The Khalas Tv Blog India ਭਾਰਤ-ਪਾਕਿ ਸਰਹੱਦ ‘ਤੇ ਪੈਦਾ ਹੋਇਆ ਬੱਚਾ, ਮਾਪਿਆਂ ਨੇ ਨਾਂ ਰੱਖਿਆ ਬਾਰਡਰ
India International

ਭਾਰਤ-ਪਾਕਿ ਸਰਹੱਦ ‘ਤੇ ਪੈਦਾ ਹੋਇਆ ਬੱਚਾ, ਮਾਪਿਆਂ ਨੇ ਨਾਂ ਰੱਖਿਆ ਬਾਰਡਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਤੋਂ ਇੱਕ ਚੰਗੀ ਖ਼ਬਰ ਆਈ ਹੈ। ਇੱਥੇ ਇਕ ਪਾਕਿਸਤਾਨੀ ਔਰਤ ਨੇ ਬੇਟੇ ਨੂੰ ਜਨਮ ਦਿੱਤਾ, ਜਿਸ ਦਾ ਨਾਂ ਬਾਰਡਰ ਰੱਖਿਆ ਗਿਆ ਹੈ। ਬੇਟੇ ਦਾ ਜਨਮ 2 ਦਸੰਬਰ ਨੂੰ ਅਟਾਰੀ ਬਾਰਡਰ ‘ਤੇ ਹੋਇਆ ਸੀ। ਔਰਤ ਅਤੇ ਉਸ ਦਾ ਪਤੀ ਪਿਛਲੇ 71 ਦਿਨਾਂ ਤੋਂ 97 ਹੋਰ ਪਾਕਿਸਤਾਨੀ ਨਾਗਰਿਕਾਂ ਨਾਲ ਅਟਾਰੀ ਸਰਹੱਦ ‘ਤੇ ਫਸੇ ਹੋਏ ਹਨ। ਔਰਤ ਦਾ ਨਾਂ ਨਿੰਬੂ ਬਾਈ ਹੈ ਜਦਕਿ ਪਤੀ ਦਾ ਨਾਂ ਬਾਲਮ ਰਾਮ ਹੈ। ਉਹ ਪੰਜਾਬ ਸੂਬੇ ਦੇ ਰਾਜਨਪੁਰ ਜ਼ਿਲ੍ਹੇ ਦੇ ਵਸਨੀਕ ਹਨ। ਦੋਵਾਂ ਨੇ ਦੱਸਿਆ ਕਿ ਬੱਚੇ ਦਾ ਨਾਂ ‘ਬਾਰਡਰ’ ਰੱਖਿਆ ਗਿਆ ਕਿਉਂਕਿ ਉਹ ਭਾਰਤ-ਪਾਕਿ ਸਰਹੱਦ ‘ਤੇ ਪੈਦਾ ਹੋਇਆ ਸੀ।

ਨਿੰਬੂ ਬਾਈ ਗਰਭਵਤੀ ਸੀ ਅਤੇ 2 ਦਸੰਬਰ ਨੂੰ ਉਸ ਨੂੰ ਜਣੇਪੇ ਹੋ ਗਏ। ਪੰਜਾਬ ਦੇ ਨੇੜਲੇ ਪਿੰਡਾਂ ਦੀਆਂ ਕੁਝ ਔਰਤਾਂ ਨਿੰਬੂ ਬਾਈ ਦੀ ਮਦਦ ਲਈ ਆਈਆਂ। ਸਥਾਨਕ ਲੋਕਾਂ ਨੇ ਹੋਰ ਸਹਾਇਤਾ ਪ੍ਰਦਾਨ ਕਰਨ ਤੋਂ ਇਲਾਵਾ ਜਣੇਪੇ ਲਈ ਡਾਕਟਰੀ ਸਹੂਲਤਾਂ ਦਾ ਵੀ ਪ੍ਰਬੰਧ ਕੀਤਾ।

ਬਾਲਮ ਰਾਮ ਨੇ ਦੱਸਿਆ ਕਿ ਉਹ ਲਾਕਡਾਊਨ ਤੋਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਇਲਾਵਾ ਤੀਰਥ ਯਾਤਰਾ ਲਈ ਭਾਰਤ ਆਇਆ ਸੀ। ਉਹ ਅਤੇ 98 ਹੋਰ ਨਾਗਰਿਕ ਜ਼ਰੂਰੀ ਦਸਤਾਵੇਜ਼ਾਂ ਦੀ ਘਾਟ ਕਾਰਨ ਘਰ ਨਹੀਂ ਪਰਤ ਸਕੇ। ਅਟਾਰੀ ਸਰਹੱਦ ‘ਤੇ ਫਸੇ ਇਨ੍ਹਾਂ ਲੋਕਾਂ ‘ਚ 47 ਬੱਚੇ ਸ਼ਾਮਲ ਹਨ, ਜਿਨ੍ਹਾਂ ‘ਚੋਂ 6 ਦਾ ਜਨਮ ਭਾਰਤ ‘ਚ ਹੋਇਆ ਸੀ ਅਤੇ ਉਨ੍ਹਾਂ ਦੀ ਉਮਰ ਇਕ ਸਾਲ ਤੋਂ ਘੱਟ ਹੈ।

ਬਾਲਮ ਰਾਮ ਤੋਂ ਇਲਾਵਾ ਇਕ ਹੋਰ ਪਾਕਿਸਤਾਨੀ ਨਾਗਰਿਕ ਲਗਿਆ ਰਾਮ ਨੇ ਆਪਣੇ ਪੁੱਤਰ ਦਾ ਨਾਮ ‘ਭਾਰਤ’ ਰੱਖਿਆ ਕਿਉਂਕਿ ਉਹ 2020 ਵਿੱਚ ਜੋਧਪੁਰ ਵਿੱਚ ਪੈਦਾ ਹੋਇਆ ਸੀ। ਲਗਿਆ ਜੋਧਪੁਰ ਆਪਣੇ ਭਰਾ ਨੂੰ ਮਿਲਣ ਆਇਆ ਸੀ, ਪਰ ਫਿਰ ਸਰਹੱਦ ਪਾਰ ਨਹੀਂ ਕਰ ਸਕਿਆ। ਇਹ ਪਰਿਵਾਰ ਵੀ ਟੈਂਟਾਂ ਵਿੱਚ ਰਹਿੰਦਾ ਹੈ। ਮੋਹਨ ਅਤੇ ਸੁੰਦਰ ਦਾਸ ਹੋਰ ਫਸੇ ਹੋਏ ਪਾਕਿਸਤਾਨੀਆਂ ਵਿੱਚੋਂ ਵੀ ਹਨ ਜਿਨ੍ਹਾਂ ਨੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਪਾਕਿਸਤਾਨੀ ਸਰਹੱਦ ਪਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਹ ਲੋਕ ਰਹੀਮ ਯਾਰ ਖਾਨ ਅਤੇ ਰਾਜਨਪੁਰ ਸਮੇਤ ਪਾਕਿਸਤਾਨ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਹਨ। ਫਿਲਹਾਲ ਉਹ ਅਟਾਰੀ ਬਾਰਡਰ ‘ਤੇ ਟੈਂਟ ‘ਚ ਰਹਿ ਰਹੇ ਹਨ ਕਿਉਂਕਿ ਪਾਕਿਸਤਾਨੀ ਰੇਂਜਰਾਂ ਨੇ ਉਨ੍ਹਾਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰ ਅਟਾਰੀ ਇੰਟਰਨੈਸ਼ਨਲ ਚੌਕੀ ਨੇੜੇ ਪਾਰਕਿੰਗ ਵਿੱਚ ਡੇਰੇ ਲਾਏ ਹੋਏ ਹਨ। ਸਥਾਨਕ ਲੋਕ ਉਨ੍ਹਾਂ ਨੂੰ ਦਿਨ ਵਿੱਚ ਤਿੰਨ ਵਾਰ ਖਾਣਾ, ਦਵਾਈਆਂ ਅਤੇ ਕੱਪੜੇ ਮੁਹੱਈਆ ਕਰਵਾ ਰਹੇ ਹਨ।

Exit mobile version