The Khalas Tv Blog India ‘ਡਿਬਰੂਗੜ੍ਹ ਜੇਲ੍ਹ ‘ਚ ਬੰਦ ਸਿੰਘ ਅੱਤਵਾਦੀ ਹਨ,ਤਾਂ ਸਾਰਾ ਖਾਲਸਾ ਪੰਥ ਹੀ ਅੱਤਵਾਦੀ ਹੈ’! ਰਿਹਾਈ ਲਈ ਪੰਥ ਨੂੰ ਸੁਨੇਹਾ
India Punjab Religion

‘ਡਿਬਰੂਗੜ੍ਹ ਜੇਲ੍ਹ ‘ਚ ਬੰਦ ਸਿੰਘ ਅੱਤਵਾਦੀ ਹਨ,ਤਾਂ ਸਾਰਾ ਖਾਲਸਾ ਪੰਥ ਹੀ ਅੱਤਵਾਦੀ ਹੈ’! ਰਿਹਾਈ ਲਈ ਪੰਥ ਨੂੰ ਸੁਨੇਹਾ

ਬਿਊਰੋ ਰਿਪੋਰਟ : ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨ ਰਘਬੀਰ ਸਿੰਘ ਨੇ ਹੋਲਾ ਮਹੱਲਾ ‘ਤੇ ਵਾਰਿਸ ਪੰਜਾਬ ਦੇ ਮੁਖੀ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ । ਸਿੱਖ ਕੌਮ ਦੇ ਨਾ ਦਿੱਤੇ ਸੁਨੇਹੇ ਮੌਕੇ ਜਥੇਦਾਰ ਸਾਹਿਬ ਨੇ ਕਿਹਾ ਜੇਕਰ ਡਿਬਰੂਗੜ੍ਹ ਜੇਲ ‘ਚ ਬੰਦ ਸਿੰਘ ਅੱਤਵਾਦੀ ਹਨ, ਤਾਂ ਸਾਰਾ ਖਾਲਸਾ ਪੰਥ ਹੀ ਅੱਤਵਾਦੀ ਹੈ’। ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ‘ਚੋਂ ਕੱਢ ਕੇ ਅੰਮ੍ਰਿਤਧਾਰੀ ਬਣਾਉਣ ਅਤੇ ਧਰਮ ਪ੍ਰਚਾਰ ਕਰਨ ਵਾਲੇ ਵਾਰਿਸ ਪੰਜਾਬ ਦੇ ਮੁਖੀ ਤੇ ਸਾਥੀ ਸਿੰਘਾਂ ਦਾ ਕੀ ਗੁਨਾਹ ਸੀ ? ਜਿਨ੍ਹਾਂ ਨੂੰ ਸਰਕਾਰ ਨੇ ਪੰਜਾਬ ਤੋਂ ਸੈਂਕੜੇ ਕਿਲੋਮੀਟਰ ਦੂਰ ਡਿਬਰੂਗੜ੍ਹ ਦੀ ਜੇਲ੍ਹ ਵਿਚ ਐਨ.ਐਸ.ਏ. ਲਗਾ ਕੇ ਨਜ਼ਰਬੰਦ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਧਰਮ ਪ੍ਰਚਾਰ ਕਰਨਾ ਗੁਨਾਹ ਹੈ ਤਾਂ ਇਹ ਗੁਨਾਹ ਹਰ ਸਿੱਖ ਕਰੇਗਾ।

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਬੰਦੀ ਸਿੰਘ 30-30 ਸਾਲਾਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਹਨ ਅਤੇ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਜੇਕਰ ਆਪਣੇ ਹੱਕਾਂ ਲਈ ਹਥਿਆਰ ਚੁੱਕਣ ਵਾਲੇ ਬੰਦੀ ਸਿੰਘ ਅੱਤਵਾਦੀ ਸਨ ਤਾਂ ਸਾਰਾ ਖ਼ਾਲਸਾ ਪੰਥ ਹੀ ਅੱਤਵਾਦੀ ਹੈ। ਕਿਉਂਕਿ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਖ਼ਾਲਸਾ ਪੰਥ ਨੂੰ ਗੁਰੂ ਸਾਹਿਬਾਨ ਨੇ ਸਿਖਾਇਆ ਹੈ। ਜਥੇਦਾਰ ਸਾਹਿਬ ਨੇ ਕੇਸਗੜ੍ਹ ਸਾਹਿਬ ਤੋਂ ਸਿੱਖਾਂ ਨੂੰ ਏਕਤਾ ਵਿੱਚ ਬੱਝਣ ਦਾ ਸੁਨੇਹਾ ਦਿੰਦੇ ਹੋਏ ਕਿਹਾ ਇਹ ਸਮੇਂ ਦੀ ਜ਼ਰੂਰਤ ਹੈ । ਉਨ੍ਹਾਂ ਆਖਿਆ ਕਿ ਜਦੋਂ ਤੱਕ ਸਿੱਖ ਭਾਈਚਾਰਕ ਤੌਰ ‘ਤੇ ਇਤਫਾਕ ਕਾਇਮ ਨਹੀਂ ਕਰਦੇ,ਸਰਕਾਰਾਂ ਧੱਕਾ ਕਰਦੀਆਂ ਰਹਿਣਗੀਆਂ। ਉਨ੍ਹਾਂ ਆਖਿਆ ਕਿ ਅੱਜ ਪੰਜਾਬ ਦੇ ਕਿਸਾਨ ਆਪਣੇ ਹੱਕ ਲੈਣ ਲਈ ਸੜਕਾਂ ‘ਤੇ ਰੁਲ ਰਹੇ ਹਨ ਪਰ ਜਦੋਂ ਸੱਤਾਧਾਰੀ ਵੋਟਾਂ ਮੰਗਣ ਆਉਣ ਤਾਂ ਆਮ ਲੋਕ ਉਨ੍ਹਾਂ ਦੀ ਜਵਾਬਦੇਹੀ ਜ਼ਰੂਰ ਕਰਨ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੇਂਦਰ ਸਰਕਾਰ ‘ਤੇ ਸਿੱਖਾਂ ਨੂੰ ਧਾਰਮਿਕ, ਆਰਥਿਕ, ਸਮਾਜਿਕ, ਰਾਜਨੀਤਕ, ਸੱਭਿਆਚਾਰਕ ਅਤੇ ਭੂਗੋਲਿਕ ਤੌਰ ‘ਤੇ ਕਮਜ਼ੋਰ ਕਰਨ ਦੇ ਦੋਸ਼ ਲਾਉਂਦਿਆਂ ਆਖਿਆ ਹੈ ਕਿ ਪੰਜਾਬ ਦੇ ਲੋਕਾਂ ਕੋਲੋਂ ਖੇਤੀਬਾੜੀ ਵਰਗਾ ਸਵੈਮਾਣ ਵਾਲਾ ