‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਪਾਰਲੀਮੈਂਟ ਵਿੱਚ ਅਗਲੇ ਵਿੱਤੀ ਸਾਲ ਵਿੱਚ ਮੁਲਾਜ਼ਮਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਮੁਲਾਜ਼ਮਾਂ ਦੀ ਆਮਦਨ ਕਰ ਸਲੈਬ ਵਿੱਚ ਵੀ ਵਾਧਾ ਨਹੀਂ ਕੀਤਾ ਗਿਆ। ਕਿਸਾਨੀ ਖੇਤਰ ਦਾ ਕਰਜ਼ਾ ਜ਼ਰੂਰ ਵਧਾ ਦਿੱਤਾ ਗਿਆ ਹੈ ਪਰ ਕਰਜ਼ਾ ਮੁਆਫ਼ੀ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਬਜਟ ਵਿੱਚ ਮੁਲਕ ਨੂੰ ਨਿੱਜੀਕਰਨ ਦੇ ਰਾਹੇ ਪਾ ਦਿੱਤਾ ਗਿਆ ਹੈ ਅਤੇ ਰੁਜ਼ਗਾਰ ਦੇ ਬੰਦੋਬਸਤ ਦੀ ਇੱਕ ਤਰ੍ਹਾਂ ਲੋੜ ਨਹੀਂ ਸਮਝੀ ਗਈ ਅਤੇ ਨਾ ਹੀ ਮਨਰੇਗਾ ਬਾਰੇ ਕੋਈ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਇੱਕੋ-ਇੱਕ ਹਾਂ-ਪੱਖੀ ਗੱਲ ਇਹ ਹੈ ਕਿ ਨਵੀਂ ਪੈਨਸ਼ਨ ਸਕੀਮ ਵਿੱਚ ਇਮਪਲਾਇਰ ਦਾ ਹਿੱਸਾ 10 ਤੋਂ ਵਧਾ ਕੇ 14 ਫ਼ੀਸਦੀ ਕਰ ਦਿੱਤਾ ਗਿਆ। ਰਾਜਾਂ ਦੀ ਵਿੱਤੀ ਸਹਾਇਤਾ ਵਿੱਚ ਮਾਮੂਲੀ ਵਾਧਾ ਜ਼ਰੂਰ ਕੀਤਾ ਗਿਆ ਹੈ। ਵਿੱਤ ਮੰਤਰੀ ਵੱਲੋਂ ਅੱਜ 39.45 ਲੱਖ ਕਰੋੜ ਰੁਪਏ ਦੇ ਪੇਸ਼ ਕੀਤੇ ਬਜਟ ਵਿੱਚ ਪੰਜਾਬ ਮੁੜ ਮਨਫ਼ੀ ਰਿਹਾ। ਹਾਲਾਂਕਿ ਚੋਣਾਂ ਨੂੰ ਵੇਖਦਿਆਂ ਵੱਡੇ ਐਲਾਨਾਂ ਦੀ ਉਮੀਦ ਕੀਤੀ ਜਾ ਰਹੀ ਸੀ। ਕੁੱਲ ਘਰੇਲੂ ਉਤਪਾਦ ਦੇ 6.4 ਫ਼ੀਸਦੀ ਘਾਟੇ ਵਾਲੇ ਬਜਟ ਵਿੱਚ ਸਭ ਤੋਂ ਅਹਿਮ ਸਿੱਖਿਆ ਅਤੇ ਸਿਹਤ ਦਾ ਖੇਤਰ ਵੀ ਹਰ ਵਾਰ ਦੀ ਤਰ੍ਹਾਂ ਵਿਸਾਰ ਦਿੱਤਾ ਗਿਆ ਹੈ।
ਨਿਰਮਲਾ ਸੀਤਾਰਮਨ ਨੇ ਦਾਅਵਾ ਕੀਤਾ ਹੈ ਕਿ ਰੱਖਿਆ ਬਜਟ ਦਾ 25 ਫ਼ੀਸਦ ਹਿੱਸਾ ਰਿਸਰਚ ਉੱਤੇ ਖਰਚ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮਾਨਸਿਕ ਸਿਹਤ ਲਈ ਵੀ ਯੋਜਨਾਵਾਂ ਲਾਂਚ ਕੀਤੀਆਂ ਜਾਣਗੀਆਂ। ਵਿੱਤ ਮੰਤਰੀ ਨੇ ਕਿਹਾ ਕਿ ਟੈਕਸ ਸਿਸਟਮ ਨੂੰ ਹੋਰ ਆਸਾਨ ਬਣਾਇਆ ਜਾਵੇਗਾ।
ਆਉ ਜਾਣਦੇ ਹਾਂ 2022-23 ਦਾ ਬਜਟ
- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਐੱਮਐੱਸਪੀ ਦੇਣ ਲਈ 2.37 ਲੱਖ ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ ਅਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ।
- ਕਿਸਾਨਾਂ ਨੂੰ ਡਿਜ਼ੀਟਲ ਸਹੂਲਤਾਂ ਦਿੱਤੀਆਂ ਜਾਣਗੀਆਂ ਤੇ 100 ਨਵੇਂ ਕਾਰਗੋ ਟਰਮੀਨਲ ਬਣਨਗੇ।
- ਹਾੜ੍ਹੀ,ਸਾਉਣੀ ਦੀਆਂ ਫ਼ਸਲਾਂ ਦੀ ਖ਼ਰੀਦ ਵਧਾਈ ਜਾਵੇਗੀ।
- ਵਿਦੇਸ਼ੀ ਵਿਦਿਆਰਥੀਆਂ ਦੇ ਹਿੱਤਾਂ ਲਈ ਅਗਲੇ ਸਾਲ ਤੋਂ ਚਿੱਪ ਵਾਲੇ ਪਾਸਪੋਰਟ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਗਿਆ।
- ਉੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਡਿਜ਼ੀਟਲ ਯੂਨੀਵਰਸਿਟੀ ਬਣੇਗੀ ਅਤੇ ਹਰ ਸਕੂਲਾਂ ਨੂੰ ਟੀਵੀ ਦਿੱਤੇ ਜਾਣਗੇ।
- ਪ੍ਰਧਾਨ ਮੰਤਰੀ ਈ ਵਿੱਦਿਆ ਨੂੰ 12 ਚੈਨਲ ਤੋਂ ਵਧਾ ਕੇ 200 ਚੈਨਲ ਤੱਕ ਕੀਤਾ ਜਾਵੇਗਾ।
- ਦੋ ਲੱਖ ਆਂਗਨਵਾੜੀਆਂ ਦਾ ਵਿਕਾਸ ਕੀਤਾ ਜਾਵੇਗਾ।
- ਦੇਸ਼ ਦੇ ਵਿਕਾਸ ‘ਤੇ ਜ਼ੋਰ ਦਿੰਦਿਆਂ 25 ਹਜ਼ਾਰ ਕਿਲੋਮੀਟਰ ਨੈਸ਼ਨਲ ਹਾਈਵੇਅ ਦੀ ਉਸਾਰੀ ਕੀਤੀ ਜਾਵੇਗੀ, ਜਿਸਦੇ ਲਈ 20 ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ।
- ਦੇਸ਼ ਦੇ ਡੇਢ ਲੱਖ ਡਾਕ ਘਰਾਂ ਵਿੱਚ ਏਟੀਐੱਮ ਸਹੂਲਤ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਡਾਕ ਘਰਾਂ ਵਿੱਚ ਕੋਰ ਬੈਂਕਿੰਗ ਦੀ ਸਹੂਲਤ ਵੀ ਦਿੱਤੀ ਜਾਵੇਗੀ।
- ਮੁੱਖ ਮੰਤਰੀ ਆਵਾਸ ਯੋਜਨਾ ਲਈ 80 ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ।
- ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ 750 ਨਵੀਆਂ ਈ-ਲੈਬਸ ਸਥਾਪਿਤ ਕੀਤੀਆਂ ਜਾਣਗੀਆਂ ਅਤੇ ਟੈਸਟਿੰਗ ਉੱਤੇ ਜ਼ੋਰ ਦਿੱਤਾ ਜਾਵੇਗਾ।
- ਮੁਲਕ ਦੇ ਪੰਜ ਵੱਡੇ ਦਰਿਆਵਾਂ ਨੂੰ ਜੋੜਨ ਲਈ ਸਰਕਾਰ ਕੰਮ ਕਰੇਗੀ। ਗੰਗਾ ਨਦੀ ਦੇ ਕਿਨਾਰੇ ਪੰਜ ਕਿਲੋਮੀਟਰ ਦਾ ਕੌਰੀਡੋਰ ਬਣਾਇਆ ਜਾਵੇਗਾ
- ਅਗਲੇ ਤਿੰਨ ਸਾਲਾਂ ਦੌਰਾਨ 400 ਨਵੀਆਂ ਰੇਲ ਗੱਡੀਆਂ ਸ਼ੁਰੂ ਕੀਤੀਆਂ ਜਾਣਗੀਆਂ। ਪੀਪੀਪੀ ਮਾਡਲ ਰਾਹੀਂ ਰੇਲਵੇ ਦੇ ਗੁੱਡਜ਼ ਸੈਕਟਰ ਦਾ ਵਿਸਥਾਰ ਹੋਵੇਗਾ।
- ਔਰਤਾਂ ਅਤੇ ਬੱਚਿਆਂ ਲਈ ਤਿੰਨ ਨਵੀਆਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਜਾਵੇਗੀ।
- ਦੇਸ਼ ਵਿੱਚ 60 ਲੱਖ ਨਵੇਂ ਨੌਕਰੀਆਂ ਦਾ ਪ੍ਰਬੰਧ ਹੋਵੇਗਾ। ਸਰਕਾਰ ਕੋਲ 30 ਲੱਖ ਵਾਧੂ ਨੌਕਰੀ ਦੇਣ ਦੀ ਸਮਰੱਥਾ ਹੈ।
- ਡ੍ਰੋਨ ਟੈਕਨਾਲੋਜੀ ਵਿੱਚ ਸਟਾਰਟਅੱਪ ਲਈ ਡ੍ਰੋਨ ਸ਼ਕਤੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ।
- ਸ਼ਹਿਰਾਂ ਵਿੱਚ ਪਬਲਿਕ ਟਰਾਂਸਪੋਰਟ ਨੂੰ ਵਧਾਵਾ ਦਿੱਤਾ ਜਾਵੇਗਾ।
- 75 ਜ਼ਿਲ੍ਹਿਆਂ ਵਿੱਚ ਡਿਜੀਟਲ ਬੈਂਕਿੰਗ ਯੂਨਿਟ ਖੋਲ੍ਹੇ ਜਾਣਗੇ।
- ਸਾਲ 2022 ਵਿੱਚ 5 ਜੀ ਸਰਵਿਸ ਸ਼ੁਰੂ ਹੋਵੇਗੀ ਅਤੇ ਪਿੰਡਾਂ ਤੱਕ ਇੰਨਰਨੈੱਟ ਢਾਂਚਾ ਵਿਕਸਤ ਹੋਵੇਗਾ।
- ਰੱਖਿਆ ਖੋਜ ਜਾਂ ਰਿਸਰਚ ਲਈ ਲਈ 25 ਫ਼ੀਸਦ ਬਜਟ ਜਾਰੀ ਕੀਤਾ ਜਾਵੇਗਾ।
ਟੈਕਸ ਨੂੰ ਲੈ ਕੇ ਕੀ ਹਨ ਐਲਾਨ
- ਇਨਕਮ ਟੈਕਸ ਸਲੈਬ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।
- ਕ੍ਰਿਪਟੋ ਕਰੰਸੀ ਦੀ ਕਮਾਈ ਉੱਪਰ 30% ਟੈਕਸ।
- ਅਗਲੇ ਸਾਲ ਤੱਕ ਡਿਜੀਟਲ ਰੁਪਿਆ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਲਾਂਚ ਕਰ ਦਿੱਤਾ ਜਾਵੇਗਾ।
- ਦੋ ਸਾਲ ਦੇ ਅੰਦਰ ਇਨਕਮ ਟੈਕਸ ਰਿਟਰਨ ਵਿੱਚ ਗਲਤੀਆਂ ਸੁਧਾਰੀਆਂ ਜਾ ਸਕਦੀਆਂ ਹਨ।
- ਸਹਿਕਾਰੀ ਸਮਿਤੀਆਂ ਦਾ ਟੈਕਸ ਘਟਾ ਕੇ 15 ਫੀਸਦ ਕੀਤਾ ਗਿਆ।
- ਦਿਵਿਆਂਗ ਲੋਕਾਂ ਲਈ ਟੈਕਸ ਵਿੱਚ ਛੋਟ ਦਿੱਤੀ ਜਾਏਗੀ।
- ਐੱਨਪੀਐੱਸ ਵਿੱਚ ਸੂਬਾ ਸਰਕਾਰ ਦੇ ਕਰਮਚਾਰੀਆਂ ਨੂੰ ਛੋਟ ਵਧਾਈ ਗਈ।
- ਐੱਨਪੀਐੱਸ ਵਿੱਚ ਕਰਮਚਾਰੀਆਂ ਦੇ 14 ਫ਼ੀਸਦ ਯੋਗਦਾਨ ਉੱਤੇ ਟੈਕਸ ਦੀ ਛੋਟ ਦਿੱਤੀ ਗਈ ਹੈ।
