The Khalas Tv Blog Punjab ਪੰਜਾਬ ਸਿਹਤ ਮੰਤਰੀ ਵੱਲੋਂ ਹਸਪਤਾਲਾਂ ‘ਚ ਆਈ.ਸੀ.ਯੂ. ਸਥਾਪਤ ਕਰਨ ਦਾ ਐਲਾਨ
Punjab

ਪੰਜਾਬ ਸਿਹਤ ਮੰਤਰੀ ਵੱਲੋਂ ਹਸਪਤਾਲਾਂ ‘ਚ ਆਈ.ਸੀ.ਯੂ. ਸਥਾਪਤ ਕਰਨ ਦਾ ਐਲਾਨ

ਚੰਡੀਗੜ੍ਹ-  ਪੰਜਾਬ ਦੇ ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਾਰੇ ਜ਼ਿਲਿਆਂ ਦੇ ਹਸਪਤਾਲਾਂ ਵਿੱਚ ਆਧੁਨਿਕ ਤਕਨਾਲੋਜੀ ਮਸ਼ੀਨਾਂ ਨਾਲ ਲੈਸ ਆਧੁਨਿਕ ਆਈ.ਸੀ.ਯੂ. ਸਥਾਪਤ ਕੀਤੇ ਜਾਣਗੇ।

ਸ. ਸਿੱਧੂ ਜੋ ਜ਼ਿਲਿਆਂ ਨਵਾਂਸ਼ਹਿਰ ਅਤੇ ਹੁਸਆਿਰਪੁਰ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਦੌਰੇ ਤੇ ਗਏ ਸਨ, ਉਹਨਾਂ ਕਿਹਾ ਕਿ ਜ਼ਿਲਿਆਂ ਦੇ ਹਸਪਤਾਲਾਂ ਦੀ ਮੰਗ ਨੂੰ ਪੂਰਾ ਕਰਨ ਲਈ ਸੂਬੇ ਨੂੰ 50 ਨਵੇਂ ਵੈਂਟੀਲੇਟਰ ਮਿਲਣਗੇ। ਇਸ ਤੋਂ ਇਲਾਵਾ, ਆਈ.ਸੀ.ਯੂ ਅਤੇ ਵੈਨਟੀਲੇਟਰਾਂ ਨੂੰ ਸੰਭਾਲਣ ਲਈ, ਡਾਕਟਰਾਂ ਨੂੰ ਆਧੁਨਿਕ ਸਿਹਤ ਸੰਸਥਾਵਾਂ ਦੁਆਰਾ ਸਿਖਲਾਈ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜ਼ਿਲਿਆਂ ਦੇ ਹਸਪਤਾਲ ਨਵਾਂਸ਼ਹਿਰ ਨੂੰ ਪਹਿਲਾਂ ਹੀ ਦੋ ਵੈਂਟੀਲੇਟਰ ਮਿਲ ਚੁੱਕੇ ਹਨ। ਫਿਲਹਾਲ ਸਥਿਤੀ ਨੂੰ ਕੰਟਰੋਲ ਕਰਨ ਲਈ ਨੇੜਲੇ ਜ਼ਿਲਿਆਂ ਦੀ ਸਹਾਇਤਾ ਨਾਲ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ।

ਜ਼ਿਲ੍ਹਾਂ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਤੌਰ ਤੇ ਐਸ ਬੀ ਐਸ ਨਗਰ ਅਤੇ ਹੁਸਆਿਰਪੁਰ ਵਿਚ ਇਸ ਵਾਇਰਸ ਦੀ ਸੰਚਾਰ ਦੀ ਲੜੀ ਨੂੰ ਤੋੜਨ ਲਈ ਕੀਤੀ ਗਈ ਪਹਿਲਕਦਮੀ  ਤੇ ਤਸੱਲੀ ਜ਼ਾਹਰ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਅਜੇ ਵੀ ਇਸ ਵਾਇਰਸ ਦੇ ਸੰਚਾਰ ਦੀ ਲੜੀ ਨੂੰ ਰੋਕਣ ਦੀ ਜ਼ਰੂਰਤ ਹੈ ਤਾਂ ਜੋ ਇਸ ਵਾਇਰਸ ਦੇ ਅੱਗੇ ਫੈਲਾਅ ਨੂੰ ਰੋਕਿਆ ਜਾ ਸਕੇ ਜਿਸ ਲਈ ਪੁਸ਼ਟੀ ਕੀਤੇ ਕੇਸਾਂ ਦੇ ਸੰਪਰਕਾਂ ਦੇ ਫਾਲੋਅੱਪ ਦੀ ਲੋੜ ਹੈ। ਨਵਾਂਸ਼ਹਿਰ ਦੇ ਸਿਵਲ ਸਰਜਨ ਨੇ  ਮੰਤਰੀ ਨੂੰ ਦੱਸਿਆ ਕਿ ਸਿਹਤ ਵਿਭਾਗ ਜੰਗੀ ਪੱਧਰ ਤੇ ਕੰਮ ਕਰ ਰਿਹਾ ਹੈ ਅਤੇ ਕੋਵਿਡ -19 ਵਿਰੁੱਧ ਲੜਾਈ ਦੇ ਅਖ਼ੀਰ ਤੱਕ ਕੰਮ ਕਰੇਗਾ।

ਸਿਹਤ ਮੰਤਰੀ ਨੇ ਨਵਾਂ ਸ਼ਹਿਰ ਵਿੱਚ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਭਰ ਦੇ ਸਾਰੇ ਨਿੱਜੀ ਹਸਪਤਾਲਾਂ ਨੂੰ ਹਦਾਇਤ ਕੀਤੀ ਕਿ ਉਹ ਫਲੂ ਨਾਲ ਪੀੜਤ ਮਰੀਜ਼ਾਂ ਦੀਆਂ ਰੋਜ਼ਾਨਾ ਰਿਪੋਰਟਾਂ ਦੇਣ।

ਉਨ੍ਹਾਂ ਨੇ ਦੋਵਾਂ ਜ਼ਿਲਿਆਂ ਦੇ ਹਸਪਤਾਲਾਂ ਵਿੱਚ ਦਵਾਈਆਂ ਦੀ ਉਪਲਬਧਤਾ ਦਾ ਜਾਇਜ਼ਾ ਲਿਆ ਅਤੇ ਮੁਸ਼ਕਿਲ ਦੀ ਇਸ ਘੜੀ ਵਿੱਚ ਟੈਸਟ ਲਈ ਦਵਾਈਆਂ ਦੀ ਢੁੱਕਵੀਂ ਸਪਲਾਈ ਅਤੇ ਲੋੜੀਂਦੇ ਉਪਕਰਣਾਂ ਦਾ ਭਰੋਸਾ ਦਿੱਤਾ।

ਸ੍ਰੀ ਬਲਬੀਰ ਸਿੰਘ ਸਿੱਧੂ ਨੇ ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਦੇ ਜ਼ਿਲ੍ਹੇ ਅਧਿਕਾਰੀਆਂ ਨੂੰ ਵੀ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਦੀ ਪਾਲਣਾ ਅਨੁਸਾਰ ਸਥਾਨਕ ਆਟਾ ਮਿੱਲਾਂ ਦੇ ਕੰਮਕਾਜ ਦੀ ਆਗਿਆ ਦੇਣ ਤਾਂ ਜੋ ਲੋੜਵੰਦ ਲੋਕਾਂ ਨੂੰ ਆਟੇ ਦੀ ਨਿਰੰਤਰ ਸਪਲਾਈ ਨੂੰ ਬਣਾਇਆ ਜਾ ਸਕੇ।

ਅੱਜ ਰਾਜ ਵਿੱਚ ਕੋਵਡ -19 ਮਾਮਲਿਆਂ ਦੀ ਰਿਪੋਰਟ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਖੁਸ਼ਕਿਸਮਤੀ ਨਾਲ ਅੱਜ ਕੋਈ ਪਾਜ਼ੇਟਿਵ ਕੇਸ ਸਾਹਮਣੇ ਨਹੀਂ ਆਇਆ। ਪੰਜਾਬ ਨੇ 898 ਮਾਮਲਿਆਂ ਦੇ ਨਮੂਨੇ ਭੇਜੇ ਹਨ, ਜਿਨਾਂ ਵਿਚੋਂ 596 ਨੈਗੇਟਿਵ ਰਿਪੋਰਟ ਹੋਏ ਅਤੇ ਬਾਕੀਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਹੁਣ ਤੱਕ 38 ਮਾਮਲੇ ਪਾਜ਼ੇਟਿਵ ਪਾਏ ਗਏ ਹਨ। ਸ਼ਹੀਦ ਭਗਤ ਸਿੰਘ ਨਗਰ ਵਿੱਚ 123 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦਕਿ ਹੁਣ ਤੱਕ 19 ਮਾਮਲੇ ਪਾਜ਼ੇਟਿਵ ਪਾਏ ਗਏ ਹਨ।

Exit mobile version