ਜਲੰਧਰ : ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਦੋ ਭਰਾਵਾਂ ਦਾ ਕਤਲ ਕਰ ਦਿੱਤਾ ਗਿਆ ਹੈ। ਸੋਲਨ ਦੇ ਨਾਲਾਗੜ੍ਹ ‘ਚ ਸੜਕ ਦੇ ਵਿਚਕਾਰ ਚਾਕੂ ਨਾਲ ਵਾਰ ਕਰਕੇ ਦੋਵਾਂ ਦਾ ਕਤਲ ਕਰ ਦਿੱਤਾ ਗਿਆ। ਇਸ ਦੋਹਰੇ ਕਤਲ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਪੈਸੇ ਦੇ ਲੈਣ-ਦੇਣ ਪਿੱਛੇ ਦੋਸਤਾਂ ਦੋਸਤਾਂ ਨੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ ਵਰੁਣ ਤੇ ਕੁਨਾਲ ਵਜੋਂ ਹੋਈ ਹੈ। ਦੋਸਤਾਂ ਵੱਲੋਂ ਪੈਸਿਆਂ ਲਈ ਵਰੁਣ ਤੇ ਕੁਨਾਲ ਨੂੰ ਹਿਮਾਚਲ ਤੋਂ ਜਲੰਧਰ ਬੁਲਾਇਆ ਗਿਆ ਸੀ ਪਰ ਜਦੋਂ ਉਹ ਜਲੰਧਰ ਨਹੀਂ ਆਏ ਤਾਂ ਦੋਸਤਾਂ ਨੇ ਹਿਮਾਚਲ ਪਹੁੰਚ ਕੇ ਦੋਵਾਂ ਦੀ ਰੇਕੀ ਕੀਤੀ ਤੇ ਫਿਰ ਉਨ੍ਹਾਂ ਦਾ ਕਤਲ ਕਰ ਦਿੱਤਾ।
ਹੈਰਾਨੀ ਦੀ ਗੱਲ ਇਹ ਹੈ ਕਿ ਹਮਲਾਵਰਾਂ ਨੇ ਸੜਕ ਦੇ ਕਿਨਾਰੇ ਦੋਨਾਂ ਭਰਾਵਾਂ ਨੂੰ ਚਾਕੂਆਂ ਨਾਲ ਮਾਰਿਆ ਅਤੇ ਲੋਕ ਉਥੋਂ ਲੰਘ ਰਹੇ ਸਨ ਪਰ ਕਿਸੇ ਨੇ ਵੀ ਦੋਵਾਂ ਭਰਾਵਾਂ ਨੂੰ ਹਮਲਾਵਰਾਂ ਤੋਂ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਕਤਲ ਦੀ ਇਸ ਘਟਨਾ ਨੂੰ ਮੌਕੇ ‘ਤੇ ਖੜ੍ਹੇ ਇੱਕ ਵਿਅਕਤੀ ਨੇ ਆਪਣੇ ਮੋਬਾਈਲ ਫੋਨ ‘ਚ ਕੈਦ ਕਰ ਲਿਆ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਵਰੁਣ ਅਤੇ ਕੁਨਾਲ ਜਲੰਧਰ ਦੀ ਸਬ-ਡਵੀਜ਼ਨ ਨਕੋਦਰ ਅਧੀਨ ਪੈਂਦੇ ਪਿੰਡ ਖੀਵਾ ਦੇ ਦੋ ਸਕੇ ਭਰਾ ਹਨ। ਦੋਵਾਂ ‘ਤੇ ਨਾਲਾਗੜ੍ਹ-ਰਾਮਸ਼ਹਿਰ ਰੋਡ ‘ਤੇ ਪ੍ਰੀਤ ਕਾਲੋਨੀ ਨੇੜੇ ਪੰਜਾਬ ਤੋਂ ਆਏ 3 ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਦੋਵੇਂ ਭਰਾਵਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਹਸਪਤਾਲ ਵਿੱਚ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ।
ਮ੍ਰਿਤਕ ਨੌਜਵਾਨ ਦੇ ਮਾਮੇ ਨੇ ਦੋਸ਼ ਲਾਇਆ ਕਿ ਨਕੋਦਰ ਦਾ ਗੌਰਵ ਗਿੱਲ ਉਨ੍ਹਾਂ ਨੂੰ ਕੁਝ ਦਿਨਾਂ ਤੋਂ ਜਲੰਧਰ ਬੁਲਾ ਰਿਹਾ ਸੀ ਪਰ ਜਦੋਂ ਉਹ ਨਾ ਆਇਆ ਤਾਂ ਉਹ ਆਪਣੇ ਦੋ ਦੋਸਤਾਂ ਨਾਲ ਨਾਲਾਗੜ੍ਹ ਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੇ ਦੋਹਾਂ ਭਰਾਵਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ ਹੈ।
ਡੀਐਸਪੀ ਨਾਲਾਗੜ੍ਹ ਫਿਰੋਜ਼ ਖਾਨ ਨੇ ਦੱਸਿਆ ਕਿ ਦੋ ਅਸਲੀ ਭਰਾਵਾਂ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।ਉਨ੍ਹਾਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।