The Khalas Tv Blog India ਬੀਜੇਪੀ ਦੀ ਬਦਲਾਖੋਰੀ ਨੀਤੀ ਦਾ ਮੇਰੀ ਸਿਹਤ ‘ਤੇ ਕੋਈ ਅਸਰ ਨਹੀਂ : ਖਹਿਰਾ
India Punjab

ਬੀਜੇਪੀ ਦੀ ਬਦਲਾਖੋਰੀ ਨੀਤੀ ਦਾ ਮੇਰੀ ਸਿਹਤ ‘ਤੇ ਕੋਈ ਅਸਰ ਨਹੀਂ : ਖਹਿਰਾ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਈਡੀ ਦੀ ਆਪਣੀਆਂ ਜਾਇਦਾਦਾਂ ‘ਤੇ ਰੇਡ ਮਗਰੋਂ ਸਖਤ ਪ੍ਰਤਿਕਿਆ ਦਿੰਦਿਆਂ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਬੀਜੇਪੀ ਦੀ ਇਸ ਬਦਲਾਖੋਰੀ ਨੀਤੀ ਦਾ ਮੇਰੀ ਸਿਹਤ ‘ਤੇ ਕੋਈ ਅਸਰ ਨਹੀਂ ਹੋਣ ਵਾਲਾ। ਮੇਰੇ ਅਤੇ ਮੇਰੇ ਪਰਿਵਾਰ ‘ਤੇ ਇਹ ਸਰਕਾਰਾ ਦਾ ਹਮਲਾ ਹੈ। ਮੈਂ ਸਰਕਾਰ ਦੀਆਂ ਇਨ੍ਹਾਂ ਧਮਕੀਆਂ ‘ਤੋਂ ਡਰਨ ਵਾਲਾ ਨਹੀਂ ਹਾਂ। ਝੂਠ ਦੇ ਖਿਲਾਫ ਬੋਲਦੀ ਮੇਰੀ ਜੁਬਾਨ ਨੂੰ ਸਰਕਾਰ ਇਹੋ ਜਿਹੀਆਂ ਕੋਝੀਆਂ ਹਰਕਤਾਂ ਕਰਕੇ ਬੰਦ ਨਹੀਂ ਕਰ ਸਕਦੀ।

ਖਹਿਰਾ ਨੇ ਕਿਹਾ ਕਿ ਨੌਜਵਾਨ ਚਾਹੇ ਉਹ ਦੀਪ ਸਿੱਧੂ ਹੋਵੇ ਜਾਂ ਲੱਖਾ ਸਿਧਾਣਾ, ਨੌਦੀਪ ਕੌਰ ਹੋਵੇ ਜਾਂ ਕੋਈ ਹੋਰ, ਜੇਕਰ ਕੋਈ ਬੇਕਸੂਰ ਹੈ ਤਾਂ ਉਸਦੇ ਹੱਕ ‘ਚ ਆਵਾਜ਼ ਬੁਲੰਦ ਕਰਨ ਤੋਂ ਮੈਂ ਪਿੱਛੇ ਨਹੀਂ ਹਟਾਗਾਂ। ਉਨ੍ਹਾਂ ਕਿਹਾ ਕਿ ਈਡੀ ਦੇ ਨੋਟਿਸਾਂ ਨਾਲ ਮੈਨੂੰ ਕੋਈ ਫਰਕ ਨਹੀਂ ਪੈਣਾ। ਮੈਂ ਫਿਰ ਵੀ ਇਹ ਕਹਿੰਦਾ ਹਾਂ ਕਿ ਮੇਰੀ ਕੋਠੀ ਤੇ ਮੇਰੀ ਜਾਇਦਾਦ ਦੀ ਜੀ ਸਦਕੇ ਤਲਾਸ਼ੀ ਲਵੋ, ਪਰ ਮੇਰੇ ਅਕਸ ਨੂੰ ਖਰਾਬ ਕਰਨ ਦੀ ਗੰਦੀ ਰਾਜਨੀਤੀ ਨਾ ਖੇਡੋ। ਕੱਲ੍ਹ ਈਡੀ ਦੇ ਛਾਪੇਮਾਰੀ ਦੌਰਾਨ ਵੀ ਦਿੱਲੀ ਤੋਂ ਹਦਾਇਤਾਂ ਆ ਰਹੀਆਂ ਸਨ। ਉਨ੍ਹਾਂ ਨੇ ਮੈਨੂੰ ਜਾਣਬੁੱਝ ਕੇ ਵਿਧਾਨ ਸਭਾ ਵਿੱਚ ਨਹੀਂ ਜਾਣ ਦਿੱਤਾ।

ਉਨ੍ਹਾਂ ਸਾਰੀਆਂ ਪਾਰਟੀਆਂ ਵੱਲੋਂ ਇਸ ਈਡੀ ਦੀ ਛਾਪਾਮਾਰੀ ਦੀ ਨਿੰਦਾ ਕਰਨ ਦਾ ਵੀ ਧੰਨਵਾਦ ਕੀਤਾ। ਖਹਿਰਾ ਨੇ ਕਿਹਾ ਕਿ ਅਕਾਲੀ ਦਲ, ਪਰਮਿੰਦਰ ਢੀਂਢਸਾ ਨੇ ਵੀ ਇਸ ਰੇਡ ਦੀ ਨਿੰਦਾ ਕੀਤੀ ਹੈ। ਰਵਨੀਤ ਬਿੱਟੂ ਨੇ ਵੀ ਕਿਹਾ ਕਿ ਇਹ ਗੰਦੀ ਰਾਜਨੀਤੀ ਹੈ। ਉਨ੍ਹਾਂ ਕਿਹਾ ਕਿ ਅਖਾਬਰਾਂ ਨੇ ਬਿਨ੍ਹਾਂ ਸੋਚੇ ਸਮਝੇ ਬਹੁਤ ਕੁੱਝ ਲਿਖ ਦਿੱਤਾ ਹੈ। 50 ਸਾਲਾਂ ਵਿਚ ਕੋਈ ਇਕ ਵੀ ਕੰਪਲੇਟ ਹੋਵੇ ਮੇਰੇ ਖਿਲਾਫ ਤਾਂ ਕੱਢ ਕੇ ਦਿਖਾ ਦੇਵੇ। ਜੋ ਕੁਝ ਸਰਕਾਰਾਂ ਕਰ ਰਹੀਆਂ ਹਨ, ਉਹ ਸਿਰਫ ਮੇਰੇ ਸੱਚ ਬੋਲਣ ਦੀ ਹੀ ਸਰਕਾਰਾਂ ਨੂੰ ਤਕਲੀਫ ਹੈ। ਖਹਿਰਾ ਨੇ ਕਿਹਾ ਈਡੀ ਨੇ ਮੇਰੇ ਘਰੋਂ ਉਹ ਦੋ ਡਾਇਰੀਆਂ ਵੀ ਸੀਲ ਕਰ ਲਈਆਂ, ਜਿਨ੍ਹਾਂ ਵਿੱਚ ਮੇਰੇ ਬੱਚਿਆਂ ਦੇ ਵਿਆਹ ‘ਤੇ ਕੀਤੇ ਖਰਚ ਤੇ ਹਲਵਾਈਆਂ ਨੂੰ ਕੀਤੇ ਲੈਣ ਦੇਣ ਦਾ ਹਿਸਾਬ ਸੀ।

ਖਹਿਰਾ ਨੇ ਕਿਹਾ ਕਿ ਮੇਰੇ ‘ਤੇ 2 ਢਾਈ ਕਰੋੜ ਦਾ ਕਰਜ਼ਾ ਹੈ। 20-25 ਲੱਖ ਰੁੱਪਇਆ ਬਿਆਜ ਬਣਦਾ ਹੈ ਤੇ ਮੈਂ ਪੈਸੇ ਲੈ ਕੇ ਕਰਜ਼ਾ ਉਤਾਰ ਰਿਹਾ ਹਾਂ। ਖਹਿਰਾ ਨੇ ਕਿਹਾ ਕਿ ਮੇਰੀ ਮੀਡਿਆ ਨੂੰ ਅਪੀਲ ਹੈ ਕਿ ਲਿਖਣ ਲੱਗੇ ਇਕ ਵਾਰ ਸੋਚ ਜਰੂਰ ਲਿਆ ਕਰੋ ਕਿ ਕਿਸੇ ਦਾ ਅਕਸ ਤਾਂ ਨਹੀਂ ਵਿਗੜ ਰਿਹਾ। ਖਹਿਰਾ ਨੇ ਸਾਰਿਆਂ ਦੇ ਸਾਥ ‘ਤੇ ਧੰਨਵਾਦ ਵੀ ਕੀਤਾ।

Exit mobile version