The Khalas Tv Blog International ਰੂਸ ਤੇ ਯੂਕਰੇਨ ਵਿਚਾਲੇ ਟਕਰਾਅ ਟਾਲਣਗੇ ਇਹ ਲੀਡਰ
International

ਰੂਸ ਤੇ ਯੂਕਰੇਨ ਵਿਚਾਲੇ ਟਕਰਾਅ ਟਾਲਣਗੇ ਇਹ ਲੀਡਰ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਯੂਰੋਪੀਅਨ ਯੂਨੀਅਨ ਤੇ ਰੂਸ ਦਰਮਿਆਨ ਵਧੇ ਤਣਾਅ ਦੌਰਾਨ ਯੂਰੋਪ ਦੇ ਲੀਡਰਾਂ ਨੇ ਯੂਕਰੇਨ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਾਬਕਾ ਸੋਵੀਅਤ ਸੰਘ ਨਾਲ ਸਬੰਧਤ ਚਾਰ ਹੋਰ ਮੁਲਕਾਂ ਦੇ ਆਗੂ ਵੀ ਹਾਜ਼ਰ ਸਨ। ਇਸੇ ਦੌਰਾਨ ਯੂਰੋਪੀਅਨ ਯੂਨੀਅਨ ਦੇ ਆਗੂਆਂ ਨੇ ਇਕ ਵੱਖਰੀ ਮੀਟਿੰਗ ਵੀ ਕੀਤੀ ਹੈ। ਇਸ ਦਾ ਮੰਤਵ ਰੂਸੀ ਫ਼ੌਜ ਨਾਲ ਟਕਰਾਅ ਰੋਕਣਾ ਹੈ ਜੋ ਕਿ ਯੂਕਰੇਨ ਦੀਆਂ ਹੱਦਾਂ ’ਤੇ ਹੈ। ਬੈਠਕ ਵਿਚ ਮਸਲੇ ਨੂੰ ਸੰਵਾਦ ਨਾਲ ਸੁਲਝਾਉਣ ਤੇ ਜੰਗ ਟਾਲਣ ਉਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਲੋੜ ਪੈਣ ’ਤੇ ਰੂਸ ਉਤੇ ਸਖ਼ਤ ਪਾਬੰਦੀਆਂ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਗਿਆ। ਯੂਨੀਅਨ ਤੇ ਸਾਬਕਾ ਸੋਵੀਅਤ ਮੁਲਕਾਂ ਦੇ ਆਗੂਆਂ ਦੀ ਮੁਲਾਕਾਤ ਦੌਰਾਨ ਉਨ੍ਹਾਂ ਸਿਆਸੀ, ਵਪਾਰਕ, ਊਰਜਾ ਤੇ ਸਭਿਆਚਾਰਕ ਸਬੰਧਾਂ ਨੂੰ ਡੂੰਘਾ ਕਰਨ ਦਾ ਅਹਿਦ ਕੀਤਾ। ਯੂਰੋਪੀਅਨ ਯੂਨੀਅਨ ਦੇ ਪੂਰਬੀ ਗੱਠਜੋੜ ਵਿਚ ਅਰਮੀਨੀਆ, ਅਜ਼ਰਬਾਈਜਾਨ, ਬੇਲਾਰੂਸ, ਜਾਰਜੀਆ, ਮੋਲਡੋਵਾ ਤੇ ਯੂਕਰੇਨ ਦੇ ਆਗੂ ਹਾਜ਼ਰ ਸਨ। ਬੇਲਾਰੂਸ ਦੇ ਰਾਸ਼ਟਰਪਤੀ ਐਲਗਜ਼ੈਂਡਰ ਲੁਕਾਸ਼ੇਂਕੋ ਯੂਨੀਅਨ ਦਾ ਬਾਈਕਾਟ ਕਰ ਰਹੇ ਹਨ ਕਿਉਂਕਿ ਯੂਰੋਪੀਅਨ ਯੂਨੀਅਨ ਨੇ ਉਨ੍ਹਾਂ ’ਤੇ ਚੋਣਾਂ ਵਿਚ ਧਾਂਦਲੀ ਦਾ ਦੋਸ਼ ਲਾਇਆ ਸੀ। ਇਸ ਸੰਮੇਲਨ ਦੇ ਆਖ਼ਰੀ ਐਲਾਨਨਾਮੇ ਵਿਚ ਕਿਹਾ ਗਿਆ ਕਿ ਮੀਟਿੰਗ ਦਾ ਮੰਤਵ ਹਿੱਸੇਦਾਰਾਂ ਨੂੰ ਯਕੀਨ ਦਿਵਾਉਣਾ ਸੀ ਕਿ ਸਾਰੇ ਮੁਲਕ ਰਣਨੀਤਕ ਤੇ ਅਗਾਂਹਵਧੂ ਭਾਈਵਾਲੀ ਨੂੰ ਮਜ਼ਬੂਤ ਕਰਦੇ ਰਹਿਣ ਲਈ ਵਚਨਬੱਧ ਹਨ। ਮੁਲਕਾਂ ਦੀ ਭਾਈਵਾਲੀ ‘ਸਾਂਝੀਆਂ ਸਿਧਾਂਤਕ’ ਕਦਰਾਂ-ਕੀਮਤਾਂ ਉਤੇ ਅਧਾਰਿਤ ਹੈ। ਹਾਲਾਂਕਿ ਐਲਾਨਨਾਮੇ ਵਿਚ ਰੂਸ ਦਾ ਜ਼ਿਕਰ ਨਹੀਂ ਕੀਤਾ ਗਿਆ।

Exit mobile version