The Khalas Tv Blog Punjab ਪੰਜਾਬ ਵਿੱਚ ਬਾਸਮਤੀ ਦੀ ਕਾਸ਼ਤ ਅਧੀਨ ਰਕਬੇ ਵਿੱਚ 12.58 ਫ਼ੀਸਦੀ ਵਾਧਾ
Punjab

ਪੰਜਾਬ ਵਿੱਚ ਬਾਸਮਤੀ ਦੀ ਕਾਸ਼ਤ ਅਧੀਨ ਰਕਬੇ ਵਿੱਚ 12.58 ਫ਼ੀਸਦੀ ਵਾਧਾ

ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਦੱਸਿਆ ਕਿ ਸੂਬੇ ਵਿੱਚ ਫ਼ਸਲੀ ਵਿਭਿੰਨਤਾ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਿਆ ਹੈ ਕਿਉਂਕਿ ਪੰਜਾਬ ਵਿੱਚ ਇਸ ਸਾਉਣੀ ਸੀਜ਼ਨ ਦੌਰਾਨ ਬਾਸਮਤੀ ਦੀ ਕਾਸ਼ਤ ਅਧੀਨ ਰਕਬੇ ਵਿੱਚ 12.58 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ।

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਇਸ ਸਾਲ 6.71 ਲੱਖ ਹੈਕਟੇਅਰ ਰਕਬਾ ਬਾਸਮਤੀ ਦੀ ਕਾਸ਼ਤ ਅਧੀਨ ਹੈ, ਜੋ ਕਿ ਸਾਉਣੀ ਸੀਜ਼ਨ 2023-24 ਦੌਰਾਨ 5.96 ਲੱਖ ਹੈਕਟੇਅਰ ਸੀ।

ਬਾਸਮਤੀ ਦੀ ਕਾਸ਼ਤ ਬਾਰੇ ਜ਼ਿਲ੍ਹੇਵਾਰ ਜਾਣਕਾਰੀ ਸਾਂਝੀ ਕਰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹਾ 1.46 ਲੱਖ ਹੈਕਟੇਅਰ ਰਕਬੇ ਵਿੱਚ ਬਾਸਮਤੀ ਦੀ ਕਾਸ਼ਤ ਨਾਲ ਸੂਬੇ ਭਰ ਵਿੱਚੋਂ ਮੋਹਰੀ ਹੈ। ਅੰਮ੍ਰਿਤਸਰ ਤੋਂ ਬਾਅਦ ਕ੍ਰਮਵਾਰ ਮੁਕਤਸਰ ਜ਼ਿਲ੍ਹੇ ਵਿੱਚ 1.10 ਲੱਖ ਹੈਕਟੇਅਰ, ਫਾਜ਼ਿਲਕਾ ਵਿੱਚ 84.9 ਹਜ਼ਾਰ ਹੈਕਟੇਅਰ, ਤਰਨ ਤਾਰਨ ਵਿੱਚ 72.5 ਹਜ਼ਾਰ ਹੈਕਟੇਅਰ ਅਤੇ ਸੰਗਰੂਰ ਜ਼ਿਲ੍ਹੇ ਵਿੱਚ 49.8 ਹਜ਼ਾਰ ਹੈਕਟੇਅਰ ਨਾਲ ਸਭ ਤੋਂ ਵੱਧ ਰਕਬੇ ਵਿੱਚ ਬਾਸਮਤੀ ਲਾਈ ਗਈ ਹੈ।

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ (ਡੀ.ਐਸ.ਆਰ.) ਅਧੀਨ ਰਕਬੇ ਵਿੱਚ ਵੀ 46.5 ਫ਼ੀਸਦ ਵਾਧਾ ਦਰਜ ਕੀਤਾ ਗਿਆ ਹੈ। ਪਾਣੀ ਦੀ ਬਚਤ ਲਈ ਇਸ ਸਾਲ ਸੂਬੇ ਭਰ ਵਿੱਚ 2.52 ਲੱਖ ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ, ਜੋ 2023 ਦੇ ਸਾਉਣੀ ਸੀਜ਼ਨ ਦੌਰਾਨ 1.72 ਲੱਖ ਏਕੜ ਸੀ।

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਖੇਤੀਬਾੜੀ ਨੂੰ ਲਾਹੇਵੰਦ ਕਿੱਤਾ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਬਾਸਮਤੀ ‘ਤੇ 10 ਕੀਟਨਾਸ਼ਕਾਂ ਦੀ ਵਰਤੋਂ ‘ਤੇ ਪਾਬੰਦੀ ਲਗਾਈ ਹੈ ਤਾਂ ਜੋ ਪੰਜਾਬ ਦੀ ਬਾਸਮਤੀ ਦੀ ਗੁਣਵੱਤਾ ਨੂੰ ਵਿਸ਼ਵ ਪੱਧਰੀ ਬਣਾ ਇਸ ਦੇ ਨਿਰਯਾਤ ਨੂੰ ਵਧਾ ਕੇ ਕਿਸਾਨਾਂ ਦੀ ਆਮਦਨ ਹੋਰ ਵਧਾਈ ਜਾ ਸਕੇ।

ਇਹ ਵੀ ਪੜ੍ਹੋ –    ਜਲੰਧਰ ‘ਚ ਨਿਹੰਗ ਸਿੰਘਾਂ ਨੇ ਆਰ. ਪੀ. ਐੱਫ਼. ਜਵਾਨ ਦੀ ਵੱਢੀ ਬਾਂਹ!

 

Exit mobile version