ਚੰਡੀਗੜ੍ਹ- (ਪੁਨੀਤ ਕੌਰ) ਕੋਰੋਨਾਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਭਾਰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਕਰਫਿਊ ਦਾ ਸੱਦਾ ਦਿੱਤਾ ਸੀ ਜਿਸ ਨੂੰ ਕਾਫੀ ਲੋਕਾਂ ਦਾ ਵਧੀਆ ਹੁੰਗਾਰਾ ਵੀ ਮਿਲਿਆ ਪਰ ਇਸਦੇ ਬਾਵਜੂਦ ਕਈ ਲੋਕ ਇਸ ਬਿਮਾਰੀ ਨੂੰ ਲੈ ਕੇ ਗੰਭੀਰ ਨਹੀਂ ਹੋ ਰਹੇ ਹਨ ਅਤੇ ਖੁੱਲ੍ਹੇਆਮ ਸੜਕਾਂ ‘ਤੇ ਘੁੰਮ ਰਹੇ ਹਨ। ਹਾਲਾਂਕਿ ਸਰਕਾਰ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਜਾਂ ਫਿਰ ਕਿਸੇ ਜ਼ਰੂਰੀ ਕੰਮ ਲਈ ਹੀ ਘਰਾਂ ਤੋਂ ਨਿਕਲਣ ਦੀ ਅਪੀਲ ਕਰ ਰਹੀ ਹੈ ਪਰ ਲੋਕਾਂ ਨੂੰ ਸਰਕਾਰ ਦੀ ਇਸ ਅਪੀਲ ਦੀ ਕੋਈ ਪਰਵਾਹ ਨਹੀਂ ਹੈ। ਪੁਲਿਸ ਮਹਿਕਮਾ ਸੜਕਾਂ ‘ਤੇ ਇਨ੍ਹਾਂ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਹੈ ਪਰ ਕੁੱਝ ਲੋਕ ਪੁਲਿਸ ਦਾ ਇਸ ਕੰਮ ਵਿੱਚ ਸਾਥ ਨਹੀਂ ਦੇ ਰਹੇ ਹਨ। ਇਸ ਲਈ ਪੰਜਾਬ ਪੁਲਿਸ ਨੇ ਹੁਣ ਇਨ੍ਹਾਂ ਲੋਕਾਂ ਦੀ ਸੁਰੱਖਿਆ ਲਈ ਨਵੀਂ ਤਰਕੀਬ ਸੋਚੀ ਹੈ। ਜੋ ਵੀ ਵਿਅਕਤੀ ਜੇਕਰ ਬਿਨਾਂ ਕਿਸੇ ਖਾਸ ਕੰਮ ਦੇ ਸੜਕਾਂ ਜਾਂ ਹੋਰ ਕਿਧਰੇ ਵੀ ਪਾਇਆ ਜਾਂਦਾ ਹੈ ਤਾਂ ਪੁਲਿਸ ਉਸ ਵਿਅਕਤੀ ਦੇ ਹੱਥਾਂ ਵਿੱਚ ਇੱਕ ਪੋਸਟਰ ਫੜਾ ਦਿੰਦੀ ਹੈ ਜਿਸ ‘ਤੇ ਲਿਖਿਆ ਹੈ ਕਿ “ਮੈਂ ਸਮਾਜ ਦਾ ਦੁਸ਼ਮਣ ਹਾਂ,ਮੈਂ ਘਰ ਵਿੱਚ ਨਹੀਂ ਰਹਾਂਗਾ।” ਇਹ ਤਸਵੀਰਾਂ ਮੁਕਤਸਰ ਜ਼ਿਲ੍ਹੇ ਦੀਆਂ ਹਨ ਜਿੱਥੇ ਪੁਲਿਸ ਨੇ ਇਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਇਹ ਪੋਸਟਰ ਫੜਾ ਕੇ ਇਨ੍ਹਾਂ ਨੂੰ ਘਰਾਂ ‘ਚ ਹੀ ਰਹਿਣ ਦੀ ਅਪੀਲ ਕੀਤੀ ਹੈ।
ਪੁਲਿਸ ਮੁਤਾਬਕ ਇਸ ਨਾਲ ਲੋਕਾਂ ਨੂੰ ਸ਼ਰਮ ਆਵੇਗੀ ਤੇ ਉਹ ਆਪਣੀ ਸੁਰੱਖਿਆ ਦੇ ਲਈ ਘਰਾਂ ਵਿੱਚ ਇਕਾਂਤਵਾਸ ਰਹਿਣਗੇ। ਪੁਲਿਸ ਵੱਲੋਂ ਅਪਣਾਈ ਇਸ ਤਰਕੀਬ ਨਾਲ ਉਨ੍ਹਾਂ ਲੋਕਾਂ ਨੂੰ ਸ਼ਰਮਿੰਦਾ ਕੀਤਾ ਜਾ ਰਿਹਾ ਹੈ ਜੋ ਕੋਰੋਨਾਵਾਇਰਸ ਨੂੰ ਗੰਭੀਰਤਾ ਨਾਲ ਨਾ ਲੈਂਦੇ ਹੋਏ ਸ਼ਰੇਆਮ ਬਾਹਰ ਬਿਨਾਂ ਆਪਣੀ ਸੁਰੱਖਿਆ ਦੇ ਘੁੰਮ ਰਹੇ ਹਨ ਅਤੇ ਦੂਸਰੇ ਲੋਕਾਂ ਲਈ ਵੀ ਮੁਸੀਬਤ ਪੈਦਾ ਕਰ ਰਹੇ ਹਨ।