The Khalas Tv Blog India ਪੰਜਾਬ ‘ਚ ਕੈਂਸਰ ਨਾਲ ਰੋਜ਼ਾਨਾ 18 ਮੌਤਾਂ, 63 ਫ਼ੀਸਦੀ ਕੇਂਦਰੀ ਗਰਾਂਟ ਪਈ ਰਹਿ ਗਈ ਅਣਵਰਤੀ
India Khalas Tv Special Punjab

ਪੰਜਾਬ ‘ਚ ਕੈਂਸਰ ਨਾਲ ਰੋਜ਼ਾਨਾ 18 ਮੌਤਾਂ, 63 ਫ਼ੀਸਦੀ ਕੇਂਦਰੀ ਗਰਾਂਟ ਪਈ ਰਹਿ ਗਈ ਅਣਵਰਤੀ

 

ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਇੱਕ ਲੱਖ ਦੀ ਆਬਾਦੀ ਪਿੱਛੇ 90 ਜਣੇ ਕੈਂਸਰ ਦੀ ਬਿਮਾਰੀ ਦਾ ਸ਼ਿਕਾਰ ਹਨ। ਕੌਮਾ ਪੱਧਰ ‘ਤੇ ਇਹ ਅੰਕੜਾ 80 ਹੈ। ਹਰ ਰੋਜ਼ 18 ਜਣੇ ਮੌਤ ਦੇ ਮੂੰਹ ਵਿੱਚ ਜਾਣ ਲੱਗੇ ਹਨ। ਉੱਤਰੀ ਭਰਤ ਦੇ ਰਾਜਾਂ ਨਾਲੋਂ ਸਭ ਤੋਂ ਵੱਧ ਕੈਂਸਰ ਦਾ ਕਹਿਰ ਪੰਜਾਬ ਵਿੱਚ ਵਰਤ ਰਿਹਾ ਹੈ। ਮਾਲਵਾ ਦੇ ਜ਼ਿਲ੍ਹਾ ਮੁਕਤਸਰ ਵਿੱਚ ਸਭ ਤੋਂ ਵੱਧ ਇੱਕ ਲੱਖ ਪਿੱਛੇ 136 ਜਣੇ ਕੈਂਸਰ ਤੋਂ ਪੀੜਤ ਹਨ। ਪੂਰੇ ਮਾਲਵੇ ਦੀ ਗੱਲ ਕਰੀਏ ਤਾਂ ਸੂਬੇ ਨਾਲੋਂ ਸਭ ਤੋਂ ਵੱਧ ਇੱਕ ਲੱਖ ਪਿੱਛੇ 107 ਜਣੇ ਕੈਂਸਰ ਦਾ ਦੁੱਖ ਭੋਗ ਰਹੇ ਹਨ। ਇਹ ਅੰਕੜੇ ਪੀਜੀਆਈ ਵੱਲੋਂ ਇਸੇ ਸਾਲ ਜਨਵਰੀ ਵਿੱਚ ਤਿਆਰ ਕੀਤੀ ਇੱਕ ਰਿਪੋਰਟ ਤੋਂ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਲੋਕ ਸਭਾ ਵਿੱਚ ਪੇਸ਼ ਕੀਤੀ ਰਿਪੋਰਟ ਵਿੱਚ ਵੀ ਇਹੋ ਅੰਕੜੇ ਪੇਸ਼ ਕੀਤੇ ਗਏ ਹਨ।

ਇੱਕ ਪਾਸੇ ਪੰਜਾਬ ਵਿੱਚ ਕੈਂਸਰ ਨਾਲ ਲੋਕ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਦੂਜੇ ਪਾਸੇ ਕੈਂਸਰ ਦੇ ਮਰੀਜ਼ਾਂ ਲਈ ਕੇਂਦਰ ਵੱਲੋਂ ਜਾਰੀ ਕੀਤੀ ਗਰਾਂਟ ਅਣਵਰਤੀ ਪਈ ਰਹਿ ਰਹੀ ਹੈ। ਪੰਜਾਬ ਵਿੱਚ ਸਾਲ 2021 ਦੌਰਾਨ ਸਭ ਤੋਂ ਵੱਧ ਕੈਂਸਰ ਦੇ 40406 ਮਰੀਜ਼ ਸਾਹਮਣੇ ਆਏ ਸਨ ਜਦਕਿ ਉਸ ਤੋਂ ਇੱਕ ਸਾਲ ਪਹਿਲਾਂ ਮਰੀਜ਼ਾਂ ਦੀ ਗਿਣਤੀ 38636 ਸੀ। ਉਸ ਤੋਂ ਪਹਿਲਾਂ 2019 ਵਿੱਚ 37744 ਅਤੇ 2018 ਵਿੱਚ 36888 ਕੈਂਸਰ ਦੇ ਨਵੇਂ ਮਰੀਜ਼ ਸਾਹਮਣੇ ਆਏ ਸਨ। ਮੁੱਖ ਮੰਤਰੀ ਕੈਂਸਰ ਰਾਹਤ ਫੰਡ ਵਿੱਚੋਂ ਮਰੀਜ਼ਾਂ ਨੂੰ ਇਲਾਜ ਲਈ 1.50 ਲੱਖ ਦੀ ਗਰਾਂਟ ਦਿੱਤੀ ਜਾਂਦੀ ਹੈ। ਪਹਿਲੀ ਗੱਲ ਤਾਂ ਇਹ ਰਕਮ ਬੜੀ ਨਿਗੂਣੀ ਜਿਹੀ ਹੈ। ਉਸ ਤੋਂ ਅੱਗੇ ਕਈ ਵਾਰ ਗਰਾਂਟ ਮੰਨਜ਼ੂਰ ਨਹੀਂ ਹੁੰਦੀ ਅਤੇ ਬਹੁਤੀ ਵਾਰ ਅਜਿਹਾ ਵੀ ਹੋਇਆ ਹੈ ਕਿ ਮਰੀਜ਼ ਦੇ ਦੁਨੀਆ ਤੋਂ ਤੁਰ ਜਾਣ ਤੋਂ ਬਾਅਦ ਰਕਮ ਜਾਰੀ ਕੀਤੀ ਗਈ ਹੈ। ਪੰਜਾਬ ਜੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਿਲ੍ਹੇ ਪਟਿਆਲਾ ਵਿੱਚ ਇੱਕ ਲੱਖ ਪਿੱਛੇ 108 ਪੁਰਸ਼ਾਂ ਅਤੇ 124 ਮਹਿਲਾਵਾਂ ਨੂੰ ਕੈਂਸਰ ਹੋਣ ਦੀ ਪੁਸ਼ਟੀ ਹੋਈ ਹੈ।


