The Khalas Tv Blog Punjab 114 ਸਾਲਾ ਮਹਾਨ ਦੌੜਾਕ ਬਾਪੂ ਫੌਜਾ ਸਿੰਘ ਨੇ ਦੁਨੀਆਂ ਨੂੰ ਕਿਹਾ ਅਲਵਿਦਾ
Punjab

114 ਸਾਲਾ ਮਹਾਨ ਦੌੜਾਕ ਬਾਪੂ ਫੌਜਾ ਸਿੰਘ ਨੇ ਦੁਨੀਆਂ ਨੂੰ ਕਿਹਾ ਅਲਵਿਦਾ

ਦੁਨੀਆ ਦੇ ਸਭ ਤੋਂ ਬਜ਼ੁਰਗ ਐਥਲੀਟ ਅਤੇ ਟਰਬਨ ਟੋਰਨਾਡੋ ਵਜੋਂ ਮਸ਼ਹੂਰ ਫੌਜਾ ਸਿੰਘ ਦਾ ਸੋਮਵਾਰ ਰਾਤ 114 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਜਦੋਂ ਉਹ ਜਲੰਧਰ ਵਿੱਚ ਸੈਰ ਕਰ ਰਹੇ ਸਨ, ਤਾਂ ਉਨ੍ਹਾਂ ਨੂੰ ਇੱਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਉਨ੍ਹਾਂ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਰਾਤ ਨੂੰ ਆਖਰੀ ਸਾਹ ਲਿਆ।

ਪੁਲਿਸ ਨੇ ਉਨ੍ਹਾਂ ਦੇ ਪੁੱਤਰ ਦੀ ਸ਼ਿਕਾਇਤ ‘ਤੇ ਅਣਪਛਾਤੇ ਡਰਾਈਵਰ ਵਿਰੁੱਧ ਮਾਮਲਾ ਦਰਜ ਕੀਤਾ ਹੈ। ਫੌਜਾ ਸਿੰਘ ਆਪਣੇ ਪੁੱਤਰ ਨਾਲ ਬਿਆਸ ਪਿੰਡ ਵਿੱਚ ਰਹਿੰਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਇੱਥੇ ਕੀਤਾ ਜਾਵੇਗਾ। ਫੌਜਾ ਸਿੰਘ ਨੇ 80 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ ਸੀ। ਉਹ 2012 ਲੰਡਨ ਓਲੰਪਿਕ ਵਿੱਚ ਮਸ਼ਾਲਧਾਰੀ ਵੀ ਸਨ।

ਉਨ੍ਹਾਂ ਦਾ ਜਨਮ 1911 ਵਿੱਚ ਜਲੰਧਰ ਦੇ ਪਿੰਡ ਬਿਆਸ ਵਿੱਚ ਜਨਮ ਹੋਇਆ ਸੀ। ਫੌਜਾ ਸਿੰਘ ਦਾ ਵਿਆਹ ਗਿਆਨ ਕੌਰ ਨਾਲ ਹੋਇਆ। ਫੌਜਾ ਦਾ ਘਰੇਲੂ ਜੀਵਨ ਸ਼ੁਰੂ ਹੋਇਆ। ਫੌਜਾ ਖੇਤਾਂ ਵਿੱਚ ਕੰਮ ਕਰਦੇ ਸੀ ਅਤੇ ਗਿਆਨ ਕੌਰ ਘਰ ਵਿੱਚ ਕੰਮ ਕਰਦੀ ਸੀ। ਆਉਣ ਵਾਲੇ ਸਾਲਾਂ ਵਿੱਚ ਪਰਿਵਾਰ ਵਧਦਾ ਗਿਆ। ਫੌਜਾ ਦੇ ਤਿੰਨ ਪੁੱਤਰ ਅਤੇ ਤਿੰਨ ਧੀਆਂ ਹੋਈਆਂ, ਜਿਨ੍ਹਾਂ ਦੇ ਕੁੱਲ 6 ਬੱਚੇ ਹੋਏ।

