‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦੇਸ਼ ਦੇ ਹਸਪਤਾਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਕੋਰੋਨਾ ਮਰੀਜ਼ਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੁਗਣੀਆਂ ਪਰੇਸ਼ਾਨੀਆਂ ਤੇ ਚਿੰਤਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਗੁਜਰਾਤ ਦੇ ਭਾਰੂਚ ਦੇ ਕੋਵਿਡ ਹਸਪਤਾਲ ਵਿਚ ਅੱਗ ਲੱਗਣ ਨਾਲ 18 ਲੋਕਾਂ ਦੀ ਜਾਨ ਚਲੀ ਗਈ ਹੈ। ਇਹ ਹਾਦਸਾ ਰਾਤ ਕਰੀਬ ਸਾਢੇ 12 ਵਜੇ ਭਰੂਚ ਦੇ ਪਟੇਲ ਵੈਲਫੇਅਰ ਹਸਪਤਾਲ ਵਿੱਚ ਵਾਪਰਿਆ ਹੈ।
ਜਾਣਕਾਰੀ ਅਨੁਸਾਰ ਪਟੇਲ ਵੈਲਫੇਅਰ ਹਸਪਤਾਲ ਵਿਚ ਕੋਰੋਨਾ ਮਰੀਜ਼ਾਂ ਦੀ ਦੇਖਭਾਲ ਲਈ ਕੋਵਿਡ ਸੈਂਟਰ ਬਣਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਸਖਤ ਮਿਹਨਤ ਨਾਲ ਅੱਗ ‘ਤੇ ਕਾਬੂ ਪਾਇਆ। ਪੁਲਿਸ ਅਨੁਸਾਰ ਅੱਗ ਸ਼ਾਰਟ ਸਰਕਿਟ ਨਾਲ ਲੱਗੀ ਹੈ। ਮਰਨ ਵਾਲਿਆਂ ਵਿੱਚ 12 ਮਰੀਜ਼ ਅਤੇ 2 ਨਰਸਾਂ ਵੀ ਸ਼ਾਮਲ ਹਨ, ਜਦੋਂ ਕਿ ਦੂਜੇ ਮ੍ਰਿਤਕਾਂ ਬਾਰੇ ਜਾਣਕਾਰੀ ਨਹੀਂ ਮਿਲੀ ਹੈ। ਇਸ ਹਸਪਤਾਲ ਵਿਚ 58 ਮਰੀਜ਼ ਦਾਖਿਲ ਸਨ। (Photo-ANI)