‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅੱਜ 2 ਅਪ੍ਰੈਲ ਹੈ ਤੇ ਅੱਜ ਦੇ ਹੀ ਦਿਨ ਭਾਰਤੀ ਕ੍ਰਿਕਟ ਟੀਮ ਨੇ ਵਰਲਡ ਕੱਪ ਜਿੱਤਿਆ ਸੀ। ਸ਼੍ਰੀਲੰਕਾ ਦੀ ਟੀਮ ਨਾਲ ਸ਼ਾਨਦਾਰ ਮੈਚ ਦੌਰਾਨ ਐੱਮਐੱਸ ਧੋਨੀ ਤੇ ਉਨ੍ਹਾਂ ਦੀ ਟੀਮ ਨੇ ਕਾਬਿਲੇਤਾਰੀਫ ਬੱਲੇਬਾਜ਼ੀ ਤੇ ਗੇਂਦਬਾਜ਼ੀ ਕੀਤੀ ਸੀ। ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡੇ ਗਏ ਇਸ ਮੈਚ ਵਿੱਚ ਭਾਰਤ ਨੇ 28 ਸਾਲਾਂ ਬਾਅਦ ਕੋਈ ਟਾਈਟਲ ਆਪਣੇ ਨਾਂ ਕੀਤਾ ਸੀ। ਇਹ ਦਿਨ ਵੇਖਣ ਲਈ 27 ਸਾਲ, 9 ਮਹੀਨੇ ਤੇ 7 ਦਿਨਾਂ ਦਾ ਲੰਬਾ ਇੰਤਜ਼ਾਰ ਕਰਨਾ ਪਿਆ ਸੀ।
ਇਸ ਇਤਿਹਾਸਿਕ ਮੈਚ ਦੀ ਗੱਲ ਕਰੀਏ ਤਾਂ ਵਰਲਡ ਕੱਪ ਦੇ ਫ਼ਾਈਨਲ ਮੈਚ ਵਿੱਚ ਸ਼੍ਰੀ ਲੰਕਾ ਦੇ ਨੁਵਾਨ ਕੁਲਸੇਕਰ ਦੀ ਆਖਰੀ ਗੇਂਦ ‘ਤੇ ਐੱਮਐੱਸ ਧੋਨੀ ਨੇ ਛੱਕਾ ਜੜ ਕੇ ਇਹ ਮੈਚ ਆਪਣੇ ਦੇਸ਼ ਦੇ ਨਾਂ ਕਰ ਦਿੱਤਾ ਸੀ। ਵਰਲਡ ਕੱਪ ਦੌਰਾਨ ਭਾਰਤੀ ਟੀਮ ਸਿਰਫ਼ ਇੱਕ ਮੈਚ ਹਾਰੀ ਸੀ।
ਫ਼ਾਈਨਲ ਮੈਚ ਵਿੱਚ ਸ਼੍ਰੀ ਲੰਕਾ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਸੀ ਤੇ ਬੈਟਸਮੈਨ ਮਾਹੇਲਾ ਜੈਵਰਦਨੇ ਨੇ 88 ਗੇਂਦਾਂ ਉੱਤੇ 103 ਰਨ ਬਣਾਏ। ਇਸੇ ਤਰ੍ਹਾਂ ਸੰਗਾਕਾਰਾ ਨੇ 48 ਅਤੇ ਤਿਲਕਰਤਨੇ ਦਿਲਸ਼ਾਨ ਨੇ 33 ਦੌੜਾਂ ਜੋੜੀਆਂ ਤੇ ਸ਼੍ਰੀ ਲੰਕਾ ਦੀ ਸਾਰੀ ਟੀਮ 275 ਦੌੜਾਂ ਬਣਾ ਸਕੀ। ਉਸ ਪਾਰੀ ਵਿੱਚ ਜ਼ਹੀਰ ਤੇ ਯੁਵਰਾਜ ਨੇ ਦੋ-ਦੋ ਵਿਕੇਟਾਂ ਲਈਆਂ ਸਨ।
ਫ਼ਾਈਨਲ ਮੈਚ ਵਿੱਚ ਆਪਣੀ ਪਾਰੀ ਖੇਡਦਿਆਂ ਭਾਰਤੀ ਟੀਮ ਦੇ ਓਪਨਰ ਬੱਲੇਬਾਜ਼ ਵੀਰੇਂਦਰ ਸਹਿਵਾਗ ਜ਼ੀਰੋ ‘ਤੇ ਆਊਟ ਹੋ ਗਏ ਸਨ ਤੇ ਸਚਿਨ ਤੇਂਦੁਲਕਰ ਵੀ ਸਿਰਫ਼ 18 ਦੌੜਾਂ ਹੀ ਬਣਾ ਸਕੇ ਸਨ। ਪਰ ਗੌਤਮ ਗੰਭੀਰ ਨੇ 122 ਗੇਂਦਾਂ ਉੱਤੇ ਸ਼ਾਨਦਾਰ 97 ਰਨ ਜੋੜੇ ਸਨ।