‘ਦ ਖ਼ਾਲਸ ਬਿਊਰੋ :- ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਕਡਾਊਨ ਦਾ ਤੀਜਾ ਪੜ੍ਹਾਅ ਖ਼ਤਮ ਹੋਣ ਤੋਂ ਪੰਜ ਦਿਨ ਪਹਿਲਾਂ ਦੇਸ਼ ਵਾਸੀਆਂ ਨੁੂੰ ਮੁੜ ਤੋਂ ਸੰਬੋਧਨ ਕੀਤਾ। ਇਸ ਸੰਬੋਧਨ ਦੇ ਵਿੱਚ ਮੁੱਖ ਮੰਤਰੀ ਵੱਲੋਂ ਐਲਾਨਿਆ ਗਿਆ ਰਾਹਤ ਪੈਕੇਜ ਅਤੇ ਲਾਕਡਾਊਨ ਦਾ ਚੌਥਾ ਪੜ੍ਹਾਅ ਬੜਾ ਖ਼ਾਸ ਰਿਹਾ। ਮੋਦੀ ਨੇ ਕਿਹਾ ਕਿ ਆਰਥਿਕ ਪੈਕੇਜ ਭਾਰਤ ਨੂੰ ਆਤਮ ਨਿਰਭਰ ਬਣਾਉਣ ਦੀ ਮੁਹਿੰਮ ਦੀ ਅਹਿਮ ਕੜੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹਾਲ ਹੀ ਵਿੱਚ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਜੋ ਆਰਥਿਕ ਐਲਾਨ ਕੀਤੇ ਹਨ, ਆਰਬੀਆਈ ਨੇ ਵੀ ਜੋ ਛੋਟਾਂ ਦਿੱਤੀਆਂ ਹਨ, ਜੇ ਇਨ੍ਹਾਂ ਨੂੰ ਮਿਲਾ ਕੇ ਦੇਖੀਏ ਤਾਂ ਇਹ ਕਰੀਬ 20 ਲੱਖ ਕਰੋੜ ਰੁਪਏ ਬਣਦਾ ਹੈ। ਇਹ ਪੈਕੇਜ ਭਾਰਤ ਦੀ ਜੀਡੀਪੀ ਦਾ ਕਰੀਬ 10 ਫੀਸਦ ਹੈ। ਉਨ੍ਹਾਂ ਕਿਹਾ ਕਿ ਇਸ ਦਾ ਲਾਭ ਮੁਲਕ ਦੇ ਸਾਰੇ ਵਰਗਾਂ ਤੇ ਅਰਥ ਵਿਵਸਥਾ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਪੈਕੇਜ ਵਿਚ ਮਜ਼ਦੂਰ ਵਰਗ, ਨਗ਼ਦੀ ਦੀ ਸਥਿਤੀ ਤੇ ਸਾਰੇ ਕਾਨੂੰਨੀ ਪੱਖਾਂ ਨੂੰ ਧਿਆਨ ਵਿਚ ਰੱਖਿਆ ਗਿਆ ਹੈ। ਪੈਕੇਜ ਸੂਖ਼ਮ, ਛੋਟੇ ਤੇ ਦਰਮਿਆਨੇ ਉਦਯੋਗਾਂ ਲਈ ਹੈ ਜੋ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ। ਉਨ੍ਹਾਂ ਆਉਣ ਵਾਲੇ ਦਿਨਾਂ ’ਚ ਵੱਡੇ ਪੱਧਰ ’ਤੇ ਆਰਥਿਕ ਸੁਧਾਰਾਂ ਦਾ ਸੰਕੇਤ ਵੀ ਦਿੱਤਾ ਹੈ।
ਇਸੇ ਦੌਰਾਨ ਮੋਦੀ ਨੇ ਲੋਕਾਂ ਨੂੰ ‘ਲੋਕਲ ‘ਤੇ ਵੋਕਲ’ ਬਣਨ, ਸਥਾਨਕ ਉਤਪਾਦਾਂ ਨੂੰ ਮਹੱਤਵ ਦੇਣ ਤੇ ਉਨ੍ਹਾਂ ਦੀ ਮੰਗ ਵਧਾਉਣ ਦੇ ਨਾਲ ਹੀ ਉਨ੍ਹਾਂ ਦਾ ਪ੍ਰਚਾਰ ਕਰਨ ‘ਤੇ ਵੀ ਜ਼ੋਰ ਦਿੱਤਾ। ਪੈਕੇਜ ਬਾਰੇ ਵਿਸਥਾਰ ਵਿੱਚ ਜਾਣਕਾਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੇਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲਾਕਡਾਊਨ ਦੇ ਚੌਥੇ ਗੇੜ ਨਾਲ ਸਬੰਧਤ ਜਾਣਕਾਰੀ 18 ਮਈ ਤੋਂ ਪਹਿਲਾਂ ਸਾਂਝੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪਹਿਲੇ ਗੇੜਾਂ ਨਾਲੋਂ ਵੱਖ ਹੋਵੇਗਾ। ਮੋਦੀ ਨੇ ਕਿਹਾ ਕਿ ਵਾਇਰਸ ਨੇ ਪੂਰੀ ਦੁਨੀਆ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਪੂਰਾ ਸੰਸਾਰ ਵਾਇਰਸ ਖ਼ਿਲਾਫ਼ ਇਕ ਤਰ੍ਹਾਂ ਦੀ ਜੰਗ ਲੜ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸੰਕਟ ਕਲਪਨਾ ਤੋਂ ਪਰ੍ਹੇ ਦੀ ਗੱਲ ਹੈ। ਮੋਦੀ ਨੇ ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ 8 ਮਈ ਨੂੰ ਮਾਲ ਗੱਡੀ ਹੇਠ ਆ ਕੇ ਹਲਾਕ ਹੋਏ 16 ਪਰਵਾਸੀ ਕਾਮਿਆਂ ਦੇ ਵਾਰਿਸਾਂ ਲਈ 2-2 ਲੱਖ ਰੁਪਏ ਐਕਸਗ੍ਰੇਸ਼ੀਆ ਮਦਦ ਵੀ ਮਨਜ਼ੂਰ ਕੀਤੀ ਹੈ। ਇਹ ਰਾਸ਼ੀ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ਵਿਚੋਂ ਦਿੱਤੀ ਜਾਵੇਗੀ।
ਲਾਕਡਾਊਨ ਦੇ ਚੌਥੇ ਗੇੜ ਬਾਰੇ 18 ਮਈ ਤੋਂ ਜਾਣਕਾਰੀ ਹੋਵੇਗੀ ਸਾਂਝੀ:-
1 ਸੂਖਮ, ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਰਾਹਤ ਦੇਣ ‘ਤੇ ਜ਼ੋਰ।
2 ਸਥਾਨਕ ਉਤਪਾਦਾਂ ਦੇ ਮਹੱਤਵ ‘ਤੇ ਜ਼ੋਰ, ਮੋਦੀ ਵੱਲੋਂ ‘ਲੋਕਲ ਉਤੇ ਵੋਕਲ’ ਦਾ ਨਾਅਰਾ।
3 ਪਰਵਾਸੀ ਮਜ਼ਦੂਰਾਂ ਤੇ ਹੋਰ ਵਰਗਾਂ ਨੂੰ ਵੀ ਰਾਹਤ ਦੇਣ ਦੀ ਤਜਵੀਜ਼।
4 ਸੀਤਾਰਮਨ ਵਿਸਥਾਰ ਵਿੱਚ ਦੇਣਗੇ ਪੈਕੇਜ ਬਾਰੇ ਜਾਣਕਾਰੀ।
ਨਰਸਾਂ ਦੀ ਸ਼ਲਾਘਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਤੰਦਰੁਸਤ ਰੱਖਣ ’ਤ ਨਰਸਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ’ਚ ਨਰਸਾਂ ਵੱਲੋਂ ਕੀਤੇ ਜਾ ਰਹੇ ਮਹਾਨ ਕੰਮ ਲਈ ਦੇਸ਼ ਉਨ੍ਹਾਂ ਦਾ ਅਹਿਸਾਨਮੰਦ ਹੈ।
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖ਼ਰਕਾਰ ਆਪਣੇ ਕੱਲ੍ਹ ਵਾਲੇ ਸੰਬੋਧਨ ਵਿੱਚ ਵੱਡੇ ਰਾਹਤ ਪੈਕੇਜ ਦੀ ਐਲਾਨ ਕਰ ਦਿੱਤਾ ਹੈ। ਪਰ ਇਸ ਰਾਹਤ ਪੈਕੇਜ ਵਿੱਚੋਂ ਲੋਕਾਂ ਨੂੰ ਰਾਹਤ ਕਿਵੇਂ ਮਿਲੇਗੀ, ਇਹ ਵਿਤ ਮੰਤਰੀ ਸੀਤਾਰਮਨ ਦੀ ਯੋਜਨਾ ਤੋਂ ਬਾਅਦ ਹੀ ਸਾਹਮਣੇ ਆਵੇਗਾ।