾ ਦਿੱਤੀ ਹੈ।
17. ਇਸੇ ਸਾਲ ਪਾਕਿਸਤਾਨ ਵਿੱਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਮਿਲੀ ਹੈ। ਪਾਕਿਸਤਾਨ ਵਿੱਚ ਮਰਦਮਸ਼ੁਮਾਰੀ ਵੇਲੇ ਹੁਣ ਸਿੱਖ ਭਾਈਚਾਰੇ ਨੂੰ ਇੱਕ ਵੱਖਰੀ ਕੌਮ ਮੰਨਿਆ ਗਿਆ। ਪਾਕਿਸਤਾਨ ਦੇ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ’ਤੇ ਇਹ ਫ਼ੈਸਲਾ ਲਿਆ ਗਿਆ । ਜਿਸ ਦੇ ਤਹਿਤ ਪਾਕਿਸਤਾਨ ਅੰਕੜਾ ਬਿਊਰੋ ਵੱਲੋਂ ਮਰਦਮਸ਼ੁਮਾਰੀ ਫਾਰਮ ਵਿਚ ਸਿੱਖਾਂ ਦੀ ਗਿਣਤੀ ਵਾਸਤੇ ਸਿੱਖ ਭਾਈਚਾਰੇ ਨੂੰ ਇਕ ਵੱਖਰੇ ਖਾਨੇ ਵਿਚ ਦਰਜ ਕੀਤਾ ਜਾਵੇਗਾ।
18. ਇਸੇ ਸਾਲ ਕੈਨੇਡਾ ਸਰਕਾਰ ਨੇ ਓਪਨ ਵਰਕ ਪਰਮਿਟ ਧਾਰਕਾਂ ਲਈ ਵੱਡਾ ਐਲਾਨ ਕੀਤਾ ਹੈ। ਇਸ ਐਲ਼ਾਨ ਮੁਤਾਬਿਕ 2023 ਤੋਂ ਪਰਮਿਟ ਧਾਰਕਾਂ ਦੇ ਜੀਵਨ ਸਾਥੀ ਇੱਥੇ ਕੰਮ ਕਰ ਸਕਣਗੇ। ਇਸ ਕਦਮ ਨਾਲ ਭਾਰਤੀਆਂ ਨੂੰ ਵੀ ਫਾਇਦਾ ਹੋਵੇਗਾ ਕਿਉਂਕਿ ਓਪਨ ਵਰਕ ਪਰਮਿਟ ਧਾਰਕਾਂ ’ਚ ਵੱਡੀ ਗਿਣਤੀ ’ਚ ਭਾਰਤੀ ਵੀ ਸ਼ਾਮਲ ਹਨ। ਓਪਨ ਵਰਕ ਪਰਮਿਟ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ’ਚ ਕਿਸੇ ਵੀ ਮਾਲਿਕ ਲਈ ਜਾਇਜ਼ ਤਰੀਕੇ ਨਾਲ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਤੋਂ ਇਲਾਵਾ ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਦੇ ਲਈ ਹਫਤੇ ਵਿੱਚ 20 ਘੰਟੇ ਕੰਮ ਕਰਨ ਦੀ ਹੱਦ ਨੂੰ ਖਤਮ ਕਰ ਦਿੱਤਾ। ਦੇਸ਼ ਵਿੱਚ ਲੇਬਰ ਦੀ ਕਮੀ ਨੂੰ ਵੇਖ ਦੇ ਹੋਏ ਕੈਨੇਡਾ ਸਰਕਾਰ ਨੇ ਇਹ ਫੈਸਲਾ ਲਿਆ ।
