ਬਿਊਰੋ ਰਿਪੋਰਟ (ਜਲੰਧਰ, 18 ਨਵੰਬਰ 2025): ਜਲੰਧਰ ਦੇ ਇੱਕ ਮਸ਼ਹੂਰ ਢਾਬੇ ਤੋਂ ਕੇਂਦਰੀ ਜੀ.ਐੱਸ.ਟੀ. (GST) ਵਿਭਾਗ ਦੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ 3 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਟੈਕਸ ਚੋਰੀ ਦੇ ਸ਼ੱਕ ਦੇ ਆਧਾਰ ’ਤੇ ਟੀਮ ਵੱਲੋਂ ਢਾਬੇ ਅਤੇ ਇਸ ਨਾਲ ਸਬੰਧਤ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ।
ਸਵੇਰ ਤੋਂ ਕਾਰਵਾਈ ਜਾਰੀ
ਜਾਣਕਾਰੀ ਅਨੁਸਾਰ, ਜਲੰਧਰ ਦੇ ਕੂਲ ਰੋਡ ’ਤੇ ਸਥਿਤ ਅਗਰਵਾਲ ਢਾਬੇ ’ਤੇ ਮੰਗਲਵਾਰ ਸਵੇਰੇ ਕਰੀਬ 8 ਵਜੇ ਸੈਂਟਰਲ ਜੀ.ਐੱਸ.ਟੀ. ਵਿਭਾਗ ਦੀ ਟੀਮ ਨੇ ਛਾਪਾ ਮਾਰਿਆ। ਸੁਪਰਡੈਂਟ ਕੁਲਵੰਤ ਰਾਏ ਦੀ ਅਗਵਾਈ ਹੇਠ ਟੀਮ ਢਾਬੇ ਅਤੇ ਨਾਲ ਹੀ ਢਾਬਾ ਮਾਲਕ ਦੀ ਰਿਹਾਇਸ਼ ’ਤੇ ਵੀ ਟੈਕਸ ਸਬੰਧੀ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ।
ਰਿਕਾਰਡ ਵਿੱਚ ਗੜਬੜੀ
ਅਧਿਕਾਰੀਆਂ ਨੇ ਸ਼ੁਰੂਆਤੀ ਜਾਂਚ ਵਿੱਚ ਮੰਨਿਆ ਹੈ ਕਿ ਕਾਰਵਾਈ ਦੌਰਾਨ ਟੈਕਸ ਚੋਰੀ ਨਾਲ ਸਬੰਧਿਤ ਕਈ ਗੜਬੜੀਆਂ ਸਾਹਮਣੇ ਆਈਆਂ ਹਨ। ਇਸ ਤੋਂ ਇਲਾਵਾ, ਢਾਬੇ ਦੇ ਕਾਰੋਬਾਰੀ ਰਿਕਾਰਡਾਂ ਵਿੱਚ ਵੀ ਕਾਫੀ ਬੇਨਿਯਮੀਆਂ ਮਿਲੀਆਂ ਹਨ। ਢਾਬਾ ਸੰਚਾਲਕ ’ਤੇ ਵੱਡੇ ਪੱਧਰ ’ਤੇ ਟੈਕਸ ਚੋਰੀ ਦਾ ਸ਼ੱਕ ਸੀ, ਜਿਸ ਕਾਰਨ ਇਹ ਕਾਰਵਾਈ ਕੀਤੀ ਗਈ।
ਛਾਪੇਮਾਰੀ ਦੌਰਾਨ ਬਾਹਰ ਆਏ ਇੱਕ ਵਿਭਾਗੀ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਮਾਮਲਾ ਟੈਕਸ ਚੋਰੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਵਿਭਾਗ ਵੱਲੋਂ ਕੋਈ ਰਸਮੀ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਅਤੇ ਵਿਸਤ੍ਰਿਤ ਜਾਣਕਾਰੀ ਜਾਂਚ ਪੂਰੀ ਹੋਣ ਤੋਂ ਬਾਅਦ ਸੀਨੀਅਰ ਅਧਿਕਾਰੀ ਮੀਡੀਆ ਨੂੰ ਦੇਣਗੇ।