ਫੌਜਾ ਸਿੰਘ ਦੇ ਨਾਂ ਹਨ ਇਹ ਵਿਸ਼ਵ ਰਿਕਾਰਡ

ਫੌਜਾ ਸਿੰਘ ਨੇ 2000 ਵਿਚ 89 ਸਾਲ ਦੀ ਉਮਰ ’ਚ ਲੰਡਨ ਮੈਰਾਥਨ ਤੋਂ ਦੌੜਨ ਦੀ ਸ਼ੁਰੂਆਤ ਕੀਤੀ। 2003 ’ਚ 92 ਸਾਲ ਦੀ ਉਮਰ ’ਚ ਉਨ੍ਹਾਂ ਨੇ 90 ਸਾਲਾਂ ਤੋਂ ਉਪਰ ਬਾਬਿਆਂ ਦੀ ਦੌੜ ’ਚ ਹਿੱਸਾ ਲਿਆ ਅਤੇ 5 ਘੰਟੇ 40 ਮਿੰਟਾਂ ਦਾ ਵਿਸ਼ਵ ਰਿਕਾਰਡ ਬਣਾਇਆ। ਇਸ ਤੋਂ ਬਾਅਦ 2003 ’ਚ ਲੰਡਨ ਮੈਰਾਥਨ ਉਨ੍ਹਾਂ ਨੇ 6 ਘੰਟੇ 2 ਮਿੰਟ ’ਚ ਪੂਰੀ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਮੈਰਾਥਨਜ਼ ’ਚ ਹਿੱਸਾ ਲੈਣਾ ਜਾਰੀ ਰੱਖਿਆ ਅਤੇ 2012 ਤਕ ਉਨ੍ਹਾਂ ਨੇ 6 ਲੰਡਨ ਮੈਰਾਥਨਜ਼ ਹਿੱਸਾ ਲਿਆ। ਦੋ ਕੈਨੇਡੀਆਈ ਮੈਰਾਥਨਜ਼, ਨਿਊਯਾਰਕ ਮੈਰਾਥਨਜ਼ ਅਤੇ ਅਨੇਕਾਂ ਹਾਫ ਮੈਰਾਥਨਜ਼ ’ਚ ਹਿੱਸਾ ਲਿਆ। ਉਨ੍ਹਾਂ ਦੀਆਂ ਮੈਰਾਥਨਜ਼ ਦੇ ਖੇਤਰ ’ਚ ਪ੍ਰਾਪਤੀਆਂ ਦੀ ਬਦੌਲਤ 13 ਨਵੰਬਰ 2003 ਨੂੰ ਅਮਰੀਕਾ ਦੇ ਗਰੁੱਪ ਨੈਸ਼ਨਲ ਐਥਨਿਕ ਕੋਲੇਸ਼ਨ ਨੇ ‘ਏਲਿਸ ਆਈਲੈਂਡ ਮੈਡਲ ਆਫ ਆਨਰ’ਨਾਲ ਸਨਮਾਨਿਤ ਕੀਤਾ। ਇਸ ਗਰੁੱਪ ਦੇ ਚੇਅਰਮੈਨ ਵਿਲੀਅਮ ਫੁਗਾਜ਼ੀ ਨੇ ਕਿਹਾ ਕਿ ਸਿੰਘ ਨਸਲੀ ਸਹਿਣਸ਼ੀਲਤਾ ਦਾ ਪ੍ਰਤੀਕ ਹੈ ਅਤੇ ਉਸ ਦਾ ਦੌੜਨਾ 11 ਸਤੰਬਰ ਨੂੰ ਹੋਏ ਅੱਤਵਾਦੀ ਪਾੜੇ ਨੂੰ ਦੂਰ ਕਰਨ ’ਚ ਮਦਦ ਕਰਦਾ ਹੈ। ਉਹ ਸਭ ਤੋਂ ਵੱਡੀ ਪ੍ਰੇਰਣਾ ਹੈ। ਇਸ ਤੋਂ ਬਾਅਦ ਯੂ. ਕੇ. ਆਧਾਰਿਤ ਇਕ ਸੰਗਠਨ ਵਲੋਂ ਉਨ੍ਹਾਂ ਨੂੰ ‘ਪ੍ਰਾਈਡ ਆਫ ਇੰਡੀਆ’ਦਾ ਖਿਤਾਬ ਵੀ ਦਿੱਤਾ ਗਿਆ।

ਵਿਸ਼ਵ ਦੇ ਪਹਿਲੇ 100 ਸਾਲਾ ਦੌੜਾਕ

16 ਅਕਤੂਬਰ 2011 ਨੂੰ ਟੋਰਾਂਟੋ ਮੈਰਾਥਨ 8 ਘੰਟੇ 11 ਮਿੰਟ ਅਤੇ 6 ਸਕਿੰਟ ’ਚ ਪੂਰੀ ਕਰ ਕੇ ਉਹ ਵਿਸ਼ਵ ਦੇ ਪਹਿਲੇ 100 ਸਾਲਾ ਬਜ਼ੁਰਗ ਦੌੜਾਕ ਬਣੇ ਪਰ ਗਿੰਨੀਜ਼ ਵਰਲਡ ਰਿਕਾਰਡਜ਼ ਨੇ ਇਸ ਰਿਕਾਰਡ ਨੂੰ ਮਾਨਤਾ ਨਹੀਂ ਦਿੱਤੀ ਕਿਉਂਕਿ ਉਨ੍ਹਾਂ ਕੋਲ ਜਨਮ ਸਰਟੀਫਿਕੇਟ ਨਹੀਂ ਸੀ ਪਰ ਬਾਅਦ ’ਚ ਉਨ੍ਹਾਂ ਨੇ ਆਪਣਾ ਬ੍ਰਿਟਿਸ਼ ਪਾਸਪੋਰਟ ਅਤੇ ਮਹਾਰਾਣੀ ਐਲਿਜ਼ਬੇਥ ਵਲੋਂ 100ਵੇਂ ਜਨਮ ਦਿਨ ’ਤੇ ਭੇਜੀ ਚਿੱਠੀ ਦਿਖਾਈ, ਜਿਸ ਤੋਂ ਬਾਅਦ ਉਨ੍ਹਾਂ ਦਾ ਨਾਂ ਗਿੰਨੀਜ਼ ਵਰਲਡ ਰਿਕਾਰਡਜ਼ ’ਚ ਦਰਜ ਹੋਇਆ।

ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਦੁੱਖ ਪ੍ਰਗਟ ਕੀਤਾ

“ਮਹਾਨ ਮੈਰਾਥਨ ਦੌੜਾਕ ਬਾਪੂ ਫੌਜਾ ਸਿੰਘ ਜੀ ਨੂੰ ਸ਼ਰਧਾਂਜਲੀ, ਜਿਨ੍ਹਾਂ ਦਾ 114 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਦ੍ਰਿੜ ਇਰਾਦੇ ਅਤੇ ਤਾਕਤ ਦਾ ਇਕ ਸਦੀਵੀ ਪ੍ਰਤੀਕ – ਉਨ੍ਹਾਂ ਨੇ ਦੁਨੀਆ ਭਰ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ।”

Exit mobile version