- ਲੌਂਗ ਟਰਮ ਕੈਪੀਟਲ ਗੇਨ ਉੱਤੇ ਹੁਣ 15 ਫ਼ੀਸਦ ਟੈਕਸ
- ਕੱਟੇ ਹੋਏ ਅਤੇ ਪਾਲਿਸ਼ਡ ਹੀਰਿਆਂ,ਰਤਨਾਂ ਉਪਰ ਕਸਟਮ ਡਿਊਟੀ ਨੂੰ ਵੀ ਘਟਾ ਕੇ 5 ਫ਼ੀਸਦ ਕਰ ਦਿੱਤਾ ਗਿਆ ਹੈ।
ਕੀ ਕੁੱਝ ਹੋਇਆ ਸਸਤਾ
- ਹੀਰਿਆਂ ਦੇ ਗਹਿਣੇ ਉੱਤੇ ਕਸਟਮ ਡਿਊਟੀ ਘਟਾਈ ਗਈ ਹੈ ਅਤੇ ਛਤਰੀਆਂ ਉੱਤੇ ਦਰਾਮਦ ਡਿਊਟੀ 20 ਫੀਸਦ ਵਧਾਈ ਗਈ ਹੈ।
- ਹੀਰਿਆਂ ਦੇ ਗਹਿਣੇ ਸਸਤੇ ਹੋਣਗੇ ਅਤੇ ਵਿਦੇਸ਼ ਤੋਂ ਆਉਣ ਵਾਲੀਆਂ ਛਤਰੀਆਂ ਮਹਿੰਗੀਆਂ ਹੋਣਗੀਆਂ।
- ਵਿਦੇਸ਼ ਤੋਂ ਆਉਣ ਵਾਲੀ ਮਸ਼ੀਨਰੀ ਸਸਤੀ ਹੋਵੇਗੀ ਅਤੇ ਖੇਤੀ ਸੰਦ ਵੀ ਸਸਤੇ ਹੋਣਗੇ।
- ਕੱਪੜੇ ਅਤੇ ਚਮੜੇ ਦੀਆਂ ਚੀਜ਼ਾਂ ਵੀ ਕੁੱਝ ਸਸਤੀਆਂ ਹੋਣਗੀਆਂ।
ਔਰਤਾਂ ਲਈ ਬਜਟ ‘ਚ ਕੀ ਹੈ ਖਾਸ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ਦੌਰਾਨ ਆਖਿਆ ਕਿ ਸਾਡੀ ਸਰਕਾਰ ਨੇ ਔਰਤਾਂ ਨੂੰ ਲਾਭ ਦੇਣ ਲਈ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਮਿਸ਼ਨ ਸ਼ਕਤੀ, ਮਿਸ਼ਨ ਵਾਤਸਲ, ਸਕਸ਼ਮ ਆਂਗਨਵਾੜੀ ਅਤੇ ਪੋਸ਼ਣ 2.0 ਵਰਗੀਆਂ ਯੋਜਨਾਵਾਂ ਨੂੰ ਨਵਾਂ ਰੂਪ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਦੋ ਲੱਖ ਆਂਗਨਵਾੜੀਆਂ ਦੇ ਵਿਕਾਸ ਦਾ ਟੀਚਾ ਵੀ ਕੇਂਦਰ ਸਰਕਾਰ ਦਾ ਹੈ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮੌਜੂਦਾ ਸਾਲ ਵਿੱਚ ਭਾਰਤ ਦੀ ਆਰਥਿਕ ਵਿਕਾਸ ਦਰ 9.27 ਫ਼ੀਸਦ ਰਹਿਣ ਦੀ ਆਸ ਹੈ। ਦੁਨੀਆ ਦੇ ਵੱਡੇ ਦੇਸ਼ਾਂ ਵਿੱਚ ਇਹ ਸਭ ਤੋਂ ਜ਼ਿਆਦਾ ਹੈ। ਸੀਤਾਰਮਨ ਨੇ ਕਿਹਾ ਕਿ ਅਸੀਂ ਓਮੀਕ੍ਰੌਨ ਲਹਿਰ ਦਾ ਸਾਹਮਣਾ ਕਰ ਰਹੇ ਹਾਂ। ਇਸ ਦੌਰਾਨ ਟੀਕਾਕਰਨ ਦੀ ਗਤੀ ਨੇ ਸਾਡੀ ਬਹੁਤ ਸਹਾਇਤਾ ਕੀਤੀ ਹੈ। ਬਜਟ ਪੇਸ਼ ਕਰਦਿਆਂ ਨਿਰਮਲਾ ਸੀਤਾਰਮਨ ਨੇ ਇਸ ਨੂੰ ਅਗਲੇ 25 ਸਾਲ ਦਾ ਬਲੂ ਪ੍ਰਿਟ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਅੱਗੇ ਵੱਧ ਰਹੇ ਅਰਥਚਾਰਿਆਂ ਤੋਂ ਇੱਕ ਹੈ।