The Khalas Tv Blog India ਚੰਡੀਗੜ੍ਹ ਦੇ ਵੱਡੇ ਮਾਲ ’ਚ ਦਰਦਨਾਕ ਹਾਦਸਾ! ਟੌਏ ਟਰੇਨ ਪਲਟਣ ਕਾਰਨ ਬੱਚੇ ਦੀ ਮੌਤ
India Punjab

ਚੰਡੀਗੜ੍ਹ ਦੇ ਵੱਡੇ ਮਾਲ ’ਚ ਦਰਦਨਾਕ ਹਾਦਸਾ! ਟੌਏ ਟਰੇਨ ਪਲਟਣ ਕਾਰਨ ਬੱਚੇ ਦੀ ਮੌਤ

ਚੰਡੀਗੜ੍ਹ- ਚੰਡੀਗੜ੍ਹ ਦੇ ਏਲਾਂਤੇ ਮਾਲ ਵਿੱਚ ਟੌਏ ਟਰੇਨ ਵਿੱਚ ਬੈਠਾ 11 ਸਾਲਾਂ ਦਾ ਬੱਚਾ ਪਲਟ ਕੇ ਹੇਠਾਂ ਜ਼ਮੀਨ ’ਤੇ ਡਿੱਗ ਗਿਆ। ਜਿਸ ਤੋਂ ਬਾਅਦ ਬੱਚੇ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਐਤਵਾਰ ਤੜਕੇ 4 ਵਜੇ ਇੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਸ਼ਾਹਬਾਜ਼ (11) ਵਾਸੀ ਨਵਾਂਸ਼ਹਿਰ ਵਜੋਂ ਹੋਈ ਹੈ। ਪੁਲਿਸ ਨੇ ਟੌਏ ਟਰੇਨ ਨੂੰ ਜ਼ਬਤ ਕਰ ਲਿਆ ਹੈ।

ਬੱਚੇ ਦੇ ਚਾਚੇ ਜਤਿੰਦਰ ਪਾਲ ਦੀ ਸ਼ਿਕਾਇਤ ’ਤੇ ਇੰਡਸਟਰੀਅਲ ਏਰੀਆ ਥਾਣੇ ਦੀ ਪੁਲਿਸ ਨੇ ਟੌਏ ਟਰੇਨ ਦੇ ਸੰਚਾਲਕ ਸੌਰਭ, ਵਾਸੀ ਬਾਪੂ ਧਾਮ ਅਤੇ ਕੰਪਨੀ ਮਾਲਕਾਂ ਖ਼ਿਲਾਫ਼ ਕਤਲ ਅਤੇ ਅਣਗਹਿਲੀ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

ਪੁਲਿਸ ਨੇ ਏਲਾਂਤੇ ਮਾਲ ਦੇ ਅੰਦਰੋਂ ਸੀਸੀਟੀਵੀ ਫੁਟੇਜ ਜ਼ਬਤ ਕਰ ਲਈ ਹੈ। ਜਿਸ ਵਿੱਚ ਬੱਚਾ ਟੌਏ ਟਰੇਨ ਵਿੱਚੋਂ ਉਤਰਨ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਟੋਏ ਟਰੇਨ ਵਿੱਚ ਸਿਰਫ਼ ਦੋ ਬੱਚੇ ਹੀ ਬੈਠੇ ਸਨ। ਪਿਤਾ ਦਾ ਇਲਜ਼ਾਮ ਹੈ ਕਿ ਇਹ ਹਾਦਸਾ ਅਣਗਹਿਲੀ ਕਾਰਨ ਵਾਪਰਿਆ ਹੈ।

ਚੰਡੀਗੜ੍ਹ ਘੁੰਮਣ ਆਇਆ ਸੀ ਪਰਿਵਾਰ

ਨਵਾਂਸ਼ਹਿਰ ਵਾਸੀ ਜਤਿੰਦਰ ਪਾਲ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਸ਼ਨੀਵਾਰ ਨੂੰ ਆਪਣੇ ਦੋ ਬੱਚਿਆਂ, ਪਤਨੀ ਅਤੇ ਚਚੇਰੇ ਭਰਾ ਨਵਦੀਪ ਦੇ ਪਰਿਵਾਰ ਨਾਲ ਚੰਡੀਗੜ੍ਹ ਘੁੰਮਣ ਆਇਆ ਸੀ। ਸ਼ਨੀਵਾਰ ਰਾਤ ਕਰੀਬ 8 ਵਜੇ ਦੋਵੇਂ ਪਰਿਵਾਰਕ ਮੈਂਬਰ ਘੁੰਮਣ ਤੇ ਖ਼ਰੀਦਦਾਰੀ ਕਰਨ ਲਈ ਏਲਾਂਟੇ ਮਾਲ ਪਹੁੰਚੇ ਸਨ।

