ਕਪੂਰਥਲਾ : ਜ਼ਿਲ੍ਹੇ ਦੇ ਪਿੰਡ ਮਿਆਣੀ ਮੱਲ੍ਹਾ ਵਿੱਚ ਦੋ ਕਿਸਾਨਾਂ ਦੀ 180 ਟਰਾਲੀ ਤੂੜੀ ਨੂੰ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ ਹੈ। ਉਹ ਤੂੜੀ ਕਿਸਾਨਾਂ ਨੇ ਖੇਤ ਵਿੱਚ ਸਟੋਰ ਕੀਤੀ ਹੋਈ ਸੀ। ਇਸ ਹਾਦਸੇ ਕਾਰਨ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਘਟਨਾ ਪਿੱਛੇ ਪੀੜਤ ਕਿਸਾਨਾਂ ਨੇ ਸ਼ਰਾਰਤੀ ਅਨਸਰਾਂ ਨੂੰ ਜਿੰਮੇਵਾਰ ਦੱਸਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਪਿੰਡ ਧੂੰਦਾ, ਤਹਿਸੀਲ ਖਡੂਰ ਸਾਹਿਬ ਦੇ ਵਸਨੀਕ ਕਿਸਾਨ ਇੰਦਰਜੀਤ ਸਿੰਘ ਅਤੇ ਪਿੰਡ ਮਹੀਂਵਾਲ, ਸੁਲਤਾਨਪੁਰ ਲੋਧੀ, ਤਹਿਸੀਲ ਅਮਰ ਸਿੰਘ ਮੰਡ ਨੇ ਜ਼ਮੀਨ ਅਤੇ ਕੁਝ ਨਾੜ ਠੇਕੇ ’ਤੇ ਲਈ ਸੀ। ਉਨ੍ਹਾਂ ਨੇ ਨਾੜ ਤੋਂ ਤੂੜੀ ਤਿਆਰ ਕਰਕੇ ਇਸਨੂੰ ਖੇਤੀ ਵਿਚ ਹੀ ਸਟੋਰ ਕੀਤਾ ਸੀ।
ਪੀੜਤ ਕਿਸਾਨਾਂ ਮੁਤਾਬਕ ਹੋਰਨਾਂ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਨਾੜ ਨੂੰ ਅੱਗ ਲਗਾਉਣ ਕਾਰਨ ਅੱਗ ਦੀਆਂ ਲਪਟਾਂ ਤੂੜੀ ਦੇ ਸਟੋਰ ਤੱਕ ਪਹੁੰਚ ਗਈਆਂ ਅਤੇ ਕੁਝ ਹੀ ਸਮੇਂ ਵਿੱਚ ਇਸ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਹਾਲਾਂਕਿ ਅੱਗ ਬੁਝਾਉਣ ਲਈ ਕਿਸਾਨਾਂ ਵੱਲੋਂ ਸਖ਼ਤ ਮਿਹਨਤ ਕੀਤੀ ਗਈ।
ਹਰਦੀਪ ਸਿੰਘ ਨੇ ਦੱਸਿਆ ਕਿ ਇਹ ਅੱਗ ਕਿਸੇ ਸ਼ਰਾਰਤੀ ਅਨਸਰ ਵੱਲੋਂ ਲਗਾਈ ਗਈ ਹੈ। ਇੰਦਰਜੀਤ ਸਿੰਘ ਦੀਆਂ 150 ਟਰਾਲੀਆਂ ਅਤੇ ਅਮਰ ਸਿੰਘ ਮੰਡ ਦੀਆਂ 30 ਟਰਾਲੀਆਂ ਸੜ ਕੇ ਸੁਆਹ ਹੋ ਗਈਆਂ ਹਨ। ਜਿਸ ਕਾਰਨ ਉਸ ਦਾ ਕਾਫੀ ਆਰਥਿਕ ਨੁਕਸਾਨ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਇਸ ਤੁੜੀ ਨੂੰ ਇਸ ਲਈ ਸਟੋਰ ਕੀਤਾ ਗਿਆ ਸੀ ਤਾਂ ਜੋ ਇਸ ਨੂੰ ਚੰਗੀ ਕੀਮਤ ‘ਤੇ ਵੇਚ ਕੇ ਠੇਕੇ ‘ਤੇ ਲਈ ਗਈ ਜ਼ਮੀਨ ਦਾ ਠੇਕਾ ਲਿਆ ਜਾ ਸਕੇ। ਕਿਸਾਨ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ 5 ਤੋਂ 6 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨਾੜ ਨੂੰ ਅੱਗ ਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।