‘ਦ ਖ਼ਾਲਸ ਬਿਊਰੋ :- ਭਾਰਤ ਦੇ ਸੱਬ ਤੋਂ ਅਮੀਰ ਉਦਯੋਗ ਪਤੀ ਅਨਿਲ ਅੰਬਾਨੀ ਦੇ ਮੁੱਖ ਦਫ਼ਤਰ ਜੋ ਕਿ ਮੁੰਬਈ ਦੇ ਨੇੜਲੇ ਸ਼ਹਿਰ ਸਾਂਤਾਕਰੂਜ਼ ‘ਚ ਸਥਿਤ ਹੈ, ‘ਤੇ ਨਿੱਜੀ ਖ਼ੇਤਰ ਦੇ ਯੈੱਸ ਬੈਂਕ ਵੱਲੋਂ ਅੱਜ ਕਬਜ਼ਾ ਕਰ ਲਿਆ ਗਿਆ ਹੈ। ਦਰਅਸਲ ਅੰਬਾਨੀ ਵੱਲੋਂ ਯੈੱਸ ਬੈਂਕ ਦੀ 2,892 ਕਰੋੜ ਰੁਪਏ ਦੇ ਬਕਾਇਆ ਕਰਜ਼ੇ ਦੀ ਅਦਾਇਗੀ ਨਾ ਕਰਨ ’ਤੇ ਇਹ ਕਬਜ਼ਾ ਲੈ ਗਿਆ ਹੈ।
ਬੈਂਕ ਵੱਲੋਂ 29 ਜੁਲਾਈ ਨੂੰ ਅਖ਼ਬਾਰ ‘ਚ ਦਿੱਤੇ ਗਏ ਨੋਟਿਸ ਮੁਤਾਬਿਕ ਰਿਲਾਇੰਸ ਇੰਫਰਾਸਟੱਕਚਰ ਵੱਲੋਂ ਬਕਾਏ ਦੀ ਅਦਾਇਗੀ ਨਾ ਕਰਨ ਦੇ ਮਾਮਲੇ ‘ਚ ਬੈਂਕ ਨੇ ਦੱਖਣੀ ਮੁੰਬਈ ਦੇ ਦੋ ਫਲੈਟਾਂ ‘ਤੇ ਵੀ ਕਬਜ਼ਾ ਕਰ ਲਿਆ ਹੈ।
ਅਨਿਲ ਧੀਰੂਭਾਈ ਅੰਬਾਨੀ ਸਮੂਹ (ADAG) ਦੀਆਂ ਸਾਰੀਆਂ ਕੰਪਨੀਆਂ ਸਾਂਤਾਕਰੂਜ਼ ਦੇ ਦਫ਼ਤਰ ‘ਰਿਲਾਇੰਸ ਸੈਂਟਰ’ ਤੋਂ ਕੰਮ ਕਰ ਰਹੀਆਂ ਸਨ। ਹਾਲਾਂਕਿ ਪਿਛਲੇ ਕੁੱਝ ਸਾਲਾਂ ਤੋਂ ਸਮੂਹ ਕੰਪਨੀਆਂ ਦੀ ਵਿੱਤੀ ਸਥਿਤੀ ਕਾਫ਼ੀ ਖਰਾਬ ਹੋ ਗਈ ਸੀ। ਇਨ੍ਹਾਂ ਵਿੱਚੋਂ ਕੁੱਝ ਕੰਪਨੀਆਂ ਦੀਵਾਲੀਆ ਹੋ ਗਈਆਂ ਹਨ, ਜਦਕਿ ਕੁੱਝ ਨੂੰ ਆਪਣੀ ਹਿੱਸੇਦਾਰੀ ਵੇਚਣੀ ਪਈ ਹੈ।