‘ਦ ਖ਼ਾਲਸ ਬਿਊਰੋ:- ਪਿਛਲੇ ਦਿਨੀਂ ਬੁੱਧਵਾਰ ਨੂੰ NDP ਮੁਖੀ ਜਗਮੀਤ ਸਿੰਘ ਨੂੰ ਸੰਸਦ ਵਿੱਚ ਆਪਣੇ ਸਾਥੀ ਸੰਸਦ ਮੈਂਬਰ ‘ਤੇ ‘ਨਸਲੀ’ ਟਿੱਪਣੀ ਕਰਨ ਕਰਕੇ ਇੱਕ ਦਿਨ ਲਈ ਸੰਸਦ ਵਿੱਚੋਂ ਮੁਅੱਤਲ ਕਰ ਦਿੱਤਾ ਸੀ। ਪਰ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਗਮੀਤ ਸਿੰਘ ਦੀ ਹਮਾਇਤ ਕੀਤੀ ਹੈ। ਜਿਕਰਯੋਗ ਹੈ ਕਿ ਟਰੂਡੋ ਲਗਾਤਾਰ ਕਹਿੰਦੇ ਰਹੇ ਹਨ ਕਿ ਕੈਨੇਡੀਅਨ ਸੰਸਥਾਵਾਂ ਵਿੱਚੋਂ ਨਸਲੀ ਵਿਤਕਰੇ ਦੀ ਸੋਚ ਨੂੰ ਖ਼ਤਮ ਕਰਨ ਦੀ ਲੋੜ ਹੈ।
ਦਰਅਸਲ ਜਗਮੀਤ ਸਿੰਘ ਨੇ ਰੋਆਇਲ ਕੈਨੇਡੀਅਨ ਮਾਊਂਟਿਡ ਪੁਲਿਸ ਵਿੱਚ ‘ਨਸਲਵਾਦ’ ਨੂੰ ਰੋਕਣ ਲਈ ਸੰਸਦ ਵਿੱਚ ਮਤਾ ਪੇਸ਼ ਕੀਤਾ ਸੀ। ਜਿਆਦਾਤਰ ਮੈਂਬਰਾਂ ਦੀ ਸਹਿਮਤੀ ਤੋਂ ਬਾਅਦ ਇੱਕ ਸੰਸਦ ਮੈਂਬਰ ਨੇ ਇਸ ਮਤੇ ਦੀ ਵਿਰੋਧਤਾ ਕੀਤੀ ਸੀ। ਜਿਸ ਕਰਕੇ ਜਗਮੀਤ ਸਿੰਘ ਨੇ ਉਹਨਾਂ ਨੂੰ ‘ਨਸਲਵਾਦੀ’ ਆਖਿਆ ਸੀ।
ਜਗਮੀਤ ਸਿੰਘ ਨੂੰ ਜਦੋਂ ਪੁੱਛਿਆ ਗਿਆ ਕਿ ਉਹਨਾਂ ਨੇ ਸਾਥੀ ਸੰਸਦ ਮੈਂਬਰ ‘ਤੇ ਇਹ ਟਿੱਪਣੀ ਕੀਤੀ ਹੈ, ਅਤੇ ਬਾਅਦ ਵਿੱਚ ਮਾਫੀ ਵੀ ਨਹੀਂ ਮੰਗੀ, ਤਾਂ ਉਹਨਾਂ ਜਵਾਬ ਦਿੱਤਾ ਕਿ “ਮਾਫੀ ਮੰਗਣ ਨਾਲ ਨਸਲਵਾਦ ਖਿਲਾਫ਼ ਲੜੀ ਜਾ ਰਹੀ ਜੰਗ ਕਮਜ਼ੋਰ ਹੋ ਜਾਵੇਗੀ”।