19. ਇਸ ਸਾਲ ਅਮਰੀਕਾ ਵਿਚ ਸਮਲਿੰਗੀ ਵਿਆਹ ਦੇ ਕਾਨੂੰਨੀ ਨੂੰ ਮਨਜ਼ੂਰੀ ਮਿਲ ਗਈ। ਰਾਸ਼ਟਰਪਤੀ ਜੋਅ ਬਾਇਡਨ ਨੇ ਹਜ਼ਾਰਾਂ ਲੋਕਾਂ ਦੀ ਮੌਜੂਦਗੀ ਵਿੱਚ ਸਮਲਿੰਗੀ ਵਿਆਹ ਨੂੰ ਕਾਨੂੰਨੀ ਬਣਾਉਣ ਵਾਲੇ ਬਿੱਲ ‘ਤੇ ਦਸਤਖਤ ਕੀਤੇ । ਸਭ ਤੋਂ ਪਹਿਲਾਂ ਅਮਰੀਕੀ ਸੰਸਦ ਦੇ ਹੇਠਲੇ ਸਦਨ ‘ਹਾਊਸ ਆਫ ਰਿਪ੍ਰਜ਼ੈਂਟੇਟਿਵ’ ਨੇ ਸਮਲਿੰਗੀ ਵਿਆਹਾਂ ਨੂੰ ਸੁਰੱਖਿਆ ਦੇਣ ਵਾਲੇ ਬਿੱਲ ਨੂੰ ਅੰਤਿਮ ਮਨਜ਼ੂਰੀ ਦਿੱਤੀ ਸੀ। ਇਸ ਨੂੰ ਸੰਸਦ ਦੇ ਉਪਰਲੇ ਸਦਨ ‘ਸੈਨੇਟ’ ‘ਚ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਸੀ।
20. ਦੁਨੀਆ ਦੇ ਸਭ ਤੋਂ ਵੱਡੇ ਅਮੀਰਾਂ ਵਿੱਚੋਂ ਇੱਕ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਨੇ ਇਸ ਸਾਲ ਵੱਡਾ ਐਲਾਨ ਕੀਤਾ । ਬੇਜੋਸ ਨੇ ਆਪਣੀ 124 ਬਿਲੀਅਨ ਡਾਲਰ ਯਾਨੀ 10 ਲੱਖ ਕਰੋੜ ਰੁਪਏ ਦੀ ਜਾਇਦਾਦ ਦਾ ਜ਼ਿਆਦਾਤਰ ਹਿੱਸਾ ਚੈਰਿਟੀ ਲਈ ਦਾਨ ਕਰਨ ਦੀ ਯੋਜਨਾ ਬਣਾਈ । ਅਮੇਜ਼ਨ ਦੇ CEO ਦੇ ਅਹੁਦੇ ਤੋਂ ਸੇਵਾਮੁਕਤ ਹੋਏ ਜੈਫ ਨੇ ਇੱਕ ਇੰਟਰਵਿਊ ‘ਚ ਆਪਣੀ ਜਾਇਦਾਦ ਦਾ ਖੁਲਾਸਾ ਕੀਤਾ ਸੀ। ਜੈਫ ਦਾ ਕਹਿਣਾ ਸੀ ਕਿ ਉਹ ਆਪਣੀ ਦੌਲਤ ਦਾ ਵੱਡਾ ਹਿੱਸਾ ਜਲਵਾਯੂ ਤਬਦੀਲੀ ਨਾਲ ਲੜਨ ਲਈ ਸਮਰਪਿਤ ਕਰਨਾ ਚਾਹੁੰਦਾ ਹਨ।
21. ਨਵੰਬਰ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਡੀਲ ਨੇਪੜੇ ਚੜੀ । ਏਨਲ ਮਸਕ ਨੇ 44 ਬਿਲੀਅਨ ਡਾਲਰ ਵਿੱਚ ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਨੂੰ ਖਰੀਦ ਲਿਆ । ਟਵਿਟਰ ਦਾ ਮਾਲਕ ਬਣਨ ਤੋਂ ਬਾਅਦ ਪੂਰੀ ਦੁਨੀਆ ਵਿੱਚ ਹੰਗਾਮਾ ਮੱਚ ਗਿਆ। ਮਸਕ ਨੇ ਆਉਂਦੇ ਹੀ ਟਵਿੱਟਰ ਦੇ ਵੱਡੇ-ਵੱਡੇ ਅਧਿਕਾਰੀਆਂ ਨੂੰ ਅਹੁਦੇ ਤੋਂ ਹਟਾ ਦਿੱਤਾ । ਸਭ ਤੋਂ ਪਹਿਲਾਂ ਟਵਿਟਰ ਦੇ CEO ਪਰਾਗ ਅਗਰਵਾਲ ਨੂੰ ਹਟਾਇਆ ਗਿਆ। ਇਸ ਤੋਂ ਬਾਅਦ ਟਵਿਟਰ ਦੇ ਮੁਲਾਜ਼ਮਾਂ ਨੂੰ ਇੱਕ ਈ-ਮੇਲ ਭੇਜੀ ਗਈ ਕਿ ਉਹ ਆਫਿਸ ਆਉਣ ਤੋਂ ਪਹਿਲਾਂ ਆਪਣੀ ਈ-ਮੇਲ ਪੜ੍ਹ ਲੈਣ। ਕੰਪਨੀ ਵੱਲੋਂ 2 ਤਰ੍ਹਾਂ ਦੀ ਈਮੇਲ ਭੇਜੀ ਗਈ । ਇੱਕ ਮੇਲ ਵਿੱਚ ਜਿੰਨਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਸੀ ਉਨ੍ਹਾਂ ਦਾ ਨਾਂ ਸੀ ਜਦਕਿ ਦੂਜੀ ਮੇਲ ਉਨ੍ਹਾਂ ਮੁਲਾਜ਼ਮਾਂ ਨੂੰ ਭੇਜੀ ਜਿੰਨਾਂ ਦੀ ਸਰਵਿਸ ਜਾਰੀ ਰੱਖਣ ਬਾਰੇ ਜਾਣਕਾਰੀ ਦਿੱਤੀ ਗਈ ਸੀ । ਹੁਣ ਸਾਹਮਣੇ ਆ ਰਿਹਾ ਹੈ ਕਿ ਟਵਿੱਟਰ ਖਰੀਦਣ ਤੋਂ ਬਾਅਦ ਏਨਲ ਮਸਕ ਬੁਰੀ ਤਰ੍ਹਾਂ ਫਸ ਗਏ ਹਨ। ਉਨ੍ਹਾਂ ਦੀ ਜਾਇਦਾਦ ਵਿੱਚ ਕਈ ਗੁਣਾ ਕਮੀ ਦਰਜ ਕੀਤੀ ਗਈ ਹੈ।
22. ਦੁਨੀਆ ਦੇ ਮਸ਼ਹੂਰ ਸੋਸ਼ਲ ਮੀਡੀਆ ਪਲੇਟ ਫਾਰਮ FACE BOOK ਨੂੰ ਵੀ ਇਸ ਸਾਲ ਆਰਥਿਕ ਤੌਰ ‘ਤੇ ਵੱਡੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਜਿਸ ਦੀ ਵਜ੍ਹਾ ਕਰਕੇ META ਕੰਪਨੀ ਨੇ FACE BOOK ਤੋਂ 12 ਹਜ਼ਾਰ ਮੁਲਾਜ਼ਮਾਂ ਦੀ ਛੱਟਨੀ ਕੀਤੀ । ਇਹ ਕੁੱਲ ਮੁਲਾਜ਼ਮਾਂ ਦਾ 15 ਫੀਸਦੀ ਹਿੱਸਾ ਸੀ । ਇੱਕ ਭਾਰਤੀ ਨੌਜਵਾਨ ਨੂੰ ਫੇਸਬੁੱਕ ਨੇ ਪਹਿਲਾਂ ਕੈਨੇਡਾ ਵਿੱਚ ਨੌਕਰੀ ਦਿੱਤੀ । ਪਰ ਜੁਆਇਨ ਕਰਨ ਤੋਂ ਇੱਕ ਦਿਨ ਬਾਅਦ ਹੀ ਉਸ ਨੂੰ ਨੌਕਰੀ ਤੋਂ ਇਹ ਕਹਿਕੇ ਕੱਢ ਦਿੱਤਾ ਗਿਆ ਕਿ ਉਸ ਦਾ ਨਾਂ ਛੱਟਨੀ ਕਰਨ ਵਾਲੇ ਮੁਲਾਜ਼ਮਾਂ ਦੀ ਲਿਸਟ ਵਿੱਚ ਸੀ । ਅਜਿਹੇ ਕਈ ਮੁਲਾਜ਼ਮ ਸਨ ਜਿਸ ਦੇ ਨਾਲ ਫੇਸਬੁੱਕ ਨੇ ਅਜਿਹਾ ਸਲੂਕ ਕੀਤਾ ਸੀ ।
