‘ਦ ਖ਼ਾਲਸ ਬਿਊਰੋ :- ਕੋਰੋਨਾ ਦੀ ਮਹਾਂਮਾਰੀ ਨਾਲ ਨਜਿੱਠਣ ਲਈ ਖੋਜਕਾਰਾਂ ਨੇ ਇੱਕ ਅਜਿਹਾ ਕੂੜਾਦਾਨ ਇਜਾਦ ਕੀਤਾ ਹੈ ਜੋ ਗੱਲਬਾਤ ਕਰਦਾ ਹੈ ਅਤੇ ਇਸ ਨੂੰ ਕੋਵਿਡ-19 ਨਾਲ ਨਜਿੱਠ ਰਹੇ ਹਸਪਤਾਲਾਂ ਤੇ ਸਿਹਤ ਕੇਂਦਰਾਂ ’ਚ ਰੱਖਿਆ ਜਾਵੇਗਾ ਤਾਂ ਜੋ ਬਿਨਾਂ ਕਿਸੇ ਸੰਪਰਕ ਦੇ ਕੂੜਾ ਇਕੱਠਾ ਕੀਤਾ ਜਾ ਸਕੇ ਤੇ ਉਸ ਦਾ ਨਿਬੇੜਾ ਕੀਤਾ ਜਾ ਸਕੇ। ਇਸ ਨਾਲ ਕੋਰੋਨਾਵਾਇਰਸ ਨਾਲ ਨਜਿੱਠ ਰਹੇ ਲੋਕ ਸੁਰੱਖਿਅਤ ਰਹਿ ਸਕਣਗੇ। ਪੰਜਾਬ ਦੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਦੇ ਖੋਜੀਆਂ ਨੇ ਦੱਸਿਆ ਕਿ ‘ਅਲਾਈ’ ਨਾਂ ਦਾ ਇਹ ਕੂੜਾਦਾਨ ਵੁਆਇਸ ਕਮਾਂਡ ਯਾਨੀ (ਆਵਾਜ਼ ਮਾਰਨ ) ਨਾਲ ਚੱਲਦਾ ਹੈ ਅਤੇ ਪਹਿਲਾਂ ਤੋਂ ਤੈਅ ਕੀਤੇ ਗਏ ਰਾਹ ਤੇ ਨਿਯਮਾਂ ਦਾ ਪਾਲਣ ਕਰਦਾ ਹੈ। ਉਨ੍ਹਾਂ ਕਿਹਾ ਕਿ ਤਿੰਨ ਫੁੱਟ ਲੰਮਾ ਤੇ ਡੇਢ ਫੁੱਟ ਚੌੜਾ ਸਮਾਰਟ ਕੂੜਾਦਾਨ ਆਪਣੇ ਉੱਪਰ ਵਾਲੇ ਢੱਕਣ ਨੂੰ ਆਪਣੇ ਆਪ ਖੋਲ ਕੇ ਕੂੜਾ ਇਕੱਠਾ ਕਰਦਾ ਹੈ। ਖੋਜੀਆਂ ਦਾ ਕਹਿਣਾ ਹੈ ਕਿ ਸੈਂਸਰ ਵਾਲੀ ਪ੍ਰਣਾਲੀ ਕੂੜੇਦਾਨ ਦੇ ਪੱਧਰ ਦੀ ਮੌਜੂਦਾ ਸਥਿਤੀ ਦੀ ਜਾਂਚ ਕਰਦੀ ਹੈ ਤੇ ਇੱਕ ਨਿਸ਼ਚਿਤ ਪੱਧਰ ਤੱਕ ਪਹੁੰਚਣ ’ਤੇ ਕੂੜੇ ਦੇ ਨਿਬੇੜੇ ਦੀ ਪ੍ਰਕਿਰਿਆ ਸ਼ੁਰੂ ਕਰਦੀ ਹੈ। ਖੋਜੀਆਂ ਅਨੁਸਾਰ ‘ਅਲਾਈ’ ਖੁਦ ਹੀ ਨਿਬੇੜਾ ਕੇਂਦਰਾਂ ਤੱਕ ਪਹੁੰਚ ਸਕਦਾ ਹੈ, ਕੂੜੇ ਦਾ ਨਿਬੇੜਾ ਕਰ ਸਕਦਾ ਹੈ ਅਤੇ ਫਿਰ ਤੋਂ ਵਰਤੋਂ ’ਚ ਆਉਣ ਲਈ ਖੁਦ ਹੀ ਤਿਆਰ ਹੋ ਸਕਦਾ ਹੈ। ਐੱਲਪੀਯੂ ਦੇ ਵਿਗਿਆਨ ਤੇ ਤਕਨੀਕ ਦੇ ਕਾਰਜਕਾਰੀ ਡੀਨ ਲੋਵੀ ਰਾਜ ਗੁਪਤਾ ਨੇ ਕਿਹਾ, ‘ਮੌਜੂਦਾ ਸਥਿਤੀ ’ਚ ਇਹ ਸਮਾਰਟ ਕੂੜਾਦਾਨ ਉੱਥੇ ਮਹੱਤਵਪੂਰਨ ਭੂਮਿਕਾ ਨਿਭਾਅ ਸਕਦਾ ਹੈ ਜਿੱਥੇ ਕੂੜੇ ਕਾਰਨ ਮਨੁੱਖ ਨੂੰ ਲਾਗ ਦਾ ਖ਼ਤਰਾ ਰਹਿੰਦਾ ਹੈ।’ ਤੇ ਇਹ ਵੁਆਇਸ ਕਮਾਂਡ ਨਾਲ ‘ਅਲਾਈ’ ਨੂੰ ਆਸਾਨੀ ਨਾਲ ਬੁਲਾਇਆ ਜਾ ਸਕਦਾ ਹੈ।