The Khalas Tv Blog India ਨਾਲਿਆਂ ‘ਚ ਮਿਲੀਆਂ ਚਾਰ ਹੋਰ ਲਾਸ਼ਾਂ,ਦੰਗਿਆਂ ਦੀ ਅਫ਼ਵਾਹ ਫੈਲਣ ਕਾਰਨ ਦਿੱਲੀ ਦੀ ਫਿਜ਼ਾ ਵਿੱਚ ਸਹਿਮ
India

ਨਾਲਿਆਂ ‘ਚ ਮਿਲੀਆਂ ਚਾਰ ਹੋਰ ਲਾਸ਼ਾਂ,ਦੰਗਿਆਂ ਦੀ ਅਫ਼ਵਾਹ ਫੈਲਣ ਕਾਰਨ ਦਿੱਲੀ ਦੀ ਫਿਜ਼ਾ ਵਿੱਚ ਸਹਿਮ

ਚੰਡੀਗੜ੍ਹ- ਉੱਤਰ-ਪੂਰਬੀ ਦਿੱਲੀ ਵਿੱਚ ਭੜਕੀ ਫਿਰਕੂ ਹਿੰਸਾ ਦੇ ਇੱਕ ਹਫ਼ਤੇ ਬਾਅਦ ਹਾਲਾਤ ਸ਼ਾਂਤਮਈ ਬਣੇ ਹੋਏ ਸਨ ਪਰ ਪ੍ਰਾਪਤ ਜਾਣਕਾਰੀ ਅਨੁਸਾਰ ਯਮੁਨਾਪਾਰ ਦੇ ਹਿੰਸਾਗ੍ਰਸਤ ਇਲਾਕੇ ਵਿੱਚੋਂ ਉੱਤਰ-ਪੂਰਬੀ ਦਿੱਲੀ ਦੇ ਗੋਕਲਪੁਰੀ ਤੇ ਸ਼ਿਵ ਵਿਹਾਰ ਇਲਾਕਿਆਂ ਦੇ ਨਾਲਿਆਂ ਵਿੱਚੋਂ ਚਾਰ ਹੋਰ ਲਾਸ਼ਾਂ ਮਿਲੀਆਂ ਹਨ। ਇਸ ਨਾਲ ਸਥਿਤੀ ਫਿਰ ਤਣਾਅ ਭਰੀ ਬਣ ਗਈ ਹੈ। ਮੌਕੇ ’ਤੇ ਵੱਡੀ ਗਿਣਤੀ ’ਚ ਪੁਲਿਸ ਭੇਜੀ ਜਾ ਰਹੀ ਹੈ। ਦੂਜੇ ਪਾਸੇ ਨਾਗਰਿਕਤਾ ਸੋਧ ਐਕਟ ਖ਼ਿਲਾਫ਼ 15 ਦਸੰਬਰ ਤੋਂ ਸ਼ਾਹੀਨ ਬਾਗ ’ਚ ਔਰਤਾਂ ਵੱਲੋਂ ਲਗਾਏ ਗਏ ਧਰਨੇ ਵਾਲੀ ਥਾਂ ’ਤੇ ਸੁਰੱਖਿਆ ਸਖ਼ਤ ਕਰਦਿਆਂ ਧਾਰਾ 144 ਲਾ ਦਿੱਤੀ ਗਈ ਹੈ। ਵਾਧੂ ਸੁਰੱਖਿਆ ਬਲ ਇਲਾਕੇ ’ਚ ਤਾਇਨਾਤ ਕਰਕੇ ਡਰੋਨ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ।
ਦਿੱਲੀ ਪੁਲਿਸ ਮੁਤਾਬਕ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਇਹ ਲਾਸ਼ਾਂ ਹਿੰਸਕ ਘਟਨਾਵਾਂ ਨਾਲ ਸੰਬੰਧਿਤ ਹਨ ਜਾਂ ਕਿਸੇ ਹੋਰ ਘਟਨਾ ਨਾਲ। ਪੁਲਿਸ ਮੁਤਾਬਕ ਸਵੇਰੇ ਭਾਗੀਰਥੀ ਡਰੇਨ ਵਿੱਚੋਂ ਇੱਕ ਲਾਸ਼ ਬਰਾਮਦ ਕੀਤੀ ਗਈ। ਦੂਜੀ ਲਾਸ਼ ਉਸੇ ਡਰੇਨ ਵਿੱਚੋਂ ਦੁਪਹਿਰੇ ਮਿਲੀ ਤੇ ਤੀਜੀ ਲਾਸ਼ ਗੋਕਲਪੁਰੀ ’ਚ ਇੱਕ ਨਾਲੇ ਵਿੱਚੋਂ ਬਰਾਮਦ ਕੀਤੀ ਗਈ। ਚੌਥੀ ਲਾਸ਼ ਸ਼ਿਵ ਵਿਹਾਰ ਥਾਣੇ ਵਿੱਚੋਂ ਇੱਕ ਨਾਲੇ ਵਿੱਚੋਂ ਬਰਾਮਦ ਕੀਤੀ ਗਈ। ਪੁਲਿਸ ਲਾਸ਼ਾਂ ਦੀ ਸ਼ਨਾਖ਼ਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।

ਉੱਧਰ ਸੱਜੇ ਪੱਖੀ ਜਥੇਬੰਦੀ ਹਿੰਦੂ ਸੈਨਾ ਵੱਲੋਂ ਸ਼ਾਹੀਨ ਬਾਗ ਵਾਲੀ ਸੜਕ ਖਾਲੀ ਕਰਵਾਉਣ ਸੰਬੰਧੀ ਕੀਤੇ ਗਏ ਐਲਾਨ ਤੋਂ ਬਾਅਦ ਦਿੱਲੀ ਪੁਲਿਸ ਨੇ ਸਾਵਧਾਨੀ ਵਜੋਂ ਇੱਥੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਦੱਖਣ-ਪੂਰਬੀ ਦਿੱਲੀ ਦੇ ਡੀਸੀਪੀ ਆਰਪੀ ਮੀਣਾ ਨੇ ਕਿਹਾ ਕਿ ਸੜਕ ਖਾਲੀ ਕਰਨ ਬਾਰੇ ਕੀਤਾ ਜਾਣਾ ਵਾਲਾ ਪ੍ਰਦਰਸ਼ਨ ਦਿੱਲੀ ਪੁਲਿਸ ਦੇ ਦਖ਼ਲ ਮਗਰੋਂ ਰੱਦ ਕਰ ਦਿੱਤਾ ਗਿਆ ਸੀ ਪਰ ਸਾਵਧਾਨੀ ਵਜੋਂ ਵਾਧੂ ਪੁਲਿਸ ਬਲ ਤਾਇਨਾਤ ਕੀਤੇ ਹਨ। ਅਧਿਕਾਰੀਆਂ ਮੁਤਾਬਕ 12 ਕੰਪਨੀਆਂ ਸ਼ਾਹੀਨ ਬਾਗ਼ ਇਲਾਕੇ ’ਚ ਤਾਇਨਾਤ ਕੀਤੀਆਂ ਗਈਆਂ ਹਨ। ਇਸੇ ਦੌਰਾਨ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉੱਤਰ-ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ’ਚ ਹਾਲਾਤ ਸ਼ਾਂਤ ਪਰ ਤਣਾਅ ਵਾਲੇ ਬਣੇ ਹੋਏ ਹਨ। ਵੱਡੀ ਗਿਣਤੀ ’ਚ ਪੁਲਿਸ ਤੈਨਾਤ ਹੋਣ ਕਾਰਨ ਮੁੱਖ ਮਾਰਗਾਂ ’ਤੇ ਹੁਣ ਆਵਾਜਾਈ ’ਚ ਵਾਧਾ ਨਜ਼ਰ ਆਇਆ ਹੈ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਥਿਤੀ ਹੁਣ ਕਾਬੂ ਹੇਠ ਹੈ। ਉਨ੍ਹਾਂ ਦੱਸਿਆ ਕਿ ਉੱਤਰ ਪੂਰਬੀ ਦਿੱਲੀ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ 254 ਕੇਸ ਦਰਜ ਕੀਤੇ ਹਨ ਤੇ 903 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਾਂ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਦੱਸਿਆ ਕਿ ਅਸਲਾ ਐਕਟ ਤਹਿਤ 41 ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਅਨੁਸਾਰ ਪਿਛਲੇ ਚਾਰ ਦਿਨਾਂ ਵਿੱਚ ਉਨ੍ਹਾਂ ਨੂੰ ਦੰਗਿਆਂ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ ਹੈ।

ਇਸ ਤੋਂ ਪਹਿਲਾਂ ਪੱਛਮੀ ਦਿੱਲੀ ’ਚ ਹਿੰਸਾ ਦੀ ਅਫ਼ਵਾਹ ਫੈਲ ਗਈ ਸੀ ਜਿਸ ਕਾਰਨ ਇੱਥੋਂ ਦੇ ਸੱਤ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਪਰ ਬਾਅਦ ਵਿੱਚ ਇਹ ਸਟੇਸ਼ਨ ਖੋਲ੍ਹ ਦਿੱਤੇ ਗਏ ਸਨ। ਹਾਲਾਂਕਿ ਦਿੱਲੀ ਪੁਲਿਸ ਨੇ ਕਿਸੇ ਵੀ ਤਰ੍ਹਾਂ ਦੀ ਹਿੰਸਕ ਘਟਨਾ ਵਾਪਰਨ ਤੋਂ ਇਨਕਾਰ ਕਰਦਿਆਂ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਇਸੇ ਦੌਰਾਨ ਆਰਟ ਆਫ ਲਿਵਿੰਗ ਦੇ ਬਾਨੀ ਸ਼੍ਰੀ ਰਵਿਸ਼ੰਕਰ ਨੇ ਬ੍ਰਹਮਪੁਰੀ ਸਮੇਤ ਦੰਗਾ ਪ੍ਰਭਾਵਿਤ ਕੁੱਝ ਇਲਾਕਿਆਂ ਦਾ ਦੌਰਾ ਕੀਤਾ ਤੇ ਪੀੜਤ ਲੋਕਾਂ ਦਾ ਹੌਂਸਲਾ ਵਧਾਇਆ। ਇਸੇ ਦੌਰਾਨ 25 ਫਰਵਰੀ ਨੂੰ ਲਾਪਤਾ ਹੋਏ 22 ਸਾਲਾ ਮੁਹੰਮਦ ਸ਼ਹਿਬਾਜ਼ ਦੇ ਭਰਾ ਮਤਲੂਬ ਨੇ ਮੰਗ ਕੀਤੀ ਹੈ ਕਿ ਕਰਾਵਲ ਨਗਰ ਤੋਂ ਸੜੀ ਹੋਈ ਮਿਲੀ ਲਾਸ਼ ਦਾ ਡੀਐੱਨਏ ਟੈਸਟ ਕਰਵਾਇਆ ਜਾਵੇ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹ ਲਾਸ਼ ਉਸ ਦੇ ਭਰਾ ਸ਼ਹਿਬਾਜ਼ ਦੀ ਹੈ ਜਾਂ ਨਹੀਂ।

ਹਿੰਸਾ ਦਾ ਵਿਦਿਆਰਥੀਆਂ ‘ਤੇ ਅਸਰ

ਸੀਬੀਐੱਸਈ ਨੇ ਕਿਹਾ ਕਿ ਉੱਤਰ-ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ’ਚ ਬੋਰਡ ਦੀਆਂ ਪ੍ਰੀਖਿਆਵਾਂ ਕਰਵਾਉਣ ’ਚ ਹੋਰ ਦੇਰੀ ਕਰਨ ਨਾਲ ਮੈਡੀਕਲ ਤੇ ਇੰਜਨੀਅਰਿੰਗ ਵਰਗੇ ਕੋਰਸਾਂ ’ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੇ ਮੌਕੇ ਪ੍ਰਭਾਵਿਤ ਹੋ ਸਕਦੇ ਹਨ। ਸੀਬੀਐੱਸਈ ਹਾਲਾਂਕਿ ਉਨ੍ਹਾਂ ਵਿਦਿਆਰਥੀਆਂ ਲਈ ਮੁੜ ਤੋਂ ਪ੍ਰੀਖਿਆ ਕਰਵਾਉਣ ਲਈ ਤਿਆਰ ਹੈ ਜੋ ਉੱਤਰ-ਪੂਰਦਿੱਲੀ ’ਚ ਹਿੰਸਾ ਕਾਰਨ ਤੈਅ ਪ੍ਰੋਗਰਾਮ ਅਨੁਸਾਰ ਬੋਰਡ ਦੀਆਂ ਪ੍ਰੀਖਿਆਵਾਂ ’ਚ ਨਹੀਂ ਬੈਠ ਸਕੇ ਸੀ।

 ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਉੱਤਰ-ਪੂਰਬੀ ਦਿੱਲੀ ’ਚ ਹੋਈ ਹਿੰਸਾ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸ਼ਖਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸ ਹਿੰਸਾ ’ਚ ਹੁਣ ਤੱਕ 40 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਭੜਕਾਊ ਬਿਆਨ ਦੇਣ ਵਾਲਿਆਂ ’ਚ ਸ਼ਾਮਲ ਨਹੀਂ ਸੀ। ਠਾਕੁਰ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ‘ਗੱਦਾਰਾਂ ਨੂੰ ਗੋਲੀ ਮਾਰੋ’ ਦਾ ਵਿਵਾਦਤ ਨਾਅਰਾ ਦਿੱਤਾ ਸੀ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘ਤੁਸੀਂ ਝੂਠ ਬੋਲ ਰਹੇ ਹੋ। ਮੀਡੀਆ ਕੋਲ ਜਾਣਕਾਰੀ ਦੀ ਘਾਟ ਕਾਰਨ ਗਲਤ ਗੱਲਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।’

ਮਨੁੱਖੀ ਅਧਿਕਾਰ ਕਾਰਕੁੰਨਾਂ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖਕੇ ਦਿੱਲੀ ਹਿੰਸਾ ਦੇ ਸੰਬੰਧ ’ਚ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੇ ਨਾਂ ਤੇ ਪਤੇ ਨਸ਼ਰ ਕਰਨ ਦੀ ਮੰਗ ਕੀਤੀ ਹੈ। ਕਾਰਕੁੰਨ ਅੰਜਲੀ ਭਾਰਦਵਾਜ, ਐਡਵੋਕੇਟ ਪ੍ਰਸ਼ਾਂਤ ਭੂਸ਼ਣ, ਸੀਪੀਆਈ ਆਗੂ ਐਨੀ ਰਾਜਾ, ਅੰਮ੍ਰਿਤਾ ਜੌਹਰੀ ਤੇ ਹੋਰਾਂ ਨੇ ਪੱਤਰ ਭੇਜਕੇ ਕਿਹਾ ਹੈ ਕਿ ਸੀਆਰਪੀਸੀ ਦੀ ਧਾਰਾ 41- ਸੀ ਮੁਤਾਬਕ ਸਾਰੇ ਜ਼ਿਲ੍ਹਿਆਂ ਵਿੱਚ ਪੁਲਿਸ ਕੰਟਰੋਲ ਰੂਮ ਸਥਾਪਤ ਕਰਨਾ ਲਾਜ਼ਮੀ ਹੈ ਜਦਕਿ ਧਾਰਾ 41-ਸੀ (2) ਮੁਤਾਬਕ ਕੰਟਰੋਲ ਰੂਮ ਦੇ ਬਾਹਰ ਲੱਗੇ ਨੋਟਿਸ ਬੋਰਡ ਉੱਤੇ ਗ੍ਰਿਫ਼ਤਾਰ ਵਿਅਕਤੀਆਂ ਦੇ ਨਾਂ ਅਤੇ ਪਤੇ ਨਸ਼ਰ ਕੀਤੇ ਜਾਣ। ਹੁਣ ਤੱਕ 885 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ ਜਦਕਿ 167 ਐੱਫਆਈਆਰਜ਼ ਦਰਜ ਹੋਈਆਂ ਹਨ।

Exit mobile version