ਬਿਊਰੋ ਰਿਪੋਰਟ (ਨਵੀਂ ਦਿੱਲੀ, 6 ਦਸੰਬਰ 2025): ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਇੰਡੀਗੋ ਦੇ ਸੰਚਾਲਨ (Operation) ਵਿੱਚ ਲਗਾਤਾਰ ਪੰਜਵੇਂ ਦਿਨ ਸ਼ਨੀਵਾਰ ਨੂੰ ਵੀ ਕੋਈ ਸੁਧਾਰ ਨਹੀਂ ਦਿਖਾਈ ਦਿੱਤਾ। ਦਿੱਲੀ, ਮੁੰਬਈ, ਬੈਂਗਲੁਰੂ ਅਤੇ ਚੇਨਈ ਹਵਾਈ ਅੱਡਿਆਂ ’ਤੇ ਯਾਤਰੀ ਸਾਰੀ ਰਾਤ ਪ੍ਰੇਸ਼ਾਨ ਰਹੇ। ਇਸ ਤੋਂ ਪਹਿਲਾਂ ਚਾਰ ਦਿਨਾਂ ਵਿੱਚ ਰੱਦ ਹੋਈਆਂ ਉਡਾਣਾਂ ਦੀ ਗਿਣਤੀ 2,000 ਤੋਂ ਵੱਧ ਹੋ ਗਈ ਹੈ, ਜਿਸ ਕਾਰਨ ਕਰੀਬ 3 ਲੱਖ ਯਾਤਰੀ ਸਿੱਧੇ ਤੌਰ ’ਤੇ ਪ੍ਰਭਾਵਿਤ ਹੋਏ ਹਨ।
ਇੰਡੀਗੋ ਨੇ ਮੰਨੀ ਗਲਤੀ, ਸਰਕਾਰ ਕਰੇਗੀ ਕਾਰਵਾਈ
ਸਿਵਲ ਐਵੀਏਸ਼ਨ ਮੰਤਰੀ ਰਾਮ ਮੋਹਨ ਨਾਇਡੂ ਨੇ ਇਸ ਮਾਮਲੇ ‘ਤੇ ਸਖ਼ਤ ਰੁਖ ਅਪਣਾਉਂਦੇ ਹੋਏ ਕਿਹਾ ਕਿ ਨਵੇਂ FDTL (ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ) ਨਿਯਮ 1 ਨਵੰਬਰ ਤੋਂ ਲਾਗੂ ਹਨ, ਪਰ ਕਿਸੇ ਹੋਰ ਏਅਰਲਾਈਨ ਨੂੰ ਕੋਈ ਮੁਸ਼ਕਲ ਨਹੀਂ ਆਈ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਗਲਤੀ ਇੰਡੀਗੋ ਦੀ ਹੈ। ਉਨ੍ਹਾਂ ਕਿਹਾ ਕਿ ਏਅਰਲਾਈਨ ਦੀ ਅਣਗਹਿਲੀ ਦੀ ਜਾਂਚ ਕੀਤੀ ਜਾਵੇਗੀ ਅਤੇ ਕਾਰਵਾਈ ਹੋਣੀ ਤੈਅ ਹੈ।
ਸਮੱਸਿਆ ਦਾ ਕਾਰਨ: ਨਵੇਂ DGCA ਨਿਯਮ
ਨਾਗਰਿਕ ਹਵਾਬਾਜ਼ੀ ਮਹਾਨਿਦੇਸ਼ਾਲਾ (DGCA) ਨੇ 1 ਨਵੰਬਰ ਤੋਂ ਪਾਇਲਟਾਂ ਅਤੇ ਹੋਰ ਕਰੂ ਮੈਂਬਰਾਂ ਦੇ ਕੰਮ ਨਾਲ ਸਬੰਧਤ ਨਿਯਮਾਂ ਵਿੱਚ ਬਦਲਾਅ ਕੀਤੇ ਸਨ, ਜਿਨ੍ਹਾਂ ਨੂੰ FDTL ਦਾ ਨਾਮ ਦਿੱਤਾ ਗਿਆ ਹੈ। ਨਵੇਂ ਨਿਯਮਾਂ ਵਿੱਚ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਾਇਲਟਾਂ ਅਤੇ ਕਰੂ ਨੂੰ ਢੁਕਵਾਂ ਆਰਾਮ ਦੇਣ ’ਤੇ ਜ਼ੋਰ ਦਿੱਤਾ ਗਿਆ ਹੈ, ਜਿਸ ਕਾਰਨ ਏਅਰਲਾਈਨ ਕੰਪਨੀਆਂ ਨੂੰ ਅਚਾਨਕ ਪਾਇਲਟਾਂ ਅਤੇ ਕਰੂ ਮੈਂਬਰਾਂ ਦੀ ਕਮੀ ਦਾ ਸਾਹਮਣਾ ਕਰਨਾ ਪਿਆ ਹੈ।
ਇਸ ਦੌਰਾਨ, ਡੀਜੀਸੀਏ ਨੇ ਇੰਡੀਗੋ ਨੂੰ 10 ਫਰਵਰੀ 2026 ਤੱਕ ਅਸਥਾਈ ਰਾਹਤ ਦਿੰਦੇ ਹੋਏ, ਹਫ਼ਤਾਵਾਰੀ ਆਰਾਮ ਦੇ ਬਦਲੇ ਕੋਈ ਵੀ ਛੁੱਟੀ ਨਾ ਦੇਣ ਦੇ ਫੈਸਲੇ ਨੂੰ ਵਾਪਸ ਲੈ ਲਿਆ ਹੈ।
ਸ਼ਨੀਵਾਰ-ਐਤਵਾਰ ਨੂੰ ਵਧੇਗੀ ਪ੍ਰੇਸ਼ਾਨੀ
ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਅੱਜ ਅਤੇ ਕੱਲ੍ਹ (ਸ਼ਨੀਵਾਰ ਅਤੇ ਐਤਵਾਰ) ਇੰਡੀਗੋ ਦੀਆਂ 25-30% ਜ਼ਿਆਦਾ ਉਡਾਣਾਂ ਰੱਦ ਜਾਂ ਦੇਰੀ ਨਾਲ ਚੱਲ ਸਕਦੀਆਂ ਹਨ। ਪਿਛਲੇ 4 ਦਿਨਾਂ ਵਿੱਚ ਰੋਜ਼ਾਨਾ ਔਸਤਨ 500 ਉਡਾਣਾਂ ਲੇਟ ਹੋ ਰਹੀਆਂ ਹਨ, ਜੋ ਸ਼ਨੀਵਾਰ ਅਤੇ ਐਤਵਾਰ ਨੂੰ 600 ਤੱਕ ਪਹੁੰਚ ਸਕਦੀ ਹੈ, ਕਿਉਂਕਿ ਇਨ੍ਹਾਂ ਦਿਨਾਂ ਵਿੱਚ ਆਮ ਨਾਲੋਂ ਜ਼ਿਆਦਾ ਉਡਾਣਾਂ ਦਾ ਸੰਚਾਲਨ ਹੁੰਦਾ ਹੈ।

