ਮੁਹਾਲੀ ਸਥਿਤ ਸੀ. ਬੀ. ਆਈ. ਅਦਾਲਤ ਵਿਖੇ 1993 ਦੇ ਫਰਜ਼ੀ ਪੁਲਿਸ ਮੁਕਾਬਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਪੁਲਿਸ ਅਧਿਕਾਰੀ ਸੇਵਾਮੁਕਤ ਐਸ.ਐਸ.ਪੀ. ਭੁਪਿੰਦਰ ਸਿੰਘ, ਤਤਕਾਲੀ ਇੰਸਪੈਕਟਰ ਰਘੁਬੀਰ ਸਿੰਘ, ਤਤਕਾਲੀ ਸੂਬਾ ਸਿੰਘ, ਏ ਐਸ ਆਈ ਦੇਵਿੰਦਰ ਸਿੰਘ ਅਤੇ ਏ. ਐੱਸ. ਆਈ. ਗੁਲਬਰਗ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਨਾਲ ਕੁੱਲ ਸਾਡੇ ਤਿੰਨ ਲੱਖ ਦਾ ਜ਼ੁਰਮਾਨਾ ਪ੍ਰਤੀ ਦੋਸ਼ੀ ਨੂੰ ਭਰਨ ਦਾ ਫੈਸਲਾ ਸੁਣਾਇਆ ਹੈ।
ਸਜ਼ਾ ਸੁਣਾਏ ਜਾਣ ਮੌਕੇ ਅਦਾਲਤ ਵਿਖੇ ਤਤਕਾਲੀ ਡੀ. ਐਸ. ਪੀ. ਭੁਪਿੰਦਰ ਸਿੰਘ, ਤਤਕਾਲੀ ਇੰਸਪੈਕਟਰ ਸੂਬਾ ਸਿੰਘ, ਤਤਕਾਲੀ ਏ. ਐਸ. ਆਈ. ਦੇਵਿੰਦਰ ਸਿੰਘ ਨੂੰ ਪਟਿਆਲਾ ਜੇਲ੍ਹ ਤੋਂ ਵੀਡਿਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ ਜਦਕਿ ਤਤਕਾਲੀ ਇੰਸਪੈਕਟਰ ਰਘੁਬੀਰ ਸਿੰਘ ਅਤੇ ਏ. ਐਸ. ਆਈ. ਗੁਲਬਰਗ ਸਿੰਘ ਨੂੰ ਮੁਹਾਲੀ ਅਦਾਲਤ ਵਿਖੇ ਨਿੱਜੀ ਤੌਰ ’ਤੇ ਪੇਸ਼ ਕੀਤਾ ਗਿਆ। ਅਦਾਲਤ ਦੇ ਹੁਕਮਾਂ ਅਨੁਸਾਰ ਦੋਸ਼ੀ ਕਰਾਰ ਦਿੱਤੇ ਗਏ ਮੁਲਜ਼ਮਾਂ ਵਲੋਂ ਭਰਿਆ ਜਾਣ ਵਾਲਾ ਜ਼ੁਰਮਾਨਾ ਪੀੜਤ ਪਰਿਵਾਰਾਂ ਨੂੰ ਦਿੱਤਾ ਜਾਵੇਗਾ।
ਇਨ੍ਹਾਂ ਸਾਰਿਆਂ ‘ਤੇ ਕਤਲ ਅਤੇ ਅਪਰਾਧਿਕ ਸਾਜ਼ਿਸ਼ ਲਈ ਆਈਪੀਸੀ ਦੀ ਧਾਰਾ 302 ਅਤੇ 120-ਬੀ ਤਹਿਤ ਮੁਕੱਦਮਾ ਚਲਾਇਆ ਗਿਆ ਸੀ। ਸ਼ੁਰੂ ਵਿੱਚ, ਇਸ ਮਾਮਲੇ ਵਿੱਚ 10 ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਬਣਾਇਆ ਗਿਆ ਸੀ, ਪਰ ਮੁਕੱਦਮੇ ਦੌਰਾਨ 5 ਦੀ ਮੌਤ ਹੋ ਗਈ।
1993 ਵਿੱਚ, 7 ਨੌਜਵਾਨਾਂ ਨੂੰ ਇੱਕ ਮੁਕਾਬਲੇ ਵਿੱਚ ਮ੍ਰਿਤਕ ਦਿਖਾਇਆ ਗਿਆ ਸੀ
ਇਹ 1993 ਦਾ ਮਾਮਲਾ ਹੈ, ਜਿਸ ਵਿੱਚ 2 ਵੱਖ-ਵੱਖ ਮੁਕਾਬਲਿਆਂ ਵਿੱਚ 7 ਨੌਜਵਾਨਾਂ ਨੂੰ ਮ੍ਰਿਤਕ ਦਿਖਾਇਆ ਗਿਆ ਸੀ। ਜਦੋਂ ਕਿ ਉਨ੍ਹਾਂ ਵਿੱਚੋਂ 4 ਵਿਸ਼ੇਸ਼ ਪੁਲਿਸ ਅਧਿਕਾਰੀ (ਐਸਪੀਓ) ਵਜੋਂ ਤਾਇਨਾਤ ਸਨ। ਦੋਸ਼ੀਆਂ ਨੇ 27 ਜੂਨ 1993 ਨੂੰ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਚੁੱਕ ਲਿਆ ਅਤੇ ਉਨ੍ਹਾਂ ਨੂੰ ਕਈ ਦਿਨਾਂ ਤੱਕ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ ਅਤੇ ਉਨ੍ਹਾਂ ‘ਤੇ ਤਸ਼ੱਦਦ ਕੀਤਾ।
28 ਜੁਲਾਈ 1993 ਨੂੰ, ਉਸ ਸਮੇਂ ਦੇ ਡੀਐਸਪੀ ਭੁਪਿੰਦਰਜੀਤ ਸਿੰਘ ਦੀ ਅਗਵਾਈ ਹੇਠ ਇੱਕ ਫਰਜ਼ੀ ਮੁਕਾਬਲਾ ਕੀਤਾ ਗਿਆ ਸੀ । ਤਰਨਤਾਰਨ ਵਿੱਚ ਥਾਣਾ ਵੈਰੋਵਾਲ ਅਤੇ ਥਾਣਾ ਸਹਾਰਲੀ ਵਿਖੇ ਫਰਜ਼ੀ ਪੁਲਿਸ ਮੁਕਾਬਲਿਆਂ ਲਈ ਦੋ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਗਈਆਂ ਸਨ। ਫਰਜ਼ੀ ਮੁਕਾਬਲੇ ਵਿੱਚ 7 ਨੌਜਵਾਨ ਮਾਰੇ ਗਏ ਸਨ। 12 ਦਸੰਬਰ 1996 ਦੇ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ, ਇਹ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀ।