The Khalas Tv Blog India ਬੰਬ ਦੀ ਧਮਕੀ ਕਰਕੇ ਅੱਜ ਫੇਰ 20 ਉਡਾਣਾਂ ਦੀ ਐਮਰਜੈਂਸੀ ਲੈਂਡਿੰਗ! ਹੁਣ ਤੱਕ 200 ਕਰੋੜ ਦਾ ਨੁਕਸਾਨ; ਕੇਂਦਰ ਨੇ DGCA ਮੁਖੀ ਹਟਾਇਆ
India

ਬੰਬ ਦੀ ਧਮਕੀ ਕਰਕੇ ਅੱਜ ਫੇਰ 20 ਉਡਾਣਾਂ ਦੀ ਐਮਰਜੈਂਸੀ ਲੈਂਡਿੰਗ! ਹੁਣ ਤੱਕ 200 ਕਰੋੜ ਦਾ ਨੁਕਸਾਨ; ਕੇਂਦਰ ਨੇ DGCA ਮੁਖੀ ਹਟਾਇਆ

ਬਿਉਰੋ ਰਿਪੋਰਟ: ਦੇਸ਼ ਵਿੱਚ ਯਾਤਰੀ ਜਹਾਜ਼ਾਂ ਨੂੰ ਮਿਲ ਰਹੀਆਂ ਧਮਕੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅੱਜ ਐਤਵਾਰ ਫੇਰ 20 ਤੋਂ ਵੱਧ ਉਡਾਣਾਂ ਨੂੰ ਬੰਬ ਦੀ ਧਮਕੀ ਮਿਲੀ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਇਨ੍ਹਾਂ ਵਿੱਚ ਇੰਡੀਗੋ, ਵਿਸਤਾਰਾ ਅਤੇ ਏਅਰ ਇੰਡੀਆ ਦੇ ਛੇ-ਛੇ ਜਹਾਜ਼ ਸ਼ਾਮਲ ਹਨ। ਇਕ ਦਿਨ ਪਹਿਲਾਂ ਸ਼ਨੀਵਾਰ ਨੂੰ 30 ਤੋਂ ਜ਼ਿਆਦਾ ਜਹਾਜ਼ਾਂ ਨੂੰ ਧਮਕੀਆਂ ਮਿਲੀਆਂ ਸਨ। ਇਸ ਕਾਰਨ ਸੈਂਕੜੇ ਯਾਤਰੀ ਘੰਟਿਆਂਬੱਧੀ ਪ੍ਰੇਸ਼ਾਨ ਰਹੇ।

ਦੱਸ ਦੇਈਏ ਪਿਛਲੇ ਇੱਕ ਹਫ਼ਤੇ ਵਿੱਚ 90 ਤੋਂ ਵੱਧ ਜਹਾਜ਼ਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਬਾਅਦ ਵਿੱਚ ਇਹ ਸਭ ਝੂਠ ਸਾਬਤ ਹੋਇਆ। ਇਨ੍ਹਾਂ ਧਮਕੀਆਂ ਕਾਰਨ ਹੁਣ ਤੱਕ 200 ਕਰੋੜ ਰੁਪਏ ਤੱਕ ਦਾ ਨੁਕਸਾਨ ਹੋ ਚੁੱਕਾ ਹੈ। ਜਹਾਜ਼ ਵਿੱਚ ਬੰਬ ਹੋਣ ਦੀ ਸੂਚਨਾ ਮਿਲਣ ’ਤੇ ਫਲਾਈਟ ਨੂੰ ਆਪਣੇ ਤੈਅ ਹਵਾਈ ਅੱਡੇ ਦੀ ਬਜਾਏ ਨਜ਼ਦੀਕੀ ਹਵਾਈ ਅੱਡੇ ’ਤੇ ਉਤਾਰਿਆ ਜਾਂਦਾ ਹੈ। ਇਸ ਨਾਲ ਨਾ ਸਿਰਫ ਜ਼ਿਆਦਾ ਤੇਲ ਦੀ ਖਪਤ ਹੁੰਦੀ ਹੈ, ਬਲਕਿ ਜਹਾਜ਼ ਦੀ ਮੁੜ ਜਾਂਚ ਕਰਨ, ਯਾਤਰੀਆਂ ਨੂੰ ਹੋਟਲਾਂ ਵਿੱਚ ਠਹਿਰਾਉਣ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ’ਤੇ ਛੱਡਣ ਦਾ ਵੀ ਪ੍ਰਬੰਧ ਕਰਨਾ ਪੈਂਦਾ ਹੈ।

ਗ੍ਰਹਿ ਮੰਤਰਾਲੇ ਨੇ ਇਸ ਸਬੰਧ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਹੈ। ਸੀਆਈਐਸਐਫ, ਐਨਆਈਏ ਅਤੇ ਆਈਬੀ ਨੂੰ ਵੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਕੇਂਦਰ ਨੇ ਸ਼ਨੀਵਾਰ ਨੂੰ ਡੀਜੀਸੀਏ ਦੇ ਮੁਖੀ ਵਿਕਰਮ ਦੇਵ ਦੱਤ ਨੂੰ ਅਹੁਦੇ ਤੋਂ ਹਟਾ ਕੇ ਕੋਲਾ ਮੰਤਰਾਲੇ ਵਿੱਚ ਸਕੱਤਰ ਬਣਾ ਦਿੱਤਾ ਹੈ। ਇਸ ਬਦਲਾਅ ਨੂੰ ਧਮਕੀ ਭਰੇ ਮਾਮਲਿਆਂ ਨਾਲ ਜੋੜਿਆ ਜਾ ਰਿਹਾ ਹੈ।

ਇਸ ਦੇ ਨਾਲ ਹੀ ਸ਼ਨੀਵਾਰ ਨੂੰ ਇਕੋ ਸਮੇਂ 30 ਧਮਕੀਆਂ ਮਿਲਣ ਤੋਂ ਬਾਅਦ ਏਅਰਲਾਈਨ ਕੰਪਨੀਆਂ ਦੇ ਸੀਨੀਅਰ ਅਧਿਕਾਰੀਆਂ ਨੇ ਬਿਊਰੋ ਆਫ ਸਿਵਲ ਐਵੀਏਸ਼ਨ ਸਕਿਓਰਿਟੀ (ਬੀ.ਸੀ.ਏ.ਐੱਸ.) ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਬਿਊਰੋ ਦੇ ਡਾਇਰੈਕਟਰ ਜਨਰਲ ਜ਼ੁਲਫਿਕਾਰ ਹਸਨ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਭਾਰਤੀ ਆਕਾਸ਼ ਪੂਰੀ ਤਰ੍ਹਾਂ ਸੁਰੱਖਿਅਤ ਹਨ।

Exit mobile version