The Khalas Tv Blog India ਬੀਜੇਪੀ ਦੇ IT ਸੈੱਲ ਨੇ ਮੇਰੇ ਬਿਆਨਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ – ਬਲਵੀਰ ਸਿੰਘ ਰਾਜੇਵਾਲ
India

ਬੀਜੇਪੀ ਦੇ IT ਸੈੱਲ ਨੇ ਮੇਰੇ ਬਿਆਨਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ – ਬਲਵੀਰ ਸਿੰਘ ਰਾਜੇਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਨੇ ‘ਦ ਖ਼ਾਲਸ ਟੀਵੀ ‘ਤੇ ਸਭ ਤੋਂ ਪਹਿਲਾਂ ਇੰਟਰਵਿਊ ਦੇ ਰਾਹੀਂ ਆਪਣੇ ਬਿਆਨਾਂ ‘ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਮੇਰੇ ਬਿਆਨਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਬੀਜੇਪੀ ਦੀ IT ਸੈੱਲ ਨੇ ਮੇਰੇ ਬਿਆਨਾਂ ਨੂੰ ਗਲਤ ਢੰਗ ਨਾਲ ਪੂਰੀ ਦੁਨੀਆ ਵਿੱਚ ਫੈਲਾ ਦਿੱਤਾ ਹੈ।

ਰਾਜੇਵਾਲ ਨੇ ਨਿਹੰਗਾਂ ਬਾਰੇ ਦਿੱਤੇ ਬਿਆਨਾਂ ‘ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਨਿਹੰਗ ਸਿੰਘ ਗੁਰੂ ਦੀ ਪਿਆਰੀ ਅਤੇ ਲਾਡਲੀ ਫੌਜ ਹੈ ਅਤੇ ਮੈਂ ਉਨ੍ਹਾਂ ਨੂੰ ਬਸ ਆਪਣੀ ਫੌਜ ਪਿੱਛੇ ਕਰਨ ਲਈ ਕਿਹਾ ਸੀ ਤਾਂ ਜੋ ਸਰਕਾਰ ਇਸ ਅੰਦੋਲਨ ਨੂੰ ਗਲਤ ਰੂਪ ਨਾ ਦੇ ਦੇਵੇ। ਮੈਂ ਕੋਈ ਵੀ ਬਿਆਨ ਮੀਡੀਆ ਦੇ ਦਬਾਅ ਹੇਠ ਆ ਕੇ ਨਹੀਂ ਦਿੱਤਾ, ਸਿਰਫ ਮੇਰੇ ਬਿਆਨਾਂ ਦਾ ਗਲਤ ਅਰਥ ਕੱਢਿਆ ਗਿਆ ਹੈ। ਜੇਕਰ ਕਿਸੇ ਨੂੰ ਮੇਰੇ ਬਿਆਨਾਂ ਦੇ ਨਾਲ ਠੇਸ ਪਹੁੰਚੀ ਹੈ ਤਾਂ ਮੈਂ ਖਿਮਾ ਚਾਹੁੰਦਾ ਹਾਂ।

ਰਾਜੇਵਾਲ ਨੇ ਕਿਸਾਨਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਮੈਂ ਸਾਰੀ ਉਮਰ ਥਿੜਕਿਆ ਨਹੀਂ ਤਾਂ ਹੁਣ ਕਿਵੇਂ ਥਿੜਕ ਜਾਵਾਂਗਾ। ਮੈਂ ਇਸ ਅੰਦੋਲਨ ਵਿੱਚ ਇਮਾਨਦਾਰੀ ਦੇ ਨਾਲ ਲੱਗਾ ਹਾਂ ਅਤੇ ਅਖੀਰ ਤੱਕ ਲੱਗਾ ਰਹਾਂਗਾ। ਮੈਂ ਕਿਸੇ ਤੋਂ ਨਹੀਂ ਡਰਦਾ।

ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਅਸੀਂ ਲੋਕਾਂ ਨੂੰ ਇੱਕ ਖਾਸ ਬੇਨਤੀ ਕਰਕੇ ਲੈ ਕੇ ਆਏ ਹਾਂ। ਸਾਡੀ ਇਹ ਵੀ ਜ਼ਿੰਮੇਵਾਰੀ ਹੈ ਕਿ ਸਾਡੀਆਂ ਮੰਗਾਂ ਵੀ ਮੰਨੀਆਂ ਜਾਣ ਅਤੇ ਲੋਕ ਸੁਰੱਖਿਅਤ ਘਰ ਚਲੇ ਜਾਣ। ਲੋਕਾਂ ਨੂੰ ਮਰਵਾਉਣਾ ਸਾਡਾ ਕੰਮ ਨਹੀਂ ਹੈ। ਜ਼ਿੰਦਗੀ ਵਿੱਚ ਇੱਕ ਵੀ ਜਗ੍ਹਾ ‘ਤੇ ਅਸੀਂ ਲਾਠੀਚਾਰਜ ਨਹੀਂ ਹੋਣ ਦਿੱਤਾ। ਸਾਡੇ ਮੋਢਿਆਂ ‘ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ।

ਕੇਸਰੀ ਝੰਡੇ ਬਾਰੇ ਦਿੱਤੇ ਬਿਆਨ ‘ਤੇ ਉਨ੍ਹਾਂ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇਹ ਅੰਦੋਲਨ ਕਿਸਾਨ ਯੂਨੀਅਨਾਂ ਦੇ ਝੰਡੇ ਹੇਠ ਲੜਿਆ ਗਿਆ ਹੈ। ਅਸੀਂ ਰਾਜਨੀਤਿਕ ਪਾਰਟੀਆਂ ਨੂੰ ਵੀ ਆਪਣੇ ਝੰਡੇ ਛੱਡ ਕੇ ਕਿਸਾਨਾਂ ਦੇ ਝੰਡੇ ਹੇਠ ਅੰਦੋਲਨ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਹੈ। ਕਿਸੇ ਰਾਜਨੀਤਿਕ ਲੀਡਰ ਨੂੰ ਅਸੀਂ ਸਟੇਜ ‘ਤੇ ਨਹੀਂ ਚੜ੍ਹਨ ਦਿੱਤਾ। ਰਾਜੇਵਾਲ ਨੇ ਜ਼ੀ ਨਿਊਜ਼ ਚੈਨਲ ਦੇ ਮਾਲਿਕ ‘ਤੇ 10 ਹਜ਼ਾਰ ਦਾ ਮਾਣਹਾਨੀ ਦਾ ਕੇਸ ਕਰਨ ਦਾ ਵੀ ਦਾਅਵਾ ਕੀਤਾ ਹੈ।

ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਸੀ ਕਿ ਕਿਸਾਨੀ ਅੰਦੋਲਨ ਨੂੰ ਖ਼ਾਲਿਸਤਾਨੀ ਰੰਗ ਨਾ ਦਿੱਤਾ ਜਾਵੇ। ਟਾਵਰ ‘ਤੇ ਨਿਸ਼ਾਨ ਸਾਹਿਬ ਲਾਉਣ ਵਾਲਿਆਂ ਨੂੰ ਸਲਾਹ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਨਿਸ਼ਾਨ ਸਾਹਿਬ ਨੂੰ ਟਾਵਰ ਤੋਂ ਉਤਾਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੇ ਥਾਂ ‘ਤੇ ਹੀ ਨਿਸ਼ਾਨ ਸਾਹਿਬ ਸੋਂਹਦੇ ਹਨ। ਉਨ੍ਹਾਂ ਕਿਹਾ ਕਿ, ਇਸ ਨਾਲ ਸੰਘਰਸ਼ ਨੂੰ ਖਾਲਿਸਤਾਨੀ ਰੰਗਤ ਦਿੱਤੀ ਜਾ ਰਹੀ ਹੈ। ਰਾਜੇਵਾਲ ਨੇ ਪਿਛਲੇ ਦਿਨੀਂ ਹੋਈਆਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ।

ਰਾਜੇਵਾਲ ਨੇ ਨਿਹੰਗ ਸਿੰਘਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਇੱਥੇ ਛਾਉਣੀ ਨਾ ਲਾਉ। ਉਨ੍ਹਾਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਇੱਕ ਸ਼ਾਂਤਮਈ ਅੰਦੋਲਨ ਹੈ, ਉੱਥੇ ਫਿਲਹਾਲ ਛਾਉਣੀ ਦੀ ਲੋੜ ਨਹੀਂ ਹੈ। ਜਦੋਂ ਲੜਾਈ ਦੀ ਲੋੜ ਹੋਈ ਤਾਂ ਉਨ੍ਹਾਂ ਨੂੰ ਬੁਲਾ ਲਿਆ ਜਾਵੇਗਾ। ਰਾਜੇਵਾਲ ਨੇ ਨਿਹੰਗ ਸਿੰਘਾਂ ਦੇ ਯੋਗਦਾਨ ਦੀ ਤਰੀਫ ਵੀ ਕੀਤੀ।

ਰਾਜੇਵਾਲ ਨੂੰ ਆਪਣੇ ਬਿਆਨਾਂ ਕਾਰਨ ਸੋਸ਼ਲ ਮੀਡੀਆ ‘ਤੇ ਤਿੱਖੇ ਪ੍ਰਤੀਕਰਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਉਨ੍ਹਾਂ ਨੇ ਆਪਣੇ ਬਿਆਨਾਂ ਦਾ ਸਪੱਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮਾਹੌਲ ਤਣਾਅਪੂਰਨ ਨਹੀਂ ਹੋਣਾ ਚਾਹੀਦਾ।

Exit mobile version