The Khalas Tv Blog Khaas Lekh 20 ਸਾਲ ਪਹਿਲਾਂ ਦੀ ਦਰਦ ਕਹਾਣੀ, ਚਿੱਠੀਸਿੰਘਪੁਰਾ ਦੇ 36 ਸਿੱਖਾਂ ਦੀ ਹੱਡ-ਬੀਤੀ
Khaas Lekh Religion

20 ਸਾਲ ਪਹਿਲਾਂ ਦੀ ਦਰਦ ਕਹਾਣੀ, ਚਿੱਠੀਸਿੰਘਪੁਰਾ ਦੇ 36 ਸਿੱਖਾਂ ਦੀ ਹੱਡ-ਬੀਤੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼ਹਾਦਤ ਅਤੇ ਦਗੇਬਾਜ਼ੀ,ਇਨ੍ਹਾਂ ਦੋ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਬਹੁਤ ਔਖਾ ਹੈ ਕਿਉਂਕਿ ਇਨ੍ਹਾਂ ਸ਼ਬਦਾਂ ਦਾ ਵਿਸ਼ਲੇਸ਼ਣ ਕਰਦਿਆਂ ਹਮੇਸ਼ਾ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਇਹ ਦੋ ਸ਼ਬਦ ਬਣੇ ਹੀ ਸਿੱਖ ਕੌਮ ਦੇ ਲਈ ਹਨ। ਜੇਕਰ ਅਸੀਂ ਇਤਿਹਾਸ ਨੂੰ ਵੇਖੀਏ ਤਾਂ ਇਸ ਗੱਲ ਦਾ ਪ੍ਰਮਾਣ ਮਿਲਦਾ ਹੈ ਕਿ ਜੰਗ ਭਾਵੇਂ ਪਾਕਿਸਤਾਨ ਨਾਲ ਹੋਵੇ ਤੇ ਜਾਂ ਫਿਰ ਚੀਨ ਨਾਲ, ਬਲੀ ਦੀ ਬੱਕਰਾ ਤਾਂ ਹਮੇਸ਼ਾ ਸਿੰਘ ਹੀ ਬਣਦੇ ਹਨ। ਅਸੀਂ ਜਾਣਦੇ ਹਾਂ ਕਿ ਸਿੰਘਾਂ ‘ਚ ਇਨ੍ਹਾਂ ਜੰਗਾਂ ਯੁੱਧਾਂ ਨੂੰ ਲੜਨ ਦਾ ਹੌਂਸਲਾ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਪੜਨ ਨਾਲ ਮਿਲਦਾ ਹੈ।

ਪਰ ਤ੍ਰਾਸਦੀ ਤਾਂ ਇਸ ਗੱਲ ਦੀ ਹੈ ਕਿ ਸਿੰਘਾਂ ਦੀਆਂ ਦਿੱਤੀਆਂ ਜਾਂਦੀਆਂ ਇਨ੍ਹਾਂ ਸ਼ਹਾਦਤਾਂ ਨੂੰ ਸਮੇਂ ਦੀ ਹਕੂਮਤ ਨੇ ਆਪਣੇ ਅਨੁਸਾਰ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡ ਦਿੱਤਾ ਹੈ ਭਾਵ ਜੇ ਸਿੰਘ ਸਰਹੱਦਾਂ ਉੱਪਰ ਜੂਝਦਿਆਂ ਛਾਤੀਆਂ ਗੋਲੀਆਂ ਨਾਲ ਵਿੰਨੀਆਂ ਜਾਣ ‘ਤੇ ਸ਼ਹੀਦ ਹੋ ਜਾਣ ਤਾਂ ਉਹ ਸੱਤਵਾਦੀ ਕਹਿਲਾਉਂਦੇ ਹਨ ਪਰ ਜੇ ਇਹੀ ਸਿੰਘ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਆਪਣੀਆਂ ਛਾਤੀਆਂ ਛਲਣੀ ਕਰਕੇ ਸ਼ਹੀਦ ਹੁੰਦੇ ਹਨ ਤਾਂ ਇਨ੍ਹਾਂ ਨੂੰ ਅੱਤਵਾਦੀ ਕਿਹਾ ਜਾਂਦਾ ਹੈ। ਇਹੀ ਸਿੰਘ ਜਦੋਂ ਨਿਸ਼ਾਨ ਸਾਹਿਬ ਜੀ ਦੀ ਅਗਵਾਈ ਹੇਠ ਆਪਣੇ ਹੱਕਾਂ ਦੀ ਜੰਗ ਲੜਦੇ ਹਨ ਤਾਂ ਇਨ੍ਹਾਂ ਨੂੰ ਦੇਸ਼ ਦੇ ਗੱਦਾਰ ਕਿਹਾ ਜਾਂਦਾ ਹੈ।

20 ਸਾਲ ਪਹਿਲਾਂ ਅੱਜ ਦੇ ਦਿਨ ਕਸ਼ਮੀਰ ਦੇ ਵਿੱਚ ਚਿੱਠੀਸਿੰਘਪੁਰਾ ਕਾਂਡ ਵਾਪਰਿਆ ਸੀ, ਜਿਸਦੇ ਵਿੱਚ 36 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਅੱਜ ਦੇ ਦਿਨ 2000 ਵਿੱਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਦੇ ਭਾਰਤ ਦੌਰੇ ਨੂੰ ਪ੍ਰਭਾਵਿਤ ਕਰਨ ਲਈ ਭਾਰਤੀ ਏਜੰਸੀਆਂ ਦੇ ਇਸ਼ਾਰਿਆਂ ‘ਤੇ 36 ਸਿੱਖਾਂ ਨੂੰ ਚਿੱਠੀਸਿੰਘਪੁਰਾ ਕਸ਼ਮੀਰ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਸ ਵਕਤ ਕਲਿੰਟਨ ਨੇ ਵੀ ਇਸ ਕਤਲੇਆਮ ਦੀ ਨਿੰਦਾ ਕਰਦਿਆਂ ਕਿਹਾ ਸੀ ਕਿ “ਜੇ ਮੈਂ ੳਹ ਦੌਰਾ ਨਾ ਕੀਤਾ ਹੁੰਦਾ ਤਾਂ ਸੰਭਵ ਹੈ ਕਿ ਜ਼ੁਲਮ ਦਾ ਸ਼ਿਕਾਰ ਹੋਣ ਵਾਲੇ ਉਹ ਸਿੱਖ ਅੱਜ ਜ਼ਿਊਂਦੇ ਹੁੰਦੇ।”

20 ਮਾਰਚ, 2000 ਨੂੰ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਿੰਡ ਚਿੱਠੀਸਿੰਘਪੁਰਾ ਵਿੱਚ ਸ਼ਾਮ ਦੇ 7:15 ਵਜੇ 36 ਸਿੱਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਸਿੱਖਾਂ ਨੂੰ ਗੋਲੀਆਂ ਮਾਰਨ ਵਾਲੇ ਭਾਰਤੀ ਫੌਜ ਦੀ ਵਰਦੀ ਵਿੱਚ ਸਨ ਅਤੇ ਹਿੰਦੀ ਬੋਲ ਰਹੇ ਸਨ। ਉਨ੍ਹਾਂ ਤਲਾਸ਼ੀ ਲੈਣ ਦੇ ਬਹਾਨੇ ਕੇਵਲ ਸਿੱਖ ਮਰਦਾਂ ਨੂੰ ਘਰਾਂ ਤੋਂ ਬਾਹਰ ਕੱਢਿਆ ਅਤੇ ਸਾਰੇ ਸਿੱਖਾਂ ਨੂੰ ਗੁਰਦੁਆਰਾ ਸਾਹਿਬ ਦੇ ਨੇੜੇ ਲੈ ਆਏ ਅਤੇ ਗੁਰਦੁਆਰੇ ਦੀ ਬਾਹਰਲੀ ਕੰਧ ਕੋਲ ਖੜ੍ਹੇ ਕਰਕੇ ਗੋਲੀਆਂ ਦੀ ਵਾਛੜ ਕਰ ਦਿੱਤੀ।

25 ਮਾਰਚ 2000 ਨੂੰ ਫੌਜ ਨੇ ਉਸੇ ਹੀ ਜ਼ਿਲ੍ਹੇ ਦੇ ਪਿੰਡ ਪਥਰੀਬਲ ਵਿੱਚ 5 ਬੰਦਿਆਂ ਨੂੰ ਮਾਰ ਦਿੱਤਾ ਅਤੇ ਦਾਅਵਾ ਕੀਤਾ ਕਿ ਇਹ 5 ਪਾਕਿਸਤਾਨੀ ਅੱਤਵਾਦੀ ਹੀ 36 ਸਿੱਖਾਂ ਨੂੰ ਮਾਰਨ ਲਈ ਜ਼ਿੰਮੇਵਾਰ ਹਨ। ਪਰ ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਕਿ ਫੌਜ ਵੱਲੋਂ ਮਾਰੇ ਗਏ 5 ਬੰਦੇ ਕੋਈ ਵਿਦੇਸ਼ੀ ਅੱਤਵਾਦੀ ਨਹੀਂ ਸਗੋਂ ਫੌਜ ਵੱਲੋਂ ਵੱਖ-ਵੱਖ ਥਾਂਵਾਂ ਤੋਂ ਚੁੱਕ ਕੇ ਮਾਰੇ ਗਏ ਆਮ ਸਖਾਨਕ ਕਸ਼ਮੀਰੀ ਸਨ। ਇਸ ਤੋਂ ਬਾਅਦ 7 ਹੋਰ ਲੋਕ ਪਥਰੀਬਮ ਦੇ ਝੂਠੇ ਮੁਕਾਬਲੇ ਦੇ ਵਿਰੁੱਧ ਰੋਸ ਮੁਜ਼ਾਹਰਾ ਕਰਦੇ ਹੋਏ ਬਰਾਕਪੁਰਾ ਵਿੱਚ ਪੁਲਿਸ ਅਤੇ ਨੀਮ ਫੌਜੀ ਦਲਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ ਸਨ। ਪਰ ਆਖਰ ਬਾਅਦ ਵਿੱਚ ਸੱਚ ਸਾਹਮਣੇ ਆ ਹੀ ਗਿਆ ਕਿ ਪੁਲਿਸ ਅਤੇ ਫੌਜ ਇਨ੍ਹਾਂ ਦੋਵਾਂ ਘਟਨਾਵਾਂ ਲਈ ਜ਼ਿੰਮੇਵਾਰ ਸਨ।

ਸਾਲ 2018 ਵਿੱਚ ਪਾਕਿਸਤਾਨੀ ਡਾਕ ਤਾਰ ਵਿਭਾਗ ਵੱਲੋਂ ਭਾਰਤੀ ਕਬਜ਼ੇ ਹੇਠਲੇ ਕਸ਼ਮੀਰ ਵਿੱਚ ਸਰਕਾਰੀ ਤੰਤਰ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਬਾਰੇ 20 ਡਾਕ ਟਿਕਟਾਂ ਜਾਰੀ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਇੱਕ ਟਿਕਟ ਕਸ਼ਮੀਰ ਦੇ ਚਿੱਠੀਸਿੰਘਪੁਰਾ ਵਿਖੇ ਸਾਲ 2000 ਵਿੱਚ ਅੰਜ਼ਾਮ ਦਿੱਤੇ ਗਏ 35 ਸਿੱਖਾਂ ਦੇ ਕਤਲੇਆਮ ਨੂੰ ਸਮਰਪਿਤ ਹੈ। ਇਹ ਚਿੱਠੀ ਬੇਘਰ ਬੱਚਿਆਂ ਦੇ ਸਿਰਲੇਖ ਹੇਠ ਛਾਪੀ ਅਤੇ ਜਾਰੀ ਕੀਤੀ ਗਈ ਸੀ, ਜਿਸ ਉੱਪਰ ਚਿੱਠੀਸਿੰਘਪੁਰਾ ਦੇ ਉਨ੍ਹਾਂ ਰੌਂਦੇ-ਵਿਲਕਦੇ ਬੱਚਿਆਂ ਦੀ ਤਸਵੀਰ ਹੈ।

ਮੰਨਿਆ ਜਾਂਦਾ ਹੈ ਕਿ ਇਹ ਸਾਰਾ ਖੂਨ-ਖਰਾਬਾ ਪਾਕਿਸਤਾਨ ਦੇ ਅੱਤਵਾਦੀਆਂ ਦੇ ਨਾਮ ਹੇਠ ਭਾਰਤੀ ਖੁਫੀਆ ਏਜੰਸੀਆਂ ਦੇ ਵੱਲੋਂ ਕਰਵਾਇਆ ਗਿਆ ਸੀ ਤਾਂ ਜੋ ਬਿੱਲ ਕਲਿੰਟਨ ਨੂੰ ਪ੍ਰਭਾਵਿਤ ਕੀਤਾ ਜਾਵੇ ਕਿ ਇੱਥੇ ਕਸ਼ਮੀਰ ਵਿੱਚ ਅੱਤਵਾਦੀ ਇਸ ਤਰ੍ਹਾਂ ਦੀਆਂ ਘਿਨੌਣੀਆਂ ਕਾਰਵਾਈਆਂ ਕਰਦੇ ਹਨ; ਜਾਂ ਕਹਿ ਲਈਏ ਕਿ ਇਹ ਖੁਫੀਆ ਏਜੰਸੀਆਂ ਵੱਲੋਂ ਕਤਲੇਆਮ ਕਰਵਾ ਕੇ ਕਸ਼ਮੀਰ ਦੇ ਅੱਤਵਾਦੀਆਂ ਦੇ ਸਿਰ ਮੜ੍ਹਨ ਦੀ ਕੋਸ਼ਿਸ਼ ਸੀ।

Exit mobile version