The Khalas Tv Blog Punjab ”ਪਰਵਰਦਿਗਾਰ ਆਏ ਜਬ ਅਪਨੀ ਮੌਜ ਮੇਂ, ਸਜਾ ਖ਼ਾਲਸਾ ਔਰ ਖ਼ੁਦ ਸ਼ਾਮਿਲ ਹੁਏ ਫ਼ੌਜ ਮੇਂ” ਖ਼ਾਲਸਾ ਸਿਰਜਣਾ ਦਿਹਾੜੇ ‘ਤੇ ਖ਼ਾਸ
Punjab

”ਪਰਵਰਦਿਗਾਰ ਆਏ ਜਬ ਅਪਨੀ ਮੌਜ ਮੇਂ, ਸਜਾ ਖ਼ਾਲਸਾ ਔਰ ਖ਼ੁਦ ਸ਼ਾਮਿਲ ਹੁਏ ਫ਼ੌਜ ਮੇਂ” ਖ਼ਾਲਸਾ ਸਿਰਜਣਾ ਦਿਹਾੜੇ ‘ਤੇ ਖ਼ਾਸ

‘ਦ ਖ਼ਾਲਸ ਬਿਊਰੋ :- 13 ਅਪ੍ਰੈਲ ਸਿੱਖ ਕੌਮ ਦਾ ਇੱਕ ਬਹੁਤ ਖ਼ਾਸ ਦਿਹਾੜਾ ਹੈ। 1699 ਵਿੱਚ ਦਸ਼ਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਭਗਤੀ ਤੋਂ ਸ਼ਕਤੀ ਤੱਕ ਦੇ ਸਫ਼ਰ ਨੂੰ ਇੱਕ ਲੜੀ ਵਿੱਚ ਪਰੋ ਕੇ ਖ਼ਾਲਸਾ ਸਾਜਿਆ ਸੀ। ਇਹ ਦੁਨੀਆ ਦੇ ਇਤਿਹਾਸ ਦੀ ਇੱਕ ਅਨੋਖੀ ਗਾਥਾ ਹੈ ਜਿੱਥੇ ਆਪੇ ਗੁਰ ਚੇਲਾ ਦਾ ਨਿਵੇਕਲਾ ਸੰਕਲਪ ਇਸ ਦੁਨਿਆ ਵਿੱਚ ਉਜਾਗਰ ਹੋਇਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਲਾਏ ਪੰਥ ਨੂੰ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਪੂਰਨਤਾ ਬਖਸ਼ੀ। ਖੰਡੇ ਦੀ ਪਾਹੁਲ ਛਕਾ ਕੇ ਸਿੰਘਾਂ ਨੂੰ ਤਿਆਰ ਬਰ ਤਿਆਰ ਖ਼ਾਲਸੇ ਦਾ ਦਰਜਾ ਦਿੰਦਿਆਂ ਸਿੰਘ ਤੇ ਕੌਰ ਦੇ ਰੁਤਬੇ ਦਿੱਤੇ। ਪੰਜ ਪਿਆਰਿਆਂ ਨੂੰ ਖੰਡੇ ਦੀ ਪਾਹੁਲ ਦੇ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਵੀ ਪੰਜ ਪਿਆਰਿਆਂ ਤੋਂ ਖੰਡੇ ਦੀ ਪਾਹੁਲ ਲਈ, ਜਿਸ ਨਾਲ ਆਪੇ ਗੁਰ ਚੇਲਾ ਦਾ ਸੰਕਲਪ ਉਜਾਗਰ ਹੋਇਆ।

ਗਿਆਨੀ ਸੋਹਣ ਸਿੰਘ ਸ਼ੀਤਲ ਨੇ “ਸਿੱਖ ਰਾਜ ਕਿਵੇਂ ਬਣਿਆ ?” ਵਿੱਚ ਲਿਖਿਆ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ਼੍ਰੀ ਕੇਸਗੜ੍ਹ ਸਾਹਿਬ ਵਿੱਚ ਤਖਤ ‘ਤੇ ਖਲੋ ਕੇ ਕਿਹਾ ਸੀ, ”ਮੇਰਾ ਰੂਪ ਬਹਾਦਰ ਸਿੰਘੋ! ਹੁਣ ਅਸੀਂ ‘ਵਾਹਿਗੁਰੂ ਜੀ ਕਾ ਖਾਲਸਾ’ ਬਣੇ ਹਾਂ, ਤਾਂ ‘ਵਾਹਿਗੁਰੂ ਜੀ ਕੀ ਫਤਿਹ’ ਵੀ ਹੋਵੇਗੀ। ਇਹ ਅਕਾਲੀ ਪੰਥ ਸਾਜਣ ਵਾਸਤੇ ਹੀ ਅਕਾਲ ਪੁਰਖ ਨੇ ਮੈਨੂੰ ਭੇਜਿਆ ਸੀ। ਖਾਲਸਾ ਜੀ! ਤੁਸੀਂ ਅੱਜ ਤੋਂ ਅਕਾਲ ਪੁਰਖ ਦੇ ਪੁੱਤਰ, ਵਾਹਿਗੁਰੂ ਦਾ ਰੂਪ, ਚੁਰਾਸੀ ਤੋਂ ਉੱਚੇ, ਜੰਮਣ ਮਰਨ ਤੋਂ ਰਹਿਤ, ਤੇ ਸਾਰੀ ਧਰਤੀ ਦੇ ਬਾਦਸ਼ਾਹ ਹੋ। ਤੁਹਾਡਾ ਜਨਮ ਖੰਡੇ ਦੀ ਧਾਰ ਵਿੱਚੋਂ ਹੋਇਆ ਹੈ, ਸੋ ਸ਼ਸਤਰ ਤੁਹਾਡੀ ਖੇਡ ਹੈ, ਲੜਨਾ ਤੁਹਾਡਾ ਕਰਮ ਹੈ ਤੇ ਧਰਮ ਦਾ ਰਾਜ ਕਰਨਾ ਤੁਹਾਡਾ ਹੱਕ ਹੈ। ਇਨਸਾਨ ਇਨਸਾਨ ਬਰਾਬਰ ਹੈ, ਜਾਤ-ਪਾਤ ਭਰਮ ਹੈ, ਊਚ-ਨੀਚ ਭੁਲੇਖਾ ਹੈ, ਦੁਨੀਆ ਚੁਰਾਸੀ ਦਾ ਗੇੜ ਹੈ ਤੇ ਖਾਲਸਾ ਸਭ ਤੋਂ ਉੱਚਾ ਹੈ। ਤੁਸੀਂ ਸਭ ਭਾਈ ਹੋ। ਗੁਰਮਤਾ ਤੁਹਾਡੇ ਵਾਸਤੇ ਅਕਾਲੀ ਹੁਕਮ ਹੈ, ਤੁਸੀਂ ਵਾਹਿਗੁਰੂ ਦੇ ਚੁਣੇ ਹੋਏ ਸੰਤ-ਸਿਪਾਹੀ ਹੋ, ਤੇ ਆਉਣ ਵਾਲੇ ਸਮੇਂ ਲਈ ਤੁਸੀਂ ਦੇਸ਼ ਦੇ ਬਾਦਸ਼ਾਹ ਹੋ। ਮੈਂ ਡਾਢਿਆਂ ਦੇ ਹੰਕਾਰ ਤੋੜਾਂਗਾ ਤੇ ਗਰੀਬਾਂ ਨੂੰ ਦੇਸ਼ ਦੀ ਬਾਦਸ਼ਾਹੀ ਦਿਆਂਗਾ। ਦੇਸ਼ ਤੁਹਾਡਾ ਹੈ ਤੇ ਤੁਸੀਂ ਦੇਸ ਦੇ ਬਾਦਸ਼ਾਹ ਹੋ।” ਗਿਆਨੀ ਸੋਹਣ ਸਿੰਘ ਸ਼ੀਤਲ ਨੇ ਲਿਖਿਆ ਕਿ ਇੰਨੀ ਗੱਲ ਸੁਣ ਕੇ ਸਿੱਖਾਂ ਦੇ ਚਿਹਰਿਆਂ ‘ਤੇ ਲਾਲੀਆਂ ਚਮਕ ਆਈਆਂ,ਦਿਲਾਂ ਵਿੱਚ ਜੋਸ਼ ਠਾਠਾ ਮਾਰਨ ਲੱਗਾ ਤੇ ਤਲਵਾਰਾਂ ਮਿਆਨਾਂ ਵਿੱਚੋਂ ਨਿਕਲ ਕੇ ਖੁੱਲ੍ਹੀ ਹਵਾ ਵਿੱਚ ਚਮਕਣ ਲੱਗੀਆਂ,ਇੱਕ ਅਵਾਜ਼ ਹੋ ਕੇ ਸਿੰਘਾਂ ਦੇ ਜਜ਼ਬਾਤ ਬਾਹਰ ਨਿਕਲੇ ਅਤੇ “ਰਾਜ ਕਰੇਗਾ ਖਾਲਸਾ

“ਆਕੀ ਰਹੇ ਨ ਕੋਇ” ਦੀ ਧੁਨ ਨਾਲ ਧਰਤੀ ਤੇ ਆਕਾਸ਼ ਗੂੰਜ ਉੱਠੇ ਤੇ ਇਹ ਨਾਅਰਾ ਸਿੱਖਾਂ ਦਾ ਨਿਸ਼ਾਨਾ ਬਣ ਗਿਆ।

ਇਸ ਤੋਂ ਬਾਅਦ ਸੰਗਤਾਂ ਵਿੱਚ ਅਥਾਹ ਜੋਸ਼ ਤੇ ਉਤਸ਼ਾਹ ਪੈਦਾ ਹੋ ਗਿਆ ਤੇ ਕੁੱਝ ਹੀ ਦਿਨਾਂ ਵਿੱਚ ਹਜ਼ਾਰ ਸਿੱਖਾਂ ਨੇ ਅੰਮ੍ਰਿਤ ਪਾਨ ਕੀਤਾ। ‘ਦ ਖ਼ਾਲਸ ਟੀਵੀ ਤੁਹਾਨੂੰ ਸਭ ਨੂੰ ਖ਼ਾਲਸਾ ਸਿਰਜਣਾ ਦਿਹਾੜੇ ਦੀਆਂ ਵਧਾਈਆਂ ਦਿੰਦਾ ਹੈ।

Exit mobile version