23. ਸਾਲ ਖਤਮ ਹੁੰਦੇ-ਹੁੰਦੇ ਕੋਵਿਡ ਨੇ ਇੱਕ ਵਾਰ ਮੁੜ ਤੋਂ ਦਸਤਕ ਦਿੱਤੀ । ਚੀਨ ਤੋਂ ਕੋਵਿਡ ਦੇ ਅੰਕੜਿਆਂ ਨੇ ਇੱਕ ਵਾਰ ਮੁੜ ਤੋਂ ਪੂਰੀ ਦੁਨੀਆ ਨੂੰ ਡਰਾ ਦਿੱਤਾ ਹੈ । B-7 ਵੈਰੀਐਂਟ ਨੇ ਚੀਨ ਵਿੱਚ ਅਜਿਹੀ ਤਬਾਈ ਮਚਾਈ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਚੀਨ ਵਿੱਚ ਰੋਜ਼ਾਨਾ ਲੱਖਾਂ ਲਈ ਕਰੋੜਾਂ ਕੋਵਿਡ ਦੇ ਮਾਮਲੇ ਸਾਹਮਣੇ ਆ ਰਹੇ ਹਨ । ਚੀਨ ਦੇ ਹਸਪਤਾਲਾਂ ਵਿੱਚ ਥਾਂ ਨਹੀਂ ਹੈ। ਲੋਕ ਸੜਕਾਂ ਅਤੇ ਸਕੂਲਾਂ ਵਿੱਚ ਡ੍ਰਿਪ ਲੱਗਾ ਕੇ ਇਲਾਜ ਕਰਵਾ ਰਹੇ ਹਨ। ਲੋਕਾਂ ਨੂੰ ਦਵਾਇਆਂ ਨਹੀਂ ਮਿਲ ਰਹੀਆਂ। ਸ਼ਮਸ਼ਾਨ ਘਾਟ ਵਿੱਚ ਸਸਕਾਰ ਕਰਨ ਦੇ ਲਈ 1 ਹਫਤੇ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ । ਚੀਨ ਦਾ ਕੋਰੋਨਾ B-7 ਵੈਰੀਐਂਟ ਹੁਣ ਤੱਕ 91 ਦੇਸ਼ਾਂ ਵਿੱਚ ਮਿਲਿਆ ਹੈ। ਚੀਨ ਤੋਂ ਬਾਅਦ ਸਭ ਤੋਂ ਵਧ ਪ੍ਰਭਾਵਿਤ ਦੇਸ਼ ਜਾਪਾਨ,ਦੱਖਣੀ ਕੋਰੀਆ,ਸਿੰਗਾਪੁਰ,ਫਰਾਂਸ ਅਤੇ ਲੈਟਿਨ ਅਮਰੀਕਾ ਹੈ । ਇੱਥੇ ਰੋਜ਼ਾਨਾ ਲੱਖਾਂ ਕੇਸ ਆ ਰਹੇ ਹਨ । ਭਾਰਤ ਸਰਕਾਰ ਨੇ ਚੀਨ ਸਮੇਤ 5 ਹੋਰ ਦੇਸ਼ਾਂ ਤੋਂ ਆ ਰਹੀਆਂ ਫਲਾਈਟਾਂ ‘ਤੇ ਸਖਤ ਨਜ਼ਰ ਰੱਖੀ ਹੈ । ਯਾਤਰੀਆਂ ਦਾ ਏਅਰਪੋਰ ‘ਤੇ ਹੀ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਯਾਤਰੀਆਂ ਦੇ ਰੈਂਡਮ ਟੈਸਟ ਵੀ ਕੀਤੇ ਜਾ ਰਹੇ ਹਨ।