The Khalas Tv Blog Punjab ਲੁਧਿਆਣਾ ਦੀ ਸਬਜ਼ੀ ਮੰਡੀ ‘ਚ ਟਮਾਟਰ ਦੇ 2 ਕਰੇਟ ਚੋਰੀ
Punjab

ਲੁਧਿਆਣਾ ਦੀ ਸਬਜ਼ੀ ਮੰਡੀ ‘ਚ ਟਮਾਟਰ ਦੇ 2 ਕਰੇਟ ਚੋਰੀ

ਲੁਧਿਆਣਾ: ਲੁਧਿਆਣਾ ਸ਼ਹਿਰ ਦੀ ਸਬਜ਼ੀ ਮੰਡੀ ਵਿੱਚ ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹਰ ਰੋਜ਼ ਸਬਜ਼ੀਆਂ ਚੋਰੀ ਹੋ ਰਹੀਆਂ ਹਨ। ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਐਕਟਿਵਾ ਸਵਾਰ ਵਿਅਕਤੀ ਟਮਾਟਰਾਂ ਦਾ ਕਰੇਟ ਚੋਰੀ ਕਰਦਾ ਨਜ਼ਰ ਆ ਰਿਹਾ ਹੈ। ਚੋਰੀ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਬਜ਼ੀ ਮੰਡੀ ਦੇ ਸਾਰੇ ਦੁਕਾਨਦਾਰ ਅਤੇ ਕਮਿਸ਼ਨ ਏਜੰਟ ਚਿੰਤਤ ਹਨ।

ਦੁਕਾਨਦਾਰਾਂ ਦੇ ਮਾਲ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਮੰਡੀ ਬੋਰਡ ਦੀ ਹੈ ਪਰ ਮੰਡੀ ਬੋਰਡ ਵੀ ਅੱਖਾਂ ਬੰਦ ਕਰਕੇ ਬੈਠਾ ਹੈ। ਮਹਾਨਗਰ ਵਿੱਚ ਚੋਰੀ ਦੀਆਂ ਘਟਨਾਵਾਂ ਦਿਨੋਂ-ਦਿਨ ਵੱਧ ਰਹੀਆਂ ਹਨ। ਇਹ ਚੋਰੀ ਸੋਨੇ-ਚਾਂਦੀ ਦੇ ਗਹਿਣਿਆਂ ਦੀ ਨਹੀਂ ਸਗੋਂ ਸਬਜ਼ੀਆਂ ਦੀ ਹੈ। ਅਜਿਹੀ ਹੀ ਇੱਕ ਚੋਰੀ ਦੀ ਘਟਨਾ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਇੱਕ ਐਕਟਿਵਾ ਸਵਾਰ ਵਿਅਕਤੀ ਸਬਜ਼ੀ ਮੰਡੀ ਵਿੱਚੋਂ ਟਮਾਟਰ ਦੇ 2 ਕਰੇਟ ਚੋਰੀ ਕਰਕੇ ਫਰਾਰ ਹੋ ਗਿਆ। ਸਬਜ਼ੀ ਮੰਡੀ ਦੇ ਦਲਾਲਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਸਬਜ਼ੀਆਂ ਦੇ ਰੇਟ ਵਧ ਜਾਂਦੇ ਹਨ, ਉਹ ਚੋਰੀ ਹੋਣ ਲੱਗ ਜਾਂਦੇ ਹਨ। ਉਸ ਦਾ ਕਹਿਣਾ ਹੈ ਕਿ ਉਹ ਅਜਿਹੀਆਂ ਘਟਨਾਵਾਂ ਤੋਂ ਬਹੁਤ ਦੁਖੀ ਹੈ।

ਜਾਣਕਾਰੀ ਅਨੁਸਾਰ ਬੀਤੀ ਰਾਤ ਇਕ ਐਕਟਿਵਾ ਸਵਾਰ ਵਿਅਕਤੀ ਨੇ ਲੁਧਿਆਣਾ ਦੇ ਬਡੂਰਕੇ ਰੋਡ ‘ਤੇ ਸਥਿਤ ਸਬਜ਼ੀ ਮੰਡੀ ‘ਚੋਂ ਟਮਾਟਰ ਦੇ 2 ਕਰੇਟ ਚੋਰੀ ਕਰ ਲਏ। ਫਰਮ ਦੇ ਮਾਲਕ ਨੇ ਦੱਸਿਆ ਕਿ ਉਸ ਨੇ ਬੀਤੇ ਸ਼ੁੱਕਰਵਾਰ ਸ਼ਾਮ ਨੂੰ ਟਮਾਟਰ ਦਾ ਟਰੱਕ ਉਤਾਰਿਆ ਸੀ, ਜੋ ਸ਼ਨੀਵਾਰ ਸਵੇਰੇ ਵੇਚਣਾ ਸੀ। ਪਰ ਜਦੋਂ ਮੈਂ ਸਵੇਰੇ ਆਇਆ ਤਾਂ ਦੇਖਿਆ ਕਿ 2 ਕਰੇਟ ਘੱਟ ਸਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਵੇਲੇ ਕੁੱਲੂ ਟਮਾਟਰ 100 ਰੁਪਏ ਪ੍ਰਤੀ ਕਿਲੋ ਅਤੇ ਹੋਰ 70 ਤੋਂ 80 ਰੁਪਏ ਕਿਲੋ ਵਿਕ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੰਡੀ ਵਿੱਚ ਚੋਰਾਂ ਦਾ ਗਰੋਹ ਸਰਗਰਮ ਹੈ। ਸੀਸੀਟੀਵੀ ਚੈੱਕ ਕਰਨ ‘ਤੇ ਪਤਾ ਲੱਗਾ ਕਿ ਬੀਤੀ ਰਾਤ 1.35 ਵਜੇ ਇਕ ਵਿਅਕਤੀ ਨੇ ਟਮਾਟਰ ਚੋਰੀ ਕਰ ਲਏ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਇਹ ਪਹਿਲੀ ਘਟਨਾ ਨਹੀਂ ਹੈ। ਜਦੋਂ ਵੀ ਸਬਜ਼ੀਆਂ ਮਹਿੰਗੀਆਂ ਹੁੰਦੀਆਂ ਹਨ ਤਾਂ ਚੋਰੀ ਹੋ ਜਾਂਦੀਆਂ ਹਨ।

 

Exit mobile version