ਚੰਡੀਗੜ੍ਹ (‘ਦ ਖਾਲਸ ਟੀਵੀ Exclusive):- ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਨੇੜੇ ਬੰਗਾ ਦੇ ਪਿੰਡ ਪਠਲਾਵਾ ‘ਚ ਕੋਰੋਨਾਵਾਇਰਸ ਕਾਰਨ ਮਰਨ ਵਾਲੇ ਬਜ਼ੁਰਗ ਬਲਦੇਵ ਸਿੰਘ ਬਾਰੇ ਇਟਲੀ ਤੋਂ ਅਹਿਮ ਜਾਣਕਾਰੀ ਮਿਲੀ ਹੈ। ਇਟਲੀ ਰਹਿੰਦੇ ਇੱਕ ਪੰਜਾਬੀ ਨੌਜਵਾਨ ਸੋਹਨ ਸਿੰਘ ਵੱਲੋਂ ‘ਦ ਖਾਲਸ ਟੀਵੀ ਨੂੰ ਦਿੱਤੀ ਜਾਣਕਾਰੀ ਮੁਤਾਬਕ ਬਲਦੇਵ ਸਿੰਘ ਜਰਮਨੀ ਤੋਂ ਭਾਰਤ ਜਾਂਦੇ ਵਕਤ ਕਰੀਬ ਇੱਕ ਹਫਤੇ ਲਈ ਇਟਲੀ ਆਪਣੇ ਰਿਸ਼ਤੇਦਾਰਾਂ ਕੋਲ ਰੁਕਿਆ ਸੀ। ਮਿਲਾਨ ਤੋਂ ਥੋੜਾ ਦੂਰ ਇੱਕ ਪਿੰਡ ਚ ਜਦੋਂ ਬਲਦੇਵ ਸਿੰਘ ਕੁਝ ਦਿਨ ਠਹਿਰਿਆ ਤਾਂ ਇਸ ਦੌਰਾਨ ਇਟਲੀ ਵਿੱਚ ਮਹਾਂਮਾਰੀ ਫੈਲ ਚੁੱਕੀ ਸੀ।
ਬਲਦੇਵ ਸਿੰਘ ਦੇ ਨਾਲ ਦੋ ਹੋਰ ਵਿਅਕਤੀ ਵੀ ਇਟਲੀ ਤੋਂ ਪਿੰਡ ਪਠਲਾਵਾ ਪਹੁੰਚੇ ਸਨ, ਦੋਵੇਂ ਵਿਅਕਤੀ ਪੁਲਿਸ ਕਸਟਡੀ ਵਿੱਚ ਸੁਰੱਖਿਅਤ ਹਨ ਅਤੇ ਸਿਹਤਮੰਦ ਦੱਸੇ ਜਾ ਰਹੇ ਹਨ। ਬਲਦੇਵ ਸਿੰਘ 8-10 ਮਾਰਚ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਜਾਏ ਗਏ ਹੋਲਾ ਮਹੱਲਾ ਵਿੱਚ ਵੀ ਸ਼ਾਮਿਲ ਹੋਇਆ ਸੀ ਜਿਸਤੋਂ ਬਾਅਦ ਉਹ ਮੁੜ ਪਿੰਡ ਆ ਗਿਆ ਸੀ।
ਪਿੰਡ ਵਾਸੀਆਂ ਦੀ ਜਾਣਕਾਰੀ ਮੁਤਾਬਕ ਬਲਦੇਵ ਸਿੰਘ ਦੀ ਸਿਹਤ ਚੰਗੀ ਤਰਾਂ ਠੀਕ ਨਹੀਂ ਸੀ ਪਰ ਪ੍ਰਸ਼ਾਸਨ ਵੱਲੋਂ ਵਾਰ-ਵਾਰ ਪੁੱਛਣ ‘ਤੇ ਵੀ ਬਲਦੇਵ ਸਿੰਘ ਨੇ ਆਪਣੀ ਸਿਹਤ ਖਰਾਬ ਹੋਣ ਤੋਂ ਲਗਾਤਾਰ ਇਨਕਾਰ ਕਰਦਾ ਰਿਹਾ। ਆਖਰਕਾਰ ਬਲਦੇਵ ਸਿੰਘ ਦੀ ਹਸਪਤਾਲ ਵਿੱਚ ਮੌਤ ਹੋ ਗਈ ਸੀ। ਮੌਤ ਤੋਂ ਬਾਅਦ ਪਿੰਡ ਪਠਲਾਵਾ ਪੂਰੀ ਤਰਾਂ ਸੀਲ ਕਰ ਦਿੱਤਾ ਗਿਆ ਹੈ।
ਹੋਲਾ ਮਹੱਲਾ ਸਮਾਗਮਾਂ ਵਿੱਚ ਹਰ ਸਾਲ ਵਾਂਗ ਇਸ ਵਾਰ ਵੀ ਰਿਕਾਰਡ ਤੋੜ ਇਕੱਠ ਹੋਇਆ ਸੀ, ਵਿਦੇਸ਼ ਤੋਂ ਵੀ ਸਿੱਖ ਅਤੇ ਗੋਰੇ ਹੋਲਾ ਮਹੱਲਾ ਦੇਖਣ ਵੱਡੀ ਗਿਣਤੀ ਵਿੱਚ ਪਹੁੰਚੇ ਸਨ। ਸਵਾਲ ਹੈ ਕਿ ਆਖਰਕਾਰ ਹੁਣ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਇਸ ਚੁਣੌਤੀ ਨਾਲ ਕਿਵੇਂ ਨਜਿੱਠੇਗਾ ? ਕੀ ਹੋਲਾ ਮਹੱਲਾ ਵਿੱਚ ਸ਼ਾਮਿਲ ਹੋਣ ਵਾਲੇ ਹਰ ਵਿਅਕਤੀ ਦੀ ਪਛਾਣ ਕੀਤੀ ਜਾਵੇਗੀ ? ਕੀ ਪ੍ਰਸ਼ਾਸਨ ਪਤਾ ਲਗਾ ਸਕੇਗਾ ਕਿ ਬਲਦੇਵ ਸਿੰਘ ਇਸ ਦੌਰਾਨ ਆਨੰਦਪੁਰ ਸਾਹਿਬ ਕਿੱਥੇ-ਕਿੱਥੇ ਗਿਆ ਅਤੇ ਕਿਸ-ਕਿਸਨੂੰ ਮਿਲਿਆ ? ਫਿਲਹਾਲ ਪ੍ਰਸ਼ਾਸਨ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਇਲਾਕੇ ਨੂੰ ਲਗਭਗ ਸੀਲ ਕਰ ਦਿੱਤਾ ਹੈ। ਕੋਰੋਨਾਵਾਇਰਸ ਲਾਗ ਦੀ ਬਿਮਾਰੀ ਹੈ ਅਤੇ ਇੱਕ ਦੂਜੇ ਤੱਕ ਬੜੀ ਤੇਜ਼ੀ ਨਾਲ ਫੈਲਦੀ ਹੈ, ਅਜਿਹੇ ਵਿੱਚ ਬਲਦੇਵ ਸਿੰਘ ਵੱਲੋਂ ਹੋਲਾ ਮਹੱਲਾ ‘ਚ ਸ਼ਾਮਿਲ ਹੋਣ ਦੀ ਖਬਰ ਕਾਫੀ ਚਿੰਤਾਜਨਕ ਹੈ।