ਐਡਮੰਟਨ (18 ਮਾਰਚ, 2026): ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪੰਜਾਬੀ ਮੂਲ ਦੇ 22 ਸਾਲਾ ਨੌਜਵਾਨ ਬੀਰਇੰਦਰ ਸਿੰਘ ਦਾ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਬੀਰਇੰਦਰ 3 ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਘਟਨਾ 14 ਮਾਰਚ 2026 (ਸ਼ਨੀਵਾਰ) ਦੁਪਹਿਰ ਲਗਭਗ 2:50 ਵਜੇ ਦੀ ਹੈ। ਬੀਰਇੰਦਰ ਆਪਣੇ ਬਚਪਨ ਦੇ ਦੋ ਦੋਸਤਾਂ ਨਾਲ ਆਪਣੀ ਹੌਂਡਾ ਸਿਵਿਕ ਕਾਰ ਵਿੱਚ ਪਹਿਲੀ ਵਾਰ ‘ਬੈਨਫ’ ਘੁੰਮਣ ਜਾ ਰਿਹਾ ਸੀ। ਐਡਮੰਟਨ ਦੇ ਦੱਖਣ ਵਿੱਚ ਹਾਈਵੇਅ-2 ’ਤੇ ਜਦੋਂ ਉਹ ਜਾ ਰਹੇ ਸਨ, ਤਾਂ ਇੱਕ ਚਿੱਟੇ ਰੰਗ ਦਾ ਪਿਕਅੱਪ ਟਰੱਕ ਉਨ੍ਹਾਂ ਦੀ ਕਾਰ ਦੇ ਬਰਾਬਰ ਆਇਆ। ਟਰੱਕ ਸਵਾਰ ਦੋ ਵਿਅਕਤੀਆਂ ਨੇ ਪਹਿਲਾਂ ਦੋਸਤੀ ਦਾ ਇਸ਼ਾਰਾ ਕੀਤਾ, ਪਰ ਜਿਵੇਂ ਹੀ ਬੀਰਇੰਦਰ ਨੇ ਜਵਾਬ ਦਿੱਤਾ, ਉਨ੍ਹਾਂ ਨੇ ਬਿਨਾਂ ਕਿਸੇ ਉਕਸਾਵੇ ਦੇ ਗੋਲ਼ੀਆਂ ਚਲਾ ਦਿੱਤੀਆਂ।
ਇੱਕ ਗੋਲੀ ਬੀਰਇੰਦਰ ਦੀ ਧੌਣ ਵਿੱਚ ਲੱਗੀ। ਉਸ ਦੇ ਦੋਸਤਾਂ ਨੇ ਕਾਰ ਨੂੰ ਸੜਕ ਕਿਨਾਰੇ ਰੋਕ ਕੇ ਪੁਲਿਸ ਨੂੰ ਫ਼ੋਨ ਕੀਤਾ, ਪਰ ਜ਼ਿਆਦਾ ਖ਼ੂਨ ਵਹਿ ਜਾਣ ਕਾਰਨ ਬੀਰਇੰਦਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੋਸਤਾਂ ਅਨੁਸਾਰ ਇਹ ਨਸਲੀ ਨਫ਼ਰਤ (Hate Crime) ਦਾ ਮਾਮਲਾ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ।
ਬੀਰਇੰਦਰ ਦੇ ਭਰਾ ਪੁਨਰ ਸਿੰਘ ਨੇ ਮੌਤ ਦੀ ਪੁਸ਼ਟੀ ਕੀਤੀ ਹੈ। ਪਿਛਲੇ 3 ਸਾਲਾਂ ਤੋਂ ਮਾਪਿਆਂ ਨੇ ਆਪਣੇ ਪੁੱਤਰ ਨੂੰ ਨਹੀਂ ਦੇਖਿਆ ਸੀ। ਹੁਣ ਦੋਸਤਾਂ ਵੱਲੋਂ ‘ਗੋ ਫੰਡ ਮੀ’ ਪੇਜ ਰਾਹੀਂ ਫੰਡ ਇਕੱਠਾ ਕੀਤਾ ਗਿਆ ਹੈ ਤਾਂ ਜੋ ਮ੍ਰਿਤਕ ਦੇਹ ਨੂੰ ਪੰਜਾਬ ਭੇਜਿਆ ਜਾ ਸਕੇ। ਕੈਨੇਡੀਅਨ ਪੁਲਿਸ (RCMP) ਦੀ ਮੇਜਰ ਕ੍ਰਾਈਮ ਯੂਨਿਟ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਲੋਕਾਂ ਕੋਲੋਂ ਡੈਸ਼ਕੈਮ ਫੁਟੇਜ ਦੀ ਮੰਗ ਕੀਤੀ ਗਈ ਹੈ।