ਮਾਲ ਦੇ ਅੰਦਰ ਗਰਾਊਂਡ ਫਲੋਰ ’’ਤੇ ਟੌਏ ਟਰੇਨ ਦੇਖ ਕੇ ਪੁੱਤਰ ਸ਼ਾਹਬਾਜ਼ ਤੇ ਨਵਦੀਪ ਦਾ ਬੇਟਾ ਉਸ ਵਿੱਚ ਝੂਟੇ ਲੈਣ ਲਈ ਜ਼ਿੱਦ ਕਰਨ ਲੱਗੇ। ਜਤਿੰਦਰ ਤੇ ਨਵਦੀਪ ਦੋਵਾਂ ਬੱਚਿਆਂ ਨੂੰ ਟੌਏ ਟਰੇਨ ਵਿੱਚ ਝੂਟੇ ਲੈਣ ਲਈ ਬਿਠਾ ਦਿੱਤਾ।

ਪਿਤਾ ਨੇ ਕਿਹਾ- ਪੈਸੇ ਲਏ ਪਰ ਪਰਚੀ ਨਹੀਂ ਦਿੱਤੀ

ਜਤਿੰਦਰ ਪਾਲ ਨੇ ਦੋਵਾਂ ਬੱਚਿਆਂ ਦੀ ਸਵਾਰੀ ਲਈ 400 ਰੁਪਏ ਦਿੱਤੇ ਪਰ ਚਾਲਕ ਨੇ ਪਰਚੀ ਨਹੀਂ ਦਿੱਤੀ। ਸ਼ਾਹਬਾਜ਼ ਅਤੇ ਦੂਜਾ ਬੱਚਾ ਟੌਏ ਟਰੇਨ ਦੇ ਆਖ਼ਰੀ ਡੱਬੇ ਵਿੱਚ ਬੈਠੇ ਸਨ। ਖਿਡੌਣਾ ਟਰੇਨ ਵਿੱਚ ਬੈਠੇ ਬੱਚਿਆਂ ਨੂੰ ਝੂਲੇ ਦੇਣ ਲਈ ਆਪਰੇਟਰ ਸੌਰਵ ਨੇ ਟਰੇਨ ਦੀ ਗਰਾਊਂਡ ਫਲੋਰ ‘ਤੇ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ।

ਇਸੇ ਦੌਰਾਨ ਅਚਾਨਕ ਟੌਏ ਟਰੇਨ ਦਾ ਸੰਤੁਲਨ ਵਿਗੜ ਗਿਆ ਤੇ ਪਿਛਲਾ ਡੱਬਾ ਪਲਟ ਗਿਆ। ਸ਼ਾਹਬਾਜ਼ ਦਾ ਸਿਰ ਕੰਪਾਰਟਮੈਂਟ ਦੀ ਖਿੜਕੀ ਤੋਂ ਬਾਹਰ ਆ ਕੇ ਫਰਸ਼ ’ਤੇ ਜ਼ੋਰ ਨਾਲ ਵੱਜਿਆ। ਸਿਰ ’ਤੇ ਸੱਟ ਲੱਗਣ ਕਾਰਨ ਖ਼ੂਨ ਵਗਣਾ ਸ਼ੁਰੂ ਹੋ ਗਿਆ, ਜਦਕਿ ਨਵਦੀਪ ਦਾ ਬੱਚਾ ਵਾਲ-ਵਾਲ ਬਚ ਗਿਆ। ਜਿਸ ਤੋਂ ਬਾਅਦ ਸ਼ਾਹਬਾਜ਼ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ – ਸੰਸਦ ਸੈਸ਼ਨ ਦੇ ਪਹਿਲੇ ਦਿਨ INDIA ਗਠਜੋੜ ਦਾ ਪ੍ਰਦਰਸ਼ਨ
Exit mobile version