The Khalas Tv Blog Religion ਰੱਬੀ ਪਿਆਰ ‘ਚ ਭਿੱਜੀ ਰੂਹ ਸਨ ਭਾਈ ਦਰਬਾਰੀ ਜੀ
Religion

ਰੱਬੀ ਪਿਆਰ ‘ਚ ਭਿੱਜੀ ਰੂਹ ਸਨ ਭਾਈ ਦਰਬਾਰੀ ਜੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ)-ਇੱਕ ਵਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੀ ਸੈਨਾ ਸਮੇਤ ਇੱਕ ਇਲਾਕੇ ਨੂੰ ਫ਼ਤਿਹ ਕਰਨ ਲਈ ਜਾ ਰਹੇ ਸਨ । ਰਾਹ ਵਿੱਚ ਇੱਕ ਗੁਰੂ ਘਰ ਪੈਂਦਾ ਸੀ ਜਿਸਦੀ ਸੇਵਾ ਸੰਭਾਲ ਭਾਈ ਘਨ੍ਹਈਆ ਜੀ ਦੀ ਸੰਪਰਦਾ ਵਿੱਚੋਂ ਇੱਕ ਦਾਨੇ ਸੱਜਣ “ਭਾਈ ਦਰਬਾਰੀ ਜੀ” ਕਰ ਰਹੇ ਸਨ ।

ਮਹਾਰਾਜੇ ਨੇ ਭਾਈ ਦਰਬਾਰੀ ਜੀ ਦਾ ਬਹੁਤ ਨਾਂ ਸੁਣਿਆ ਸੀ। ਇਸ ਲਈ ਉਹ ਪਹਿਲਾਂ ਇਸ ਗੁਰੂ ਘਰ ਪਹੁੰਚੇ। ਉਹਨਾਂ ਦੀ ਭਾਈ ਦਰਬਾਰੀ ਜੀ ਵੱਲੋਂ ਜਲ ਪਾਣੀ ਦੁਆਰਾ ਸੇਵਾ ਕੀਤੀ ਗਈ ਤੇ ਉਹ ਨਾਲ ਹੀ ਪੁੱਛਣ ਲੱਗੇ ਕਿ ਅੱਜ ਮਹਾਰਾਜਾ ਸਾਹਿਬ,ਤੁਸੀਂ ਇੱਧਰ ਕਿਵੇਂ ? ਤਾਂ ਮਹਾਰਾਜੇ ਨੇ ਕਿਹਾ ਕਿ ਅਸੀਂ ਇੱਕ ਇਲਾਕਾ ਜਿੱਤਣ ਚੱਲੇ ਹਾਂ,ਤੁਹਾਡੇ ਤੋਂ ਆਸੀਸ ਲੈਣ ਆਇਆ ਹਾਂ।

ਇਹ ਗੱਲ ਸੁਣਦਿਆਂ ਭਾਈ ਦਰਬਾਰੀ ਜੀ ਮੁਸਕਰਾਏ ਤੇ ਕਹਿਣ ਲੱਗੇ “ਰਣਜੀਤ ਸਿੰਘਾਂ ਸਾਡੀ ਆਸੀਸ ਨਾਲ ਕੁੱਝ ਨਹੀਂ ਹੋਣਾ, ਫ਼ਤਿਹ ਦੀ ਦਾਤ ਦੀ  ਬਖਸ਼ਿਸ਼ ਤਾਂ ਅਕਾਲ ਪੁਰਖ ਦੇ ਵੱਸ ਹੈ ,ਆਸੀਸ ਲੈਣੀ ਹੈ ਤਾਂ ਗੁਰੂ ਸਾਹਿਬ ਦੀ ਲਉ। ਭਾਈ ਸਾਹਿਬ ਨੇ ਮਹਾਰਾਜੇ ਸਮੇਤ ਸਤਿਗੁਰਾਂ ਦੇ ਚਰਨ ਪਰਸੇ ਤੇ ਅਰਦਾਸ ਕੀਤੀ।

ਜਦ ਮਹਾਰਾਜਾ ਨੇ ਉਹ ਇਲਾਕਾ ਜਿੱਤ ਲਿਆ ਤਾਂ ਲਾਹੌਰ ਵਾਪਸ ਜਾਂਦੇ ਹੋਏ ਫਿਰ ਉਸ ਗੁਰਦੁਆਰਾ ਸਾਹਿਬ ਸ਼ੁਕਰਾਨਾ ਕਰਨ ਲਈ ਆਏ ਤੇ ਜਿੱਤਣ ਦੀ ਖੁਸ਼ੀ ‘ਚ ਭਾਈ ਦਰਬਾਰੀ ਜੀ ਨੂੰ ਕਹਿਣ ਲੱਗੇ ਕਿ ਕੋਈ ਚੀਜ਼ ਚਾਹੀਦੀ ਹੋਵੇ ਤਾਂ ਮੰਗ ਲਵੋ।

ਇਹ ਸੁਣਕੇ ਭਾਈ ਸਾਹਿਬ ਕਹਿਣ ਲੱਗੇ “ਮਹਾਰਾਜਾ! ਅਜੇ ਕੱਲ੍ਹ ਤਾਂ ਤੁਸੀਂ ਮੰਗਤੇ ਸੀ ਤੇ ਇੱਥੇ ਮੰਗਣ ਆਏ ਸੀ ਤੇ ਅੱਜ ਦਾਤਾ ਕਿਵੇਂ ਬਣ ਬੈਠੇ?  ਉਹਨਾਂ ਕਿਹਾ ਕਿ ਇੱਥੋਂ ਦੀ ਹਰ ਵਸਤੂ ਉਹ ਵੱਡਾ ਦਾਤਾ ਪਾਰਬ੍ਰਹਮ ਖੁਦ ਆਪ ਦੇ ਰਿਹਾ ਹੈ, ਉਸਦਾ ਦਿੱਤਾ ਖਾ ਰਹੇ ਹਾਂ। ਧੰਨ ਸਨ ਇਹੋ ਜਿਹੇ ਭਰੋਸੇ ਵਾਲੇ ਪਿਆਰੇ ਭਾਈ ਦਰਬਾਰੀ ਜੀ।

Exit mobile version