ਬਿਉਰੋ ਰਿਪੋਰਟ :
ਇੱਕ ਅਕਤੂਬਰ ਤੋਂ ਦਸਤਾਵੇਜ ਵੈਰੀਫਿਕੇਸ਼ਨ ਵਿੱਚ ਬਰਥ ਸਰਟੀਫਿਕੇਟ ਦੀ ਜ਼ਰੂਰਤ ਵੱਧ ਜਾਵੇਗੀ । ਨਵੇਂ ਨਿਯਮ ਦੇ ਤਹਿਤ ਜਨਮ ਪ੍ਰਮਾਣ ਪੱਤਰ ਦੀ ਵਰਤੋਂ ਸਕੂਲ ਵਿੱਚ ਦਾਖਲੇ, ਡਰਾਇਵਿੰਗ ਲਾਇਸੈਂਸ ਜਾਰੀ ਕਰਨ, ਵੋਟਰ ਆਈਡੀ, ਵਿਆਹ ਦੇ ਸਰਟੀਫਿਕੇਟ, ਸਰਕਾਰੀ ਰੁਜ਼ਗਾਰ, ਪਾਸਪੋਰਟ ਅਤੇ ਅਧਾਰ ਬਣਾਉਣ ਸਹਿਤ ਕਈ ਥਾਵਾਂ ‘ਤੇ ਸਿੰਗਲ ਦਸਤਾਵੇਜ਼ ਦੇ ਤੌਰ ‘ਤੇ ਵਰਤੋਂ ਕੀਤੀ ਜਾ ਸਕੇਗੀ ।
ਜਨਮ ਅਤੇ ਡੈੱਥ ਸਰਟੀਫਿਕੇਟ ਸੋਧ ਬਿੱਲ 2023 ਮੌਨਸੂਨ ਇਜਲਾਸ ਦੇ ਦੌਰਾਨ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿੱਚ ਪਾਸ ਹੋ ਗਿਆ ਹੈ ਅਤੇ ਹੁਣ ਇਸ ਨੂੰ ਰਾਸ਼ਟਰਪਤੀ ਵੱਲੋਂ ਵੀ ਮਨਜ਼ੂਰੀ ਮਿਲ ਗਈ ਹੈ । ਇੱਕ ਅਕਤੂਬਰ ਤੋਂ ਇਹ ਨਿਯਮ ਲਾਗੂ ਹੋ ਜਾਵੇਗਾ। ਮੌਨਸੂਨ ਇਜਲਾਸ ਦੇ ਦੌਰਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਲੋਕਸਭਾ ਵਿੱਚ ਕਿਹਾ ਸੀ ਕਿ ਜਨਮ ਪ੍ਰਮਾਣ ਪੱਤਰ ਤੋਂ ਇਲਾਵਾ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਹੈ।
ਸਰਕਾਰ ਨੇ ਕਿਹਾ ਸਮਾਜਿਕ ਬਦਲਾਅ ਅਤੇ ਤਕਨੀਕ ਵਿੱਚ ਤਾਲਮੇਲ ਬਣਾਉਣ ਦੇ ਲਈ ਕਾਨੂੰਨ ਵਿੱਚ ਸੋਧ ਕੀਤਾ ਗਿਆ ਹੈ । ਨਵੇਂ ਕਾਨੂੰਨ ਦੇ ਬਾਅਦ ਕਿਸੇ ਵਿਅਕਤੀ ਨੂੰ ਉਮਰ ਅਤੇ ਜਨਮ ਥਾਂ ਸਾਬਤ ਕਰਨ ਦੇ ਲਈ ਜਨਮ ਪ੍ਰਮਾਣ ਪੱਤਰ ਨੂੰ ਮਨਜ਼ੂਰ ਕੀਤਾ ਜਾਵੇਗਾ । ਇਸ ਨਾਲ ਜਨਮ ਦੀ ਤਰੀਕ ਅਤੇ ਥਾਂ ਸਾਬਤ ਕਰਨ ਦੇ ਲਈ ਹੋਰ ਦਸਤਾਵੇਜ਼ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ। ਸਿਰਫ ਇੱਕ ਹੀ ਦਸਤਾਵੇਜ਼ ਕਾਫੀ ਹੋਵੇਗਾ ।
ਬਰਥ ਅਤੇ ਡੈੱਥ ਸਰਟੀਫਿਕੇਟ ਦਾ ਸਾਰਾ ਪ੍ਰੋਸੈਸ ਆਨਲਾਈਨ ਹੋਵੇਗਾ
ਕਾਨੂੰਨ ਵਿੱਚ ਸੋਧ ਨਾਲ ਸਭ ਤੋਂ ਵੱਡਾ ਬਦਲਾਅ ਇਹ ਹੋਵੇਗਾ ਕਿ ਬਰਥ ਅਤੇ ਡੈੱਥ ਸਰਟੀਫਿਕੇਟ ਸਾਰਾ ਪ੍ਰੋਸੈਸ ਆਨਲਾਈਨ ਹੋ ਜਾਵੇਗਾ। ਪਹਿਲਾਂ ਇਸ ਦੀ ਹਾਰਡ ਕਾਪੀ ਹੀ ਮਿਲ ਪਾਉਂਦੀ ਸੀ । ਉਸ ਦੇ ਲਈ ਕਈ ਦਿਨਾਂ ਤੱਕ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਸਨ । ਇਸ ਬਿੱਲ ਵਿੱਚ ਬਰਥ ਅਤੇ ਡੈਥ ਸਰਟੀਫਿਕੇਟ ਨੂੰ ਇੱਕ ਕੇਂਦਰੀ ਪੋਰਟਲ ‘ਤੇ ਰਜਿਸਟਰਡ ਕਰਨਾ ਹੋਵੇਗਾ ।
ਕੀ ਜਨਮ ਪ੍ਰਮਾਣ ਪੱਤਰ ਦੀ ਵਰਤੋਂ ਅਧਾਰ ਕਾਰਡ ਵਾਂਗ ਹੋ ਸਕੇਗੀ ?
ਹੁਣ ਤੱਕ ਅਧਾਰ ਨੂੰ ਹਰ ਥਾਂ ‘ਤੇ ਪੱਛਾਣ ਪੱਤਰ ਵਾਂਗ ਵਰਤੋਂ ਵਿੱਚ ਲਿਆਇਆ ਜਾਂਦਾ ਹੈ । ਇਸ ਨੂੰ ਹਰ ਦੂਜੇ ਦਸਤਾਵੇਜ਼ ਅਤੇ ਅਕਾਉਂਟ ਨਾਲ ਲਿੰਕ ਕਰਨ ਦੀ ਜ਼ਰੂਤ ਹੁੰਦੀ ਹੈ । ਉਸੇ ਤਰ੍ਹਾਂ ਬਰਥ ਸਰਟੀਫਿਕੇਟ ਹੋਵੇਗਾ, ਜੋਕਿ ਬਰਥ ਅਤੇ ਡੈੱਥ ਪਰੂਫ ਦੇ ਲਈ ਹਰ ਥਾਂ ਪਛਾਣ ਪੱਤਰ ਵਾਂਗ ਕੰਮ ਕਰੇਗਾ ।