ਚੰਡੀਗੜ੍ਹ- ਪਾਕਿਸਤਾਨ ਵਿੱਚ ਘੱਟ ਗਿਣਤੀ ਸਿੱਖਾਂ ਲਈ ਪਾਕਿਸਤਾਨ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਜੀਪੀਸੀ) ਨੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਭਾਰਤ ਸਮੇਤ ਹੋਰਨਾਂ ਮੁਲਕਾਂ ਤੋਂ ਆਉਣ ਵਾਲੇ ਰਾਗੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ ਦੇਣ ਦਾ ਫ਼ੈਸਲਾ ਕੀਤਾ ਹੈ ਪਰ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਦੇ ਪ੍ਰਬੰਧ ਲਈ ਲਾਂਗਰੀ ਭੇਜਣ ਦੀ ਤਜਵੀਜ਼ ਰੱਦ ਕਰ ਦਿੱਤੀ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਭਾਰਤ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਜਾਂਦੇ ਰਾਗੀ ਜਥਿਆਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ(ਪਾਕਿਸਤਾਨ) ਵਿਖੇ ਗੁਰਬਾਣੀ ਦਾ ਕੀਰਤਨ ਕਰਨ ਦੀ ਪ੍ਰਵਾਨਗੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਿਰਫ਼ ਭਾਰਤ ਹੀ ਨਹੀਂ ਸਗੋਂ ਵਿਸ਼ਵ ਦੇ ਕਿਸੇ ਵੀ ਮੁਲਕ ਵਿੱਚੋਂ ਆਉਣ ਵਾਲੇ ਰਾਗੀਆਂ ਨੂੰ ਗੁਰਬਾਣੀ ਦਾ ਕੀਰਤਨ ਕਰਨ ਦੀ ਆਗਿਆ ਦਿੱਤੀ ਜਾਵੇਗੀ। ਇਹ ਰਾਗੀ ਨਿਰਧਾਰਤ ਸਮੇਂ ਲਈ ਗੁਰਬਾਣੀ ਦਾ ਕੀਰਤਨ ਕਰ ਸਕਣਗੇ। ਇਨ੍ਹਾਂ ਰਾਗੀਆਂ ਨੂੰ ਆਮ ਸ਼ਰਧਾਲੂਆਂ ਵਾਂਗ ਸਵੇਰੇ ਆ ਕੇ ਸ਼ਾਮ ਨੂੰ ਪਰਤਣਾ ਪਵੇਗਾ। ਉਨ੍ਹਾਂ ਆਖਿਆ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵਿਚਾਲੇ ਹੋਏ ਸਮਝੌਤੇ ਮੁਤਾਬਿਕ ਸ਼ਰਧਾਲੂ ਸਵੇਰੇ ਮੱਥਾ ਟੇਕਣ ਲਈ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਪਹੁੰਚਣਗੇ ਅਤੇ ਸ਼ਾਮ ਨੂੰ ਲਾਂਘੇ ਰਾਹੀਂ ਵਾਪਸ ਪਰਤ ਜਾਣਗੇ। ਉਨ੍ਹਾਂ ਕਿਹਾ ਕਿ ਗੁਰਦੁਆਰੇ ਵਿੱਚ ਰਾਗੀਆਂ ਨੂੰ ਕੀਰਤਨ ਕਰਨ ਦੀ ਆਗਿਆ ਦਿੱਤੀ ਜਾਵੇਗੀ ਪਰ ਸ਼੍ਰੋਮਣੀ ਕਮੇਟੀ ਦੀ ਦੂਜੀ ਤਜਵੀਜ਼ ਰੱਦ ਕਰ ਦਿੱਤੀ ਗਈ ਹੈ, ਜਿਸ ਵਿੱਚ ਉਨ੍ਹਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਲੰਗਰ ਤਿਆਰ ਕਰਨ ਲਈ ਭਾਰਤ ਤੋਂ ਲਾਂਗਰੀ ਭੇਜਣ ਦੀ ਪ੍ਰਵਾਨਗੀ ਮੰਗੀ ਸੀ। ਉਨ੍ਹਾਂ ਆਖਿਆ ਕਿ ਗੁਰਦੁਆਰੇ ਵਿੱਚ ਲੰਗਰ ਦਾ ਪ੍ਰਬੰਧ ਪੀਜੀਪੀਸੀ ਵੱਲੋਂ ਹੀ ਕੀਤਾ ਜਾਵੇਗਾ। ਇਸ ਸਬੰਧੀ ਪੀਜੀਪੀਸੀ ਵੱਲੋਂ ਗੁਰਦੁਆਰੇ ਵਿੱਚ ਸੇਵਾ ਵਾਸਤੇ 150 ਵਿਅਕਤੀਆਂ ਦਾ ਅਮਲਾ ਭਰਤੀ ਕੀਤਾ ਗਿਆ ਹੈ।
ਕਰਤਾਰਪੁਰ ਸਾਹਿਬ ਲਈ ਵਿਸ਼ੇਸ਼ ਬੱਸ ਸੇਵਾ ਅੱਜ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ। ਇਹ ਪਹਿਲੀ ਬੱਸ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਗੁਰਦੁਆਰਾ ਸਾਰਾਗੜ੍ਹੀ ਨਿਵਾਸ ਦੇ ਬਾਹਰੋਂ ਰਵਾਨਾ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਤੋਂ ਕੋਰੀਡੋਰ ਤੱਕ ਸ਼ਰਧਾਲੂਆਂ ਨੂੰ ਛੱਡਣ ਲਈ ਮੁਫ਼ਤ ਬੱਸ ਸੇਵਾ ਚਲਾਈ ਜਾ ਰਹੀ ਹੈ।
ਪਾਕਿਸਤਾਨ ਵਿੱਚ ਸਿੱਖ ਘੱਟ ਗਿਣਤੀ ਵਿੱਚ ਹਨ, ਇਸ ਲਈ ਉੱਥੇ ਗੁਰਦੁਆਰਿਆਂ ਵਿੱਚ ਗੁਰਬਾਣੀ ਦਾ ਕੀਰਤਨ ਕਰਨ ਵਾਲੇ ਰਾਗੀ ਜਥੇ , ਢਾਡੀ, ਪ੍ਰਚਾਰਕਾਂ ਆਦਿ ਦੀ ਕਮੀ ਹੈ। ਇਸੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਆਪਣੇ ਹਜ਼ੂਰੀ ਰਾਗੀ ਜਥੇ ਭੇਜਣ ਦੀ ਸੇਵਾ ਸ਼ੁਰੂ ਕੀਤੀ ਸੀ। ਇਸ ਸੰਬੰਧੀ ਸ਼੍ਰੋਮਣੀ ਕਮੇਟੀ ਵੱਲੋਂ 16 ਦਸੰਬਰ ਨੂੰ ਪਹਿਲਾ ਤਿੰਨ ਮੈਂਬਰੀ ਰਾਗੀ ਜਥਾ ਭੇਜਿਆ ਗਿਆ ਸੀ। ਇਹ ਜਥਾ ਸਾਰਾ ਦਿਨ ਕੀਰਤਨ ਦੀ ਸੇਵਾ ਨਿਭਾਉਣ ਮਗਰੋਂ ਵਾਪਸ ਆ ਗਿਆ ਸੀ।
ਰਾਗੀ ਜਥੇ ਭੇਜਣ ਦਾ ਇਹ ਸਿਲਸਿਲਾ ਲਗਭਗ ਇੱਕ ਹਫ਼ਤਾ ਹੀ ਚੱਲਿਆ ਸੀ ਕਿ ਪੀਜੀਪੀਸੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਰਾਗੀ ਜਥਿਆਂ ਨੂੰ ਕੀਰਤਨ ਕਰਨ ਤੋਂ ਰੋਕ ਦਿੱਤਾ ਗਿਆ ਸੀ। ਉਸ ਤੋਂ ਬਾਅਦ ਹੁਣ ਤੱਕ ਇਹ ਰਾਗੀ ਜਥੇ ਭੇਜਣ ਦਾ ਸਿਲਸਿਲਾ ਸ਼ੁਰੂ ਨਹੀਂ ਹੋ ਸਕਿਆ। ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਸੰਬੰਧੀ ਪੱਤਰ ਭੇਜ ਕੇ ਰਸਮੀ ਤੌਰ ’ਤੇ ਪੀਜੀਪੀਸੀ ਕੋਲੋਂ ਇਸ ਸੰਬੰਧੀ ਪ੍ਰਵਾਨਗੀ ਦੀ ਮੰਗ ਕੀਤੀ ਗਈ ਸੀ।