The Khalas Tv Blog Punjab 1 ਨਵੰਬਰ ਦੀ ਮਹਾਂਡਿਬੇਟ ਤੋਂ ਪਹਿਲਾਂ ਨਵੀਂ ਸ਼ਰਤਾਂ !
Punjab

1 ਨਵੰਬਰ ਦੀ ਮਹਾਂਡਿਬੇਟ ਤੋਂ ਪਹਿਲਾਂ ਨਵੀਂ ਸ਼ਰਤਾਂ !

ਬਿਉਰੋ ਰਿਪੋਰਟ : 1 ਨਵੰਬਰ ਦੀ ਮਹਾਂਡਿਬੇਟ ਦੀਆਂ ਤਿਆਰੀਆਂ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਤਕਰੀਬਨ ਪੂਰੀਆਂ ਹੋ ਗਈਆਂ ਹਨ । ਪਰ ਡਿਬੇਟ ਵਿੱਚ ਵਿਰੋਧੀ ਧਿਰਾਂ ਸ਼ਾਮਲ ਹੋਣਗੀਆਂ ਜਾਂ ਨਹੀਂ ਇਸ ਨੂੰ ਲੈਕੇ ਹੁਣ ਵੀ ਸਸਪੈਂਸ ਬਣਿਆ ਹੋਇਆ ਹੈ । ਪਹਿਲਾਂ ਡਿਬੇਟ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਵਾਲੀ ਕਾਂਗਰਸ,ਅਕਾਲੀ ਦਲ ਅਤੇ ਬੀਜੇਪੀ ਹੁਣ ਕੁਝ ਸ਼ਰਤਾਂ ਦੇ ਨਾਲ ਡਿਬੇਟ ਦਾ ਹਿੱਸਾ ਬਣਨ ਦੇ ਲਈ ਤਿਆਰ ਹੋ ਗਈਆਂ ਹਨ । ਪਰ ਵੱਡਾ ਸਵਾਲ ਇਹ ਕਿ ਡਿਬੇਟ ਸ਼ੁਰੂ ਹੋਣ ਦੇ ਕੁਝ ਹੀ ਘੰਟੇ ਪਹਿਲਾਂ ਸ਼ਰਤਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀ ਜਵਾਬ ਆਵੇਗਾ ਇਸ ‘ਤੇ ਹੁਣ ਸਭ ਦੀਆਂ ਨਜ਼ਰਾਂ ਹਨ।

ਪ੍ਰਤਾਪ ਸਿੰਘ ਬਾਜਵਾ ਨੇ ਰੱਖੀਆਂ 4 ਸ਼ਰਤਾਂ

ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਪੀਸੀ ਕਰਦੇ ਹੋਏ ਕਿਹਾ ਕਿ ਉਹ 1 ਨਵੰਬਰ ਦੀ ਮਹਾਂਡਿਬੇਟ ਦਾ ਹਿੱਸਾ ਬਣਨ ਦੇ ਲਈ ਤਿਆਰ ਹਨ ਪਰ ਮੁੱਖ ਮੰਤਰੀ ਮਾਨ ਪਹਿਲਾਂ ਉਨ੍ਹਾਂ ਦਾ 4 ਮੰਗਾਂ ਨੂੰ ਵੱਡਾ ਦਿਲ ਵਿਖਾਉਂਦੇ ਹੋਏ ਮੰਨਣ । ਪ੍ਰਤਾਪ ਸਿੰਘ ਬਾਜਵਾ ਨੇ ਸਭ ਤੋਂ ਪਹਿਲੀ ਸ਼ਰਤ ਸੰਚਾਲਕ ਨੂੰ ਲੈਕੇ ਹੈ । ਉਨ੍ਹਾਂ ਨੇ ਕਿਹਾ ਮੁੱਖ ਮੰਤਰੀ ਮਾਨ ਵੱਲੋਂ ਐਲਾਨੇ ਸਟੇਜ ਸੰਚਾਲਨ .ਪ੍ਰੋ ਨਿਰਮਲ ਜੌੜਾ ਨੂੰ ਹਟਾਇਆ ਜਾਵੇ । ਇਸ ਤੋਂ ਇਲਾਵਾ ਬਾਜਵਾ ਨੇ ਕਿਹਾ ਡਿਬੇਟ ਤੋਂ ਪਹਿਲਾਂ ਮੁੱਦੇ ਤੈਅ ਕਰਨ ਦੇ ਲਈ ਚੰਡੀਗੜ੍ਹ ਵਿੱਚ ਮੀਟਿੰਗ ਸੱਦੀ ਜਾਵੇ ਜਿਸ ਵਿੱਚ ਡਿਬੇਟ ਦੀ ਰੂਪ ਰੇਖਾ ਤੈਅ ਕੀਤੀ ਜਾਵੇ ।

