The Khalas Tv Blog Punjab ਧਰਮ ਸਥਾਨਾਂ ‘ਤੇ 50 ਤੋਂ ਵੱਧ ਸ਼ਰਧਾਲੂ ਨਾ ਇਕੱਠੇ ਹੋਣ-ਕੈਪਟਨ ਨੇ ਪੰਜਾਬੀਆਂ ਨੂੰ ਕੀਤੀ ਅਪੀਲ
Punjab

ਧਰਮ ਸਥਾਨਾਂ ‘ਤੇ 50 ਤੋਂ ਵੱਧ ਸ਼ਰਧਾਲੂ ਨਾ ਇਕੱਠੇ ਹੋਣ-ਕੈਪਟਨ ਨੇ ਪੰਜਾਬੀਆਂ ਨੂੰ ਕੀਤੀ ਅਪੀਲ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਦੀ ਰੋਕਥਾਮ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਵਿੱਚ ਸਾਥ ਦੇਣ ਲਈ ਸਮੂਹ ਧਾਰਮਿਕ ਸੰਸਥਾਵਾਂ ਅਤੇ ਡੇਰਾ ਮੁਖੀਆਂ ਨੂੰ ਆਪਣੇ ਸਮਾਗਮਾਂ ਵਿੱਚ 50 ਵਿਅਕਤੀਆਂ ਤੋਂ ਘੱਟ ਇਕੱਠ ਕਰਨ ਦੀ ਅਪੀਲ ਕੀਤੀ ਹੈ। ਸੂਬਾ ਸਰਕਾਰ ਵੱਲੋਂ ਕੋਰੋਨਾ ਵਾਇਰਸ (ਕੋਵਿਡ-19) ਬਾਰੇ ਲੋਕਾਂ ਨੂੰ ਘਰ-ਘਰ ਜਾ ਕੇ ਜਾਗਰੂਕ ਕਰਨ ਸਬੰਧੀ ਕੱਲ੍ਹ ਤੋਂ ਵਿੱਢੀ ਜਾ ਰਹੀ ਜਾਗਰੂਕਤਾ ਮੁਹਿੰਮ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।

ਸਿਹਤ ਅਤੇ ਹੋਰ ਸਬੰਧਤ ਵਿਭਾਗਾਂ ਨਾਲ ਲੜੀਵਾਰ ਸਮੀਖਿਆ ਮੀਟਿੰਗਾਂ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਇਕੋ ਇਕ ਪੁਸ਼ਟੀ ਕੀਤੇ ਮਾਮਲੇ ਨਾਲ ਪੰਜਾਬ ਹੁਣ ਤੱਕ ਸੁਰੱਖਿਅਤ ਹੈ, ਪਰ ਵਿਸ਼ਵ ਪੱਧਰ ਤੇ ਫੈਲ ਰਹੀ ਇਸ ਮਹਾਂਮਾਰੀ ਨੂੰ ਦੇਖਦਿਆਂ ਕੋਈ ਵੀ ਢਿੱਲ-ਮੱਠ ਨਹੀਂ ਵਰਤੀ ਜਾ ਸਕਦੀ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਛੋਟੇ ਮਾਮਲਿਆਂ ਵਿਚ ਦੋਸ਼ੀ ਠਹਿਰਾਏ ਗਏ ਲੋਕਾਂ ਨੂੰ ਜ਼ਮਾਨਤ ਦੇਣ ਅਤੇ ਜੇਲ੍ਹ ਵਿੱਚ ਕਾਫੀ ਸਮਾਂ ਬਿਤਾਉਣ ਵਾਲੇ ਦੋਸ਼ੀਆਂ ਨੂੰ ਪੈਰੋਲ ਦੇਣ ਤੇ ਵੀ ਵਿਚਾਰ ਕਰ ਰਹੀ ਹੈ। 

ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਨੇ ਜੇਲ੍ਹਾਂ ਵਿੱਚ ਕੈਦੀਆਂ ਦੀ ਗਿਣਤੀ ਘਟਾਉਣ ਬਾਰੇ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅੰਤਮ ਫੈਸਲਾ ਅਦਾਲਤਾਂ ਤੇ ਨਿਰਭਰ ਹੈ ਅਤੇ ਸੂਬੇ ਦੇ ਐਡਵੋਕੇਟ ਜਨਰਲ ਸ੍ਰੀ ਅਤੁਲ ਨੰਦਾ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਕੋਲ ਉਠਾ ਰਹੇ ਹਨ। 

ਇਸ ਸਮੱਸਿਆ ਨਾਲ ਨਜਿੱਠਣ ਵਿਚ ਲੱਗੇ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਕੋਲ ਹਾਲਾਤ ਨਾਲ ਨਜਿੱਠਣ ਲਈ ਢੁਕਵੇਂ ਸਾਧਨ ਅਤੇ ਦਵਾਈਆਂ ਉਪਲਬੱਧ ਹਨ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਮਰੀਜ਼ਾਂ ਨੂੰ ਅਲੱਗ ਰੱਖਣ ਲਈ ਗਿਆਨ ਸਾਗਰ ਮੈਡੀਕਲ ਕਾਲਜ, ਰਾਜਪੁਰਾ ਦੇ ਸਾਰੇ ਹੋਸਟਲ ਵਿੱਚ ਕੁੱਲ 1700 ਬੈੱਡ ਉਪਲਬੱਧ ਹਨ।

 

 

Exit mobile version