The Khalas Tv Blog India ਬਰਫ਼ਬਾਰੀ ਕਾਰਨ ਹਿਮਾਚਲ ਦੀਆਂ 147 ਸੜਕਾਂ ਬੰਦ
India

ਬਰਫ਼ਬਾਰੀ ਕਾਰਨ ਹਿਮਾਚਲ ਦੀਆਂ 147 ਸੜਕਾਂ ਬੰਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਅਤੇ ਹਰਿਆਣਾ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਸੀਤ ਲਹਿਰ ਕਾਰਨ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਕਈਂ ਥਾਂਵਾਂ ‘ਤੇ ਸੰਘਣੀ ਧੁੰਦ ਪੈਣ ਕਰਕੇ ਲੋਕਾਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪਿਆ। ਸ਼ਿਮਲਾ ਅਤੇ ਇਸ ਦੇ ਆਲੇ-ਦੁਆਲੇ ਸ਼ਨਿਚਰਵਾਰ ਰਾਤ ਤੋਂ ਬਰਫਬਾਰੀ ਹੋ ਰਹੀ ਹੈ। ਸ਼ਨਿਚਰਵਾਰ ਸ਼ਾਮ ਤੱਕ ਹਿਮਾਚਲ ਪ੍ਰਦੇਸ਼ ਦੀਆਂ 147 ਸੜਕਾਂ ਬਰਫ਼ਬਾਰੀ ਕਾਰਨ ਬੰਦ ਹੋ ਗਈਆਂ ਹਨ ਅਤੇ ਅੱਜ ਹੋਰ ਬਰਫ਼ਬਾਰੀ ਹੋਣ ਕਾਰਨ ਇਹ ਗਿਣਤੀ ਵੱਧ ਸਕਦੀ ਹੈ। ਸ਼ਿਮਲਾ ਪੁਲਿਸ ਨੇ ਸੈਲਾਨੀਆਂ ਨੂੰ ਉੱਚਾਈ ਵਾਲੇ ਖੇਤਰਾਂ ਵਿੱਚ ਨਾ ਜਾਣ ਅਤੇ ਐਮਰਜੈਂਸੀ ਦੀ ਸਥਿਤੀ ਵਿੱਚ 0177 2812 344 ਜਾਂ 112 ‘ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਹੋਟਲ ਸਨਅਤ ਨੂੰ ਚੰਗੇ ਸੀਜ਼ਨ ਦੀ ਉਮੀਦ ਹੈ ਕਿਉਂਕਿ ਬਰਫਬਾਰੀ ਤੋਂ ਬਾਅਦ ਸੈਲਾਨੀਆਂ ਦੀ ਆਮਦ ਵੱਧ ਸਕਦੀ ਹੈ। ਸੋਲਨ ਵਿੱਚ ਵੀ ਬਰਫ਼ਬਾਰੀ ਹੋਈ ਅਤੇ ਚੈਲ ਵਿੱਚ ਇਹ ਸੀਜ਼ਨ ਦੀ ਦੂਜੀ ਬਰਫ਼ਬਾਰੀ ਹੈ।

ਕਸ਼ਮੀਰ ਵਾਦੀ ਦੇ ਕਈ ਇਲਾਕਿਆਂ ਵਿੱਚ ਅੱਜ ਤਾਜ਼ਾ ਬਰਫਬਾਰੀ ਹੋਈ ਹੈ ਜਦਕਿ ਹੋਰ ਇਲਾਕਿਆਂ ‘ਚ ਮੀਂਹ ਦੀਆਂ ਖ਼ਬਰਾਂ ਹਨ। ਇਸ ਕਾਰਨ ਘਾਟੀ ਦੇ ਕਈ ਇਲਾਕਿਆਂ ‘ਚ ਘੱਟੋ-ਘੱਟ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਦੂਜੇ ਪਾਸੇ ਤਾਜ਼ਾ ਬਰਫ਼ਬਾਰੀ ਕਾਰਨ ਸ੍ਰੀਨਗਰ-ਜੰਮੂ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਖ਼ਰਾਬ ਮੌਸਮ ਕਾਰਨ ਵੈਸ਼ਨੋ ਦੇਵੀ ਧਾਮ ਲਈ ਹੈਲੀਕਾਪਟਰ ਸੇਵਾ ਮੁਲਤਵੀ ਕਰ ਦਿੱਤੀ ਗਈ ਹੈ।

ਪੰਜਾਬ ਵਿੱਚ ਵੀ ਸੀਤ ਹਵਾਵਾਂ ਅਤੇ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ। ਪਹਾੜਾਂ ‘ਤੇ ਪਏ ਮੀਂਹ ਅਤੇ ਬਰਫ਼ਬਾਰੀ ਦਾ ਅਸਰ ਹੁਣ ਮੈਦਾਨੀ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਮੀਂਹ ਪੈ ਰਿਹਾ ਹੈ, ਜਿਸ ਕਰਕੇ ਠੰਢ ਵੱਧ ਗਈ ਹੈ। ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸੇ ਵਿੱਚ 36 ਘੰਟਿਆਂ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਸਾਰਾ ਦਿਨ ਮੀਂਹ ਅਤੇ ਸੀਤ ਹਵਾਵਾਂ ਚੱਲਣਗੀਆਂ ਜਦਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਸੋਮਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਤਾਪਮਾਨ ਡਿੱਗਣ ਕਰਕੇ ਲੋਕ ਵੀ ਘਰਾਂ ਵਿੱਚ ਬੈਠੇ ਹਨ।

Exit mobile version