ਬਿਉਰੋ ਰਿਪੋਰਟ : 24 ਘੰਟੇ ਦੇ ਅੰਦਰ ਪਟਿਆਲਾ ਪੁਲਿਸ ਨੇ 67 ਸਾਲ ਦੇ ਰਿਟਾਇਡ ਬੈਂਕ ਮੈਨੇਜਰ ਦੇ ਕਤਲ ਦਾ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਹੈ । 19 ਅਕਤੂਬਰ ਨੂੰ ਬਲਬੀਰ ਸਿੰਘ ਚਹਿਲ ਦਾ ਪਟਿਆਲਾ ਦੇ ਸਿਵਲ ਲਾਈਨ ਇਲਾਕੇ ਵਿੱਚ ਸਵੇਰ ਦੀ ਸੈਰ ਕਰਦੇ ਵਕਤ ਬਹੁਤ ਹੀ ਬੇਰਹਮੀ ਦੇ ਨਾਲ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਇਸ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਹਰਪ੍ਰੀਤ ਕੌਰ ਅਤੇ ਤਿੰਨ ਹੋਰ ਲੋਕ ਸ਼ਾਮਲ ਸਨ । ਪੁਲਿਸ ਮੁਤਾਬਿਕ ਪਤਨੀ ਨੇ ਆਪਣੇ ਦੋਸਤ ਗੁਰਤੇਜ ਸਿੰਘ ਅਤੇ ਉਸ ਦੇ ਸਾਥੀਆਂ ਨਾਲ ਮਿਲਕੇ ਪਹਿਲਾਂ ਰੇਕੀ ਕੀਤੀ ਕਿ ਪਤੀ ਬਲਬੀਰ ਸਿੰਘ ਕਿੰਨੇ ਵਜੇ ਸੈਰ ਲਈ ਨਿਕਲ ਦਾ ਹੈ ਅਤੇ ਕਿਹੜੇ ਰਸਤੇ ਜਾਂਦਾ ਹੈ। ਸਿਰਫ ਇਨ੍ਹਾਂ ਹੀ ਨਹੀਂ ਕਤਲ ਤੋਂ ਪਹਿਲਾਂ ਇਹ ਵੀ ਵੇਖਿਆ ਗਿਆ ਕਿ ਰਸਤੇ ਵਿੱਚ ਸੀਸੀਟੀਵੀ ਕੈਮਰੇ ਕਿੱਥੇ-ਕਿੱਥੇ ਲੱਗੇ ਹਨ ।
ਇਸ ਵਜ੍ਹਾਂ ਨਾਲ ਪਤਨੀ ਨੇ ਕਤਲ ਕੀਤਾ
ਪੁਲਿਸ ਨੇ ਦੱਸਿਆ ਕਿ ਮ੍ਰਿਤਕ ਬਲਬੀਰ ਸਿੰਘ ਦੇ 2 ਵਿਆਹ ਹੋਏ ਸਨ । ਪਹਿਲੀ ਪਤਨੀ ਤੋਂ ਉਸ ਨੇ 2005 ਵਿੱਚ ਤਲਾਕ ਲਿਆ ਸੀ ਜਿਸ ਤੋਂ ਬਾਅਦ ਹਰਪ੍ਰੀਤ ਕੌਰ ਨਾਲ ਉਸ ਦਾ ਵਿਆਹ ਹੋਇਆ। ਦੋਵਾਂ ਦੇ 2 ਬੱਚੇ ਵੀ ਸਨ। ਇਸ ਦੌਰਾਨ ਜਿੰਮ ਵਿੱਚ ਹਰਪ੍ਰੀਤ ਦੀ ਗੁਰਤੇਜ ਨਾਲ ਮੁਲਾਕਾਤ ਹੋਈ ਅਤੇ ਦੋਵਾਂ ਦੇ ਸਬੰਧ ਬਣੇ । ਬਲਬੀਰ ਸਿੰਘ ਦੀ ਇਨਸ਼ੋਰੈਂਸ ਅਤੇ ਜਾਇਦਾਦ ਤੇ ਹਰਪ੍ਰੀਤ ਕੌਰ ਦੀ ਨਜ਼ਰ ਸੀ । ਉਹ ਗੁਰਤੇਜ਼ ਨਾਲ ਰਹਿਣਾ ਚਾਹੁੰਦੀ ਸੀ,ਇਸੇ ਲਈ ਦੋਵਾਂ ਨੇ ਮਿਲਕੇ ਬਲਬੀਰ ਸਿੰਘ ਨੂੰ ਰਸਤੇ ਤੋਂ ਹਟਾਉਣ ਦੇ ਲਈ ਉਸ ਦੇ ਕਤਲ ਦੀ ਸਾਜਿਸ਼ ਰਚੀ । ਗੁਰਤੇਜ਼ ਨੇ ਇਸ ਕਤਲ ਵਿੱਚ ਪੈਸਿਆਂ ਦਾ ਲਾਲਚ ਦੇ ਕੇ ਆਪਣੇ 2 ਹੋਰ ਦੋਸਤਾਂ ਨੂੰ ਵੀ ਸ਼ਾਮਲ ਕਰ ਲਿਆ । ਪੁਲਿਸ ਨੇ ਦੱਸਿਆ ਕਿ ਸੀਸੀਟੀਵੀ ਅਤੇ ਹੋਰ ਤਕਨੀਕ ਦੀ ਮਦਦ ਨਾਲ ਬਲਬੀਰ ਸਿੰਘ ਦੇ ਕਤਲ ਨੂੰ ਪਟਿਆਲਾ ਪੁਲਿਸ ਨੇ ਸੁਲਝਾਇਆ ਹੈ ।
SSP ਨੇ ਦੱਸਿਆ ਕਿ ਪਟਿਆਲਾ ਪੁਲਿਸ ਲਈ ਇਹ ਕਤਲ ਦਾ ਕੇਸ ਬਲਾਇੰਡ ਸੀ ਪਰ ਉਨ੍ਹਾਂ ਦੀ ਟੀਮ ਨੇ 24 ਘੰਟੇ ਦੇ ਅੰਦਰ ਸਾਰੇ ਸਬੂਤ ਇਕੱਠੇ ਕੀਤੇ ਅਤੇ ਮੁਲਜ਼ਮਾਂ ਨੂੰ ਫੜਿਆ । ਉਨ੍ਹਾਂ ਦੱਸਿਆ ਕਿ ਹੁਣ ਤੱਕ ਪਟਿਆਲਾ ਪੁਲਿਸ 29 ਬਲਾਇੰਡ ਮਰਡਰ ਦੇ ਮਾਮਲਿਆਂ ਨੂੰ ਸੁਲਝਾ ਚੁੱਕੀ ਹੈ ਅਤੇ ਕੁੱਲ 41 ਕਤਲ ਦੇ ਮਾਮਲਿਆਂ ਵਿੱਚ ਮੁਲਜ਼ਮ ਫੜੇ ਜਾ ਚੁੱਕੇ ਹਨ ।
ਪੁਲਿਸ ਦੇ ਮੁਤਾਬਿਕ ਬਲਬੀਰ ਸਿੰਘ ਸਵੇਰੇ 5 ਵਜੇ ਸੈਰ ਲਈ ਘਰੋਂ ਨਿਕਲੇ ਸਨ ਅਤੇ ਤਕਰੀਬਨ ਸਾਢੇ ਪੰਜ ਵਜੇ ਸੈਰ ਕਰਨ ਆਏ ਲੋਕਾਂ ਨੇ ਵੇਖਿਆ ਕਿ ਪਾਸੀ ਰੋਡ ‘ਤੇ ਇੱਕ ਬਜ਼ੁਰਗ ਦੀ ਲਾ ਸ਼ ਪਈ ਹੈ । ਉਨ੍ਹਾਂ ਨੇ ਫ਼ੌਰਨ ਪੁਲਿਸ ਨੂੰ ਇਤਲਾਹ ਕੀਤੀ । ਕੁਝ ਸਾਲ ਪਹਿਲਾਂ ਬੈਂਕ ਆਫ਼ ਬੜੌਦਾ ਤੋਂ ਬਲਬੀਰ ਸਿੰਘ ਰਿਟਾਇਰਡ ਹੋਏ ਸਨ । ਉਹ ਰੋਜ਼ਾਨਾ ਪਾਸੀ ਰੋਡ ‘ਤੇ ਸੈਰ ਕਰਨ ਦੇ ਲਈ ਜਾਂਦੇ ਸਨ ।