ਸੁਨੀਲ ਜਾਖੜ ਦਾ ਡਿਬੇਟ ‘ਤੇ ਨਵਾਂ ਸਟੈਂਡ

ਉਧਰ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਮੁੱਖ ਮੰਤਰੀ ਜਿਸ ਡਿਬੇਟ ਦੀ ਗੱਲ ਕਰ ਰਹੇ ਹਨ ਉਸ ਦਾ ਕੋਈ ਫਾਇਦਾ ਨਹੀਂ ਹੈ । ਬੰਦ ਆਡੀਟੋਰੀਅਮ ਵਿੱਚ ਡਿਬੇਟ ਸਿਰਫ ਕੈਮਰਿਆਂ ਤੱਕ ਰਹਿ ਜਾਵੇਗੀ । ਜੇਕਰ ਇਸ ਤਰ੍ਹਾਂ ਦੀ ਡਿਬੇਟ ਕਰਨੀ ਹੈ ਤਾਂ ਮੈਨੂੰ ਅਤੇ ਭਗਵੰਤ ਸਿੰਘ ਮਾਨ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿਉ । ਜੋ ਬਾਹਰ ਨਿਕਲਿਆ ਉਹ ਹੀ ਜਿੱਤ ਗਿਆ । ਅਸੀਂ ਕਮਰੇ ਵਿੱਚ ਕਬੱਡੀ ਖੇਡ ਲਵਾਂਗੇ । ਜਿਸ ਨੇ ਸਹੀ ਸਲਾਮਤ ਹਾਲਤ ਵਿੱਚ ਦਰਵਾਜ਼ਾ ਖੋਲਿਆ ਉਹ ਜਿੱਤ ਜਾਵੇਗੀ ।

ਜਾਖੜ ਨੇ ਕਿਹਾ ਡਿਬੇਟ ਕਰਨੀ ਹੈ ਤਾਂ ਖੁੱਲੇ ਵਿੱਚ ਕਰੋ। ਉਨ੍ਹਾਂ ਕਿਹਾ ਮੈਂ ਜਦੋਂ ਲੁਧਿਆਣਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਵੇਰ ਵੇਲੇ ਗੱਲ ਕੀਤੀ ਅਤੇ ਡਿਬੇਟ ਬਾਰੇ ਪੁੱਛਿਆ ਤਾਂ ਉੁਨ੍ਹਾਂ ਕਿਹਾ ਸਾਨੂੰ ਕੁਝ ਨਹੀਂ ਪਤਾ,ਸਾਰੀਆਂ ਤਿਆਰੀਆਂ ਚੰਡੀਗੜ੍ਹ ਤੋਂ ਹੋ ਰਹੀਆਂ ਹਨ। ਉਧਰ ਚੰਡੀਗੜ੍ਹ ਵਿੱਚ ਡਿਬੇਟ ਦੀ ਤਿਆਰੀ ਦਿੱਲੀ ਤੋਂ ਹੋਣ ਦੀ ਗੱਲ ਸਾਹਮਣੇ ਆਈ ਹੈ । ਦਿੱਲੀ ਦੀ ਟੀਮ ਹੀ ਡਿਬੇਟ ਦੀ ਤਿਆਰੀ ਕਰ ਰਹੀ ਹੈ । ਇੱਥੋਂ ਤੱਕ ਮੀਡੀਆ ਵੀ ਦਿੱਲੀ ਤੋਂ ਆਇਆ ਹੈ।

‘SYL ਨਹਿਰ ਬਣੀ ਤਾਂ ਭਗਵੰਤ ਮਾਨ ਜ਼ਿੰਮੇਵਾਰ ਹੋਣਗੇ’

ਬੀਜੇਪੀ ਦੇ ਸੂਬਾ ਪ੍ਰਧਾਨ ਸਨੀਲ ਜਾਖੜ ਨੇ ਕਿਹਾ ਜੇਕਰ SYL ਨਹਿਰ ਪੰਜਾਬ ਵਿੱਚ ਬਣੀ ਤਾਂ ਉਸ ਦੇ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਗੇ । ਉਨ੍ਹਾਂ ਨੇ ਕਿਹਾ ਸੀਐੱਮ ਮਾਨ ਲਾਪਰਵਾਹ ਹਨ ਉਨ੍ਹਾਂ ਨੂੰ ਕੋਈ ਚਿੰਤਾ ਨਹੀਂ ਹੈ । ਉਹ ਪੰਜਾਬ ਨੂੰ ਲੈ ਕੇ ਗੰਭੀਰ ਨਹੀਂ ਹਨ। ਕਿਉਂਕਿ ਉਹ ਆਪਣੇ ਪੁਰਾਣੇ ਪੇਸ਼ੇ ਤੋਂ ਬਾਹਰ ਨਹੀਂ ਆ ਰਹੇ ਹਨ । ਪਾਣੀ ਦਾ ਮੁੱਦਾ ਕੋਈ ਕਲਾਕਾਰਾਂ ਦਾ ਨਹੀਂ ਹੈ ਇਹ ਲੋਕਾਂ ਦੀ ਰੋਜ਼ੀ ਰੋਟੀ ਨਾਲ ਜੁੜਿਆ ਮੁੱਦਾ ਹੈ ।

‘ਮੇਰੀ ਵਧਾਈ ਨਹੀਂ ਲਈ ਲਈ ਭਗਵੰਤ ਮਾਨ ਨੇ ‘

ਸੁਨੀਲ ਜਾਖੜ ਨੇ ਕਿਹਾ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਜਨਮ ਦਿਨ ਸੀ ਉਹ ਮੇਰੇ ਤੋਂ 20 ਸਾਲ ਛੋਟੇ ਹਨ । ਮੈਂ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ ਜਦਕਿ ਬਾਕੀਆਂ ਦਾ ਜਵਾਬ ਉਨ੍ਹਾਂ ਨੇ ਦਿੱਤਾ । ਅਜਿਹਾ ਮੈਂ ਕੀ ਗਲਤ ਕਰ ਦਿੱਤਾ ।

ਬਿਕਰਮ ਸਿੰਘ ਮਜੀਠੀਆ ਦੀ ਚੁਣੌਤੀ

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਜੇਕਰ ਹਿੰਮਤ ਹੈ ਤਾਂ ਸਾਡੀ ਦੱਸੀ ਹੋਈ ਥਾਂ ‘ਤੇ ਡਿਬੇਟ ਲਈ ਪਹੁੰਚਣ । ਤੁਸੀਂ ਮੁੱਖ ਮੰਤਰੀ ਹੋ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਕਿਸੇ ਵੀ ਥਾਂ ‘ਤੇ ਆ ਸਕਦੇ ਹੋ ,ਤੁਹਾਨੂੰ ਕਿਸ ਚੀਜ਼ ਦਾ ਡਰ ਹੈ । ਮਜੀਠੀਆ ਨੇ ਕਿਹਾ ਜਿਸ ਥਾਂ ‘ਤੇ ਮੁੱਖ ਮੰਤਰੀ ਮਾਨ ਨੇ ਡਿਬੇਟ ਰੱਖੀ ਹੈ ਉੱਥੇ ਜੱਜ ਵੀ ਉਹ ਆਪ ਹਨ,ਲੋਕ ਵੀ ਉਨ੍ਹਾਂ ਦੇ ਹਨ । ਫੈਸਲੇ ਵੀ ਉਨ੍ਹਾਂ ਨੇ ਆਪਣੇ ਹਿਸਾਬ ਨਾਲ ਕਰਨੇ ਹਨ । ਉਧਰ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਵੱਲੋਂ ਸਵੇਰ ਵੇਲੇ ਡਿਬੇਟ ਨੂੰ ਲੈਕੇ ਕੁਝ ਸ਼ਰਤਾਂ ਰੱਖਿਆ ਗਈਆਂ ਸਨ ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਸਰਬ ਪਾਰਟੀ ਮੀਟਿੰਗ ਸੱਦਣ ਦਾ ਸੁਝਾਅ ਦਿੰਦਿਆਂ ਕਿਹਾ ਸੀ ਕਿ ਇਸ ਮੁੱਦੇ ‘ਤੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਏਜੰਡਾ ਬਣਾਉਣ। ਅੱਜ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸਰਕਾਰ ਖ਼ਿਲਾਫ ਸਾਰੀਆਂ ਰਾਜਨਿਤਕ ਪਾਰਟੀਆਂ ਦੀ ਮੀਟਿੰਗ ਹੋਣੀ ਚਾਹੀਦੀ ਸੀ।

ਪਾਰਟੀ ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਹ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦਾ ਮਾਮਲਾ ਹੈ ਨਾ ਕਿ ਆਪਸ ਵਿੱਚ ਉਲਝਣ ਦਾ। ਉਨਾਂ ਨੇ ਕਿਹਾ ਕਿ ਇਹ ਬਹਿਸ ਸਿਰਫ ਸੂਬੇ ਦੇ ਪਾਣੀਆਂ ਲਈ ਹੋਣੀ ਚਾਹੀਦੀ ਹੈ , ਬਾਕੀ ਮੁੱਦਿਆਂ ‘ਤੇ ਕਿਸੇ ਹੋਰ ਦਿਨ ਬਹਿਸ ਕੀਤੀ ਜਾ ਸਕਦੀ ਹੈ।

ਚੰਦੂਮਾਜਰਾ ਨੇ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਇਸ ਬਹਿਸ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਆਉਣਗੇ? ਅਕਾਲੀ ਦਲ ਨੇ ਮਾਨ ਸਰਕਾਰ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਦੇ ਇਸ਼ਾਰਿਆਂ ‘ਤੇ ਸਾਰਾ ਕੰਮ ਕਰਦੇ ਹਨ। ਜੋ ਹਦਾਇਤਾਂ ਕੇਜਰੀਵਾਲ ਤੈਅ ਕਰਦਾ ਹੈ , ਮੁੱਖ ਮੰਤਰੀ ਮਾਨ ਉਨ੍ਹਾਂ ਹਦਾਇਤਾਂ ‘ਤੇ ਕੰਮ ਕਰਦੇ ਹਨ।

ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਮੁੱਚੇ ਪੰਜਾਬੀਆਂ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਮਾਮਲੇ ਵਿੱਚ ਇੱਕਸੁਰ ਹੋ ਕੇ ਚੱਲਣ ਦੀ ਲੋੜ ਹੈ। ਚੀਮਾ ਨੇ ਮੁੱਖ ਮੰਤਰੀ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ 75 ਸਾਲਾਂ ਦੇ ਇਤਿਹਾਸ ਨੂੰ ਕਿਵੇਂ 30 ਮਿੰਟ ਵਿੱਚ ਦੱਸਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਾਰੇ ਮੁੱਦਿਆਂ ‘ਤੇ ਬਹਿਸ ਕਰਵਾਉਣੀ ਹੈ ਤਾਂ ਕੋਈ ਹੋਰ ਤਾਰੀਕ ਤੈਅ ਕਰ ਲਈ ਜਾਵੇ ਅਤੇ ਇਹ ਬਹਿਸ ਫਿਰ 1947 ਤੋਂ ਸ਼ੁਰੂ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਚਾਹੁੰਦਾ ਬਲਕਿ ਬਹਿਸ ਦੀ ਬਜਾਏ ਆਲ ਪਾਰਟੀ ਮੀਟਿੰਗ ਹੋਣੀ ਚਾਹੀਦੀ ਸੀ ਤਾਂ ਜੋ ਸਾਂਝੀ ਰਣਨੀਤੀ ਬਣਾ ਕੇ ਮਸਲੇ ਦਾ ਹੱਲ ਕੱਢਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਬਹਿਸ ਵੀ ਕਰਾਉਣੀ ਸੀ ਤਾਂ ਇਹ ਇਸ ਸਬੰਧੀ ਬਕਾਇਦਾ ਨਿਯਮ ਤੈਅ ਹੋਣੇ ਚਾਹੀਦੇ ਸਨ ਕਿ ਕਿਹੜੀ ਪਾਰਟੀ ਨੇ ਪਹਿਲਾਂ ਬੋਲਣਾ ਹੈ ਅਤੇ ਕਿਸ ਨੇ ਬਾਅਦ ਵਿੱਚ ਅਤੇ ਪੂਰੀ ਬਹਿਸ ਦਾ ਨਿਚੋੜ ਦਾ ਹੱਲ ਕੀ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਆਪ ਹੀ ਸਟੇਜ, ਥਾਂ, ਮੰਚ ਸੰਚਾਲਕ ਬਾਰੇ ਤੈਅ ਕਰ ਲਿਆ, ਅਜੇ ਤੱਕ ਇਹ ਵੀ ਫੈਸਲਾ ਨਹੀਂ ਹੋ ਸਕਿਆ ਕਿ ਕਿਹੜੀ ਪਾਰਟੀ ਦੇ ਕਿੰਨੇ ਮੈਂਬਰ ਉਸ ਬਹਿਸ ‘ਚ ਸ਼ਾਮਿਲ ਹੋਣਗੇ ਅਤੇ ਪਾਸ ਕਿਸ ਤਰ੍ਹਾਂ ਜਾਰੀ ਕਰਨੇ ਹਨ।

Exit mobile version