ਬਿਉਰੋ ਰਿਪੋਰਟ: ਨੋਇਡਾ ਦੇ ਨੌਜਵਾਨ ਸੰਨੀ ਕੁਮਾਰ ਨੇ ਆਪਣੇ ਹਮਉਮਰਾਂ ਲਈ ਇੱਕ ਵੱਡੀ ਮਿਸਾਲ ਕਾਇਮ ਕੀਤੀ ਹੈ। ਮਸ਼ਹੂਰ ਅਧਿਆਪਕ ਫਿਜ਼ਿਕਸ ਵਾਲਾ ਦੇ ਅਲਖ ਪਾਂਡੇ ਅਕਸਰ ਉਨ੍ਹਾਂ ਵਿਦਿਆਰਥੀਆਂ ਦੀਆਂ ਪ੍ਰੇਰਨਾਦਾਇਕ ਕਹਾਣੀਆਂ ਸਾਂਝੀਆਂ ਕਰਦੇ ਹਨ ਜਿਨ੍ਹਾਂ ਨੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਾਰੀਆਂ ਰੁਕਾਵਟਾਂ ਦਾ ਸਾਹਮਣਾ ਕੀਤਾ ਹੋਵੇ। ਹਾਲ ਹੀ ਵਿੱਚ ਉਨ੍ਹਾਂ ਨੇ ਨੋਇਡਾ ਦੇ ਇਸ 18-ਸਾਲਾ ਸਮੋਸਾ ਵੇਚਣ ਵਾਲੇ ਨੌਜਵਾਨ ਦੀ ਕਹਾਣੀ ਸਾਂਝੀ ਕੀਤੀ ਹੈ ਜਿਸਨੇ ਅੰਡਰਗਰੈਜੂਏਟ ਮੈਡੀਕਲ ਪ੍ਰੋਗਰਾਮਾਂ ਵਿੱਚ ਦਾਖ਼ਲੇ ਲਈ ਕੀਤੀ ਗਈ ਪ੍ਰੀਖਿਆ NEET UG ਪਾਸ ਕਰ ਲਈ ਹੈ।
ਫਿਜ਼ਿਕਸ ਵਾਲਾ ਨੇ ਦੋ ਵੀਡੀਓ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਵਿਦਿਆਰਥੀ ਸੰਨੀ ਕੁਮਾਰ ਦਾ ਕਮਰਾ ਦਿਖਾਉਂਦਾ ਹੈ। ਫੁਟੇਜ ਵਿੱਚ ਅਲਖ ਪਾਂਡੇ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਕੁਮਾਰ ਦੇ ਕਮਰੇ ਦੀਆਂ ਕੰਧਾਂ ਨੋਟਸ ਨਾਲ ਭਰੀਆਂ ਹੋਈਆਂ ਦੇਖੀਆਂ। ਦੂਜੇ ਸੀਨ ਵਿੱਚ, ਉਹ ਕੁਮਾਰ ਦੀ ਉਸ ਦੀ ਪ੍ਰਾਪਤੀ ਲਈ ਪ੍ਰਸ਼ੰਸਾ ਕਰਦੇ ਹੋਏ ਦਿੱਸ ਰਹੇ ਹਨ।
ਸਿਰਫ 18 ਸਾਲ ਦੀ ਉਮਰ ਵਿੱਚ, ਸੰਨੀ ਕੁਮਾਰ ਨੇ ਆਪਣੀ ਪੜ੍ਹਾਈ ਅਤੇ ਆਪਣੀ ਦੁਕਾਨ ਨੂੰ ਨਾਲੋ-ਨਾਲ ਸੰਭਾਲਿਆ। ਉਨ੍ਹਾਂ ਨੇ ਦੱਸਿਆ ਕਿ ਦੁਪਹਿਰ 2 ਵਜੇ ਸਕੂਲ ਖ਼ਤਮ ਹੋਣ ਤੋਂ ਬਾਅਦ ਉਹ ਆਪਣੀ ਦੁਕਾਨ ਚਲਾਉਂਦਾ ਸੀ ਅਤੇ ਫਿਰ ਰਾਤ ਤੱਕ ਪੜ੍ਹਦਾ ਸੀ।
ਫਿਜ਼ਿਕਸ ਵਾਲਾ ਦੇ ਅਨੁਸਾਰ, ਸੰਨੀ ਨੇ NEET 2024 ਦੀ ਪ੍ਰੀਖਿਆ 720 ਵਿੱਚੋਂ 664 ਅੰਕਾਂ ਨਾਲ ਸਿਰਫ ਇੱਕ ਸਾਲ ਦੀ ਤਿਆਰੀ ਅਤੇ ਆਪਣੇ ਸਮੋਸੇ ਸਟਾਲ ’ਤੇ 4-5 ਘੰਟੇ ਕੰਮ ਕਰਕੇ ਪਾਸ ਕੀਤੀ। ਨੋਇਡਾ ਦੇ ਰਹਿਣ ਵਾਲੇ ਕੁਮਾਰ ਨੇ ਯਾਦ ਕਰਦਿਆਂ ਕਿਹਾ, ‘ਕਈ ਵਾਰ ਮੈਂ ਸਾਰੀ ਰਾਤ ਪੜ੍ਹਦਾ ਸੀ, ਫਿਰ ਸਵੇਰੇ ਮੇਰੀਆਂ ਅੱਖਾਂ ਵਿੱਚ ਦਰਦ ਹੋ ਜਾਂਦਾ ਸੀ।’
ਡਾਕਟਰੀ ਖੇਤਰ ਵਿੱਚ ਆਪਣੀ ਦਿਲਚਸਪੀ ਬਾਰੇ ਗੱਲ ਕਰਦੇ ਹੋਏ ਕੁਮਾਰ ਨੇ ਕਿਹਾ, ‘ਮੈਨੂੰ ਦਵਾਈ ਦੇਖਣ ਤੋਂ ਬਾਅਦ ਦਿਲਚਸਪੀ ਪੈਦਾ ਹੋਈ, ਮੈਂ ਇਹ ਸਮਝਣਾ ਚਾਹੁੰਦਾ ਸੀ ਕਿ ਲੋਕ ਕਿਵੇਂ ਠੀਕ ਹੁੰਦੇ ਹਨ, ਇਸ ਲਈ ਮੈਂ ਬਾਇਓਲੋਜੀ ਲਿਆ ਹੈ, ਸਮੋਸੇ ਵੇਚਣਾ ਮੇਰੇ ਭਵਿੱਖ ਦਾ ਫੈਸਲਾ ਨਹੀਂ ਕਰੇਗਾ।’
ਸੰਨੀ 11ਵੀਂ ਜਮਾਤ ਤੋਂ ਫਿਜ਼ਿਕਸ ਦੀ ਪੜ੍ਹਾਈ ਕਰ ਰਿਹਾ ਹੈ, ਸੰਨੀ ਦੇ ਸੰਘਰਸ਼ ਨੂੰ ਦੇਖਦੇ ਹੋਏ ਅਲਖ ਪਾਂਡੇ ਨੇ ਉਸ ਨੂੰ 6 ਲੱਖ ਰੁਪਏ ਦੀ ਸਕਾਲਰਸ਼ਿਪ ਦਿੱਤੀ ਅਤੇ ਮੈਡੀਕਲ ਕਾਲਜ ਦੀ ਟਿਊਸ਼ਨ ਫੀਸ ਦੇਣ ਦਾ ਵਾਅਦਾ ਕੀਤਾ ਹੈ।