ਨੈਸ਼ਨਲ ਨਾਨ ਕਮਨੀਕੇਸ਼ਨ ਡਜ਼ੀਜ਼ ਦੇ ਸਰਵੇ ਮੁਤਾਬਿਕ ਪੰਜਾਬ ਵਿੱਚ 32.8 ਫ਼ੀਸਦੀ ਲੋਕ ਤੰਬਾਕੂ, 15.9 ਫ਼ੀਸਦੀ ਸ਼ਰਾਬ ਅਤੇ 41.3 ਫ਼ੀਸਦੀ ਬਦਲੀ ਜੀਵਨਸ਼ੈਲੀ ਕਰਕੇ ਕੈਂਸਰ ਦੇ ਲਪੇਟ ਵਿੱਚ ਆ ਰਹੇ ਹਨ। ਸਰਵੇ ਮੁਤਾਬਿਕ ਪੰਜਾਬ ਵਿੱਚ 2018 ਦੌਰਾਨ 36888 ਲੋਕਾਂ ਨੂੰ ਕੈਂਸਰ ਹੋਇਆ ਸੀ। ਇਸ ਸਾਲ ਹਰਿਆਣੇ ਵਿੱਚ 27666 , ਹਿਮਾਚਲ ਪ੍ਰਦੇਸ਼ ‘ਚ 8412 ਅਤੇ ਚੰਡੀਗੜ੍ਹ ‘ਚ 966 ਲੋਕਾਂ ਨੂੰ ਕੈਂਸਰ ਦੀ ਪੁਸ਼ਟੀ ਹੋਈ । ਸਾਲ 2019 ਵਿੱਚ ਇਹ ਅੰਕੜਾ ਕ੍ਰਮਵਾਰ 37744, 28453,8589 ਅਤੇ 944 ਹੋ ਗਿਆ। ਉਸ ਤੋਂ ਇੱਕ ਸਾਲ ਬਾਅਦ ਪੰਜਾਬ ਵਿੱਚ ਕੈਂਸਰ ਦੇ 38636 ਨਵੇਂ ਮਰੀਜ਼ ਆਏ। ਹਰਿਆਣੇ ਵਿੱਚ ਇਹ ਗਿਣਤੀ 29219, ਹਿਮਾਚਲ ਵਿੱਚ 8707 ਅਤੇ ਚੰਡੀਗੜ੍ਹ ਵਿੱਚ 1024 ਸੀ।

ਸਪਸ਼ਟ ਹੈ ਕਿ ਕੈਂਸਰ ਉੱਤਰੀ ਰਾਜਾਂ ਨੂੰ ਆਪਣੀ ਲਪੇਟ ਵਿੱਚ ਤੇਜ਼ੀ ਨਾਲ ਲੈਣ ਲੱਗਾ ਹੈ ਪਰ ਸਭ ਤੋਂ ਬੁਰੀ ਮਾਰ ਪੰਜਾਬ ਨੂੰ ਪੈ ਰਹੀ ਹੈ। ਦੂਜੇ ਬੰਨੇ ਇੱਕ ਹੋਰ ਕੌੜੀ ਸਚਾਈ ਸਾਹਮਣੇ ਆਈ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਕੈਂਸਰ ਸਮੇਤ ਦੂਜੀਆਂ ਲਾ ਇਲਾਜ ਬਿਮਾਰੀਆਂ ਲਈ ਜਿਹੜੀ ਗਰਾਂਟ ਜਾਰੀ ਕੀਤੀ ਜਾਂਦੀ ਰਹੀ ਹੈ ਉਸ ਵਿੱਚੋਂ ਦੋ ਤਿਹਾਈ ਤਾਂ ਅਣਵਰਤੀ ਪਈ ਜਾਂਦੀ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਦਾ ਰਿਕਾਰਡ ਬੋਲਦਾ ਹੈ ਕਿ ਪੰਜਾਬ ਸਰਕਾਰ ਨੂੰ 2017-18 ਦੌਰਾਨ 1.84 ਕਰੋੜ ਦੀ ਗਰਾਂਟ ਦਿੱਤੀ ਗਈ । ਜਿਸ ਵਿੱਚੋਂ 90.7 ਲੱਖ ਅਣਵਰਤੀ ਪਈ ਰਹਿ ਗਈ ਸੀ। ਸਾਲ 2018-19 ਦੌਰਾਨ ਮਿਲੀ 2.11 ਕਰੋੜ ਦੀ ਗਰਾਂਟ ਵਿੱਚੋਂ 1.03 ਕਰੋੜ ਵਰਤੀ ਹੀ ਨਹੀਂ ਗਈ। ਉਸਤੋਂ ਅਗਲੇ ਸਾਲ ਦੀ ਗੱਲ ਕਰੀਏ ਤਾਂ 1.84 ਕਰੋੜ ਦੀ ਗਰਾਂਟ ਵਿੱਚੋਂ ਸਿਰਫ 77 ਲੱਖ ਹੀ ਵਰਤੀ ਗਈ ਅਤੇ ਇੱਕ ਕਰੋੜ ਤੋਂ ਵੱਧ ਰਕਮ ਲੈਪਸ ਹੋ ਗਈ ।

ਸਾਲ 2020-21 ਦੌਰਾਨ ਕੇਂਦਰ ਵੱਲੋਂ 1.69 ਕਰੋੜ ਰੁਪਏ ਦਿੱਤੇ ਗਏ ਜਿਸ ਵਿੱਚੋਂ 83.70 ਲੱਖ ਅਣਵਰਤੇ ਪਏ ਰਹਿ ਗਏ। 2021-22 ਦੌਰਾਨ ਸਭ ਤੋਂ ਵੱਧ 7.05 ਕਰੋੜ ਦੀ ਗਰਾਂਟ ਰਲੀਜ਼ ਹੋਈ ਅਤੇ ਇਸ ਵਿੱਚੋਂ 1.60 ਕਰੋੜ ਨੂੰ ਮਰੀਜ਼ਾਂ ਦੇ ਇਲਾਜ ਲਈ ਵਰਤਿਆ ਨਹੀਂ ਗਿਆ। ਕੇਂਦਰ ਸਰਕਾਰ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ ਕੈਂਸਰ, ਸ਼ੂਗਰ ਅਤੇ ਦਿਲ ਦੇ ਮਰੀਜ਼ਾਂ ਲਈ 14. 56 ਕਰੋੜ ਦੀ ਰਕਮ ਜਾਰੀ ਕੀਤੀ ਗਈ ਸੀ ਜਿਸ ਵਿੱਚੋਂ 5.44 ਕਰੋੜ ਹੀ ਵਰਤੀ ਗਈ ਜਿਸ ਦਾ ਭਾਵ ਇਹ ਹੋਇਆ ਕਿ 63 ਫ਼ੀਸਦੀ ਪੈਸਾ ਸਰਕਾਰ ਦੇ ਖਜ਼ਾਨੇ ਵਿੱਚ ਜ਼ਮਾਂ ਹੋ ਕੇ ਵੀ ਲੈਪਸ ਹੋ ਗਈ ਹੈ।

ਕੇਂਦਰ ਸਰਕਾਰ ਨੇ ਰਾਜਾਂ ਨੂੰ 2010 ਵਿੱਚ ਲਾਇਲਾਜ ਬਿਮਾਰੀਆਂ ਨਾਲ ਲੜਨ ਲਈ ਗਰਾਂਟ ਦੇਣੀ ਸ਼ੁਰੂ ਕੀਤੀ ਸੀ। ਪੰਜਾਬ ਸਰਕਾਰ ਦੇ ਨੋਡਲ ਅਫ਼ਸਰ ਡਾਕਟਰ ਸੰਦੀਪ ਸਿੰਘ ਦਾ ਕਹਿਣਾ ਹੈ ਕਿ ਕਰੋਨਾ ਦੀ ਵਜ੍ਹਾ ਕਰਕੇ ਗਰਾਂਟ ਦੀ ਵਰਤੋਂ ਪੂਰੀ ਤਰ੍ਹਾਂ ਨਹੀਂ ਹੋ ਸਕੀ ਸੀ। ਉਸ ਨੇ ਇਹ ਵੀ ਕਿਹਾ ਕਿ ਹੁਣ ਹਸਪਤਾਲਾਂ ਵਿੱਚ ਮੁੱਢਲਾ ਆਧਾਰੀ ਢਾਂਚਾ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਬੇਹਤਰ ਇਲਾਜ ਦੇਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।
ਪੀਜੀਆਈ ਦੀ ਇੱਕ ਹੋਰ ਰਿਪੋਰਟ ਪੰਜਾਬ ਵਿੱਚ ਕੈਂਸਰ ਦੇ ਵੱਧ ਰਹੇ ਕਹਿਰ ਵਾਰੇ ਨਵਾਂ ਖੁਲਾਸਾ ਕਰ ਰਹੀ ਹੈ ਕਿ ਮਾਲਵੇ ਦੇ ਪਿੰਡਾਂ ਵਿੱਚ ਹਰ ਦੂਜੇ ਘਰ ਵਿੱਚ ਕੈਂਸਰ ਕਾਰਨ ਸੱਥਰ ਵਿਛੇ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਹਰ ਰੋਜ਼ ਕੈਂਸਰ ਦੇ 20 ਨਵੇਂ ਮਰੀਜ਼ ਆ ਰਹੇ ਹਨ। ਜਦਕਿ ਪੁਰਾਣਿਆਂ ਵਿੱਚੋਂ 150 ਮੈਡੀਕਲ ਜਾਂਚ ਲਈ ਆਉਂਦੇ ਹਨ।

 

ਰਾਜਸਥਾਨ ਨੂੰ ਜਾ ਰਹੀ ਕੈਂਰਸ ਟ੍ਰੇਨ ਨਾਂ ਦੀ ਗੱਡੀ ਵਿੱਚ ਔਸਤਨ 60 ਮਰੀਜ਼ ਕਿਸੇ ਬਿਮਾਰੀ ਦੇ ਹੁੰਦੇ ਹਨ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਦੇ 265.000 ਲੋਕਾਂ ਦੀ ਕੈਂਸਰ ਦੀ ਸਕਰੀਨਿੰਗ ਕੀਤੀ ਗਈ ਹੈ ਜਿਸ ਵਿੱਚੋਂ 24 ਹਜ਼ਾਰ ਨੂੰ ਬਿਮਾਰੀ ਦੀ ਪੁਸ਼ਟੀ ਹੋਈ ਹੈ। ਜਦਕਿ ਹੋਰ 84.453 ਸ਼ੱਕੀ ਮਰੀਜ਼ ਦੱਸੇ ਗਏ ਹਨ। ਦੁੱਖ ਦੀ ਗੱਲ ਇਹ ਕਿ ਪੰਜਾਬ ਵਿੱਚ ਕੈਂਸਰ ਹਸਪਤਾਲ ਦੀ ਘਾਟ ਤਾਂ ਹੈ ਹੀ। ਜੇ ਮਾਲਵੇ ਵਿੱਚ ਏਮਜ਼ ਸਥਾਪਿਤ ਕੀਤਾ ਗਿਆ ਹੈ ਜਾਂ ਮੁਹਾਲੀ ਨੇੜੇ ਹੋਮੀ ਭਾਬਾ ਕੈਂਸਰ ਸੈਂਟਰ ਸ਼ੁਰੂ ਹੋਣ ਜਾ ਰਿਹਾ ਹੈ ਤਾਂ ਦੂਜੇ ਬੰਨੇ ਮਰੀਜ਼ਾਂ ਕੋਲ ਇਲਾਜ ਕਰਾਉਣ ਲਈ ਪੈਸੇ ਨਹੀਂ ਹਨ।

ਕੈਂਸਰ ਦੇ ਇਲਾਜ ਲਈ ਹਰ ਮਹੀਨੇ 20 ਹਜ਼ਾਰ ਦੀ ਦਵਾਈ ਲਾਜ਼ਮੀ ਹੈ। ਪੰਜਾਬ ਦਾ ਆਮ ਆਦਮੀ ਪਾਰਟੀ ਵੱਲੋਂ ਖੋਲੀਆਂ ਮੁਹੱਲਾ ਕਲੀਨਿਕਾਂ ਵਿੱਚ ਗੰਭੀਰ ਬਿਮਾਰੀਆਂ ਦੇ ਇਲਾਜ ਦੀ ਸਹੂਲਤ ਨਹੀਂ ਹੈ। ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਗੱਲ ਛੱਡੀਏ ਮੈਡੀਕਲ ਕਾਲਜਾਂ ਵਿੱਚ ਵੀ ਇਲਾਜ ਦੇ ਪ੍ਰਬੰਧ ਊਣੇ ਹਨ। ਪੰਜਾਬ ਦੀਆਂ ਦੋਵੇਂ ਪਿਛਲੀਆਂ ਸਰਕਾਰਾਂ ਖਜ਼ਾਨਾ ਖਾਲੀ ਹੋਣ ਦਾ ਢੰਡੋਰਾ ਪਿੱਟਦੀਆਂ ਰਹੀਆਂ ਹਨ। ਜਦਕਿ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਂਦਾ ਪੈਸਾ ਅਣਵਰਤਿਆ ਪਿਆ ਰਹਿ ਜਾਂਦਾ ਰਿਹਾ ਹੈ। ਪੈਸੇ ਦੇ ਤੋਟ ਕਰਕੇ ਇਲਾਜ ਖੁਣੋਂ ਪੰਜਾਬ ਵਿੱਚ 18 ਲੋਕ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਹਦੇ ਵਜ਼ੀਰ ਸਾਥੀਆਂ ਨੂੰ ਬੀਤੇ ਤੋਂ ਸਬਕ ਲੈਣਾ ਪਵੇਗਾ।

…. ਪੰਜਾਬ ਵਿੱਚ ਇੱਕ ਲੱਖ ਦੀ ਆਬਾਦੀ ਪਿੱਛੇ 90 ਜਣੇ ਕੈਂਸਰ ਦੀ ਬਿਮਾਰੀ ਦਾ ਸ਼ਿਕਾਰ
…. ਹਰ ਰੋਜ਼ 18 ਜਣੇ ਮੌਤ ਦੇ ਮੂੰਹ ਵਿੱਚ ਜਾਣ ਲੱਗੇ
…. ਪੰਜਾਬ ਵਿੱਚ 32.8 ਫ਼ੀਸਦੀ ਲੋਕ ਤੰਬਾਕੂ, 15.9 ਫ਼ੀਸਦੀ ਸ਼ਰਾਬ ਅਤੇ 41.3 ਫ਼ੀਸਦੀ ਬਦਲੀ ਜੀਵਨਸ਼ੈਲੀ ਕਰਕੇ ਕੈਂਸਰ ਦੇ ਲਪੇਟ ਵਿੱਚ
…. ਕੇਂਦਰ ਸਰਕਾਰ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ 14. 56 ਕਰੋੜ ਦੀ ਰਕਮ ਜਾਰੀ ਕੀਤੀ ਗਈ ਜਿਸ ਚੋਂ 63 ਫ਼ੀਸਦੀ ਰਹਿ ਗਈ ਅਣਵਰਤੀ
…. ਪਟਿਆਲਾ ਵਿੱਚ ਇੱਕ ਲੱਖ ਪਿੱਛੇ 108 ਪੁਰਸ਼ਾਂ ਅਤੇ 124 ਮਹਿਲਾਵਾਂ ਨੂੰ ਕੈਂਸਰ ਹੋਣ ਦੀ ਪੁਸ਼ਟੀ
…. ਮਾਲਵੇ ਦੇ ਪਿੰਡਾਂ ਵਿੱਚ ਹਰ ਦੂਜੇ ਘਰ ਵਿੱਚ ਕੈਂਸਰ ਕਾਰਨ ਵਿਛੇ ਸੱਥਰ
…. ਮਾਲਵਾ ਦੇ ਜ਼ਿਲ੍ਹਾ ਮੁਕਤਸਰ ਵਿੱਚ ਸਭ ਤੋਂ ਵੱਧ ਇੱਕ ਲੱਖ ਪਿੱਛੇ 136 ਜਣੇ ਕੈਂਸਰ ਤੋਂ ਪੀੜਤ

Exit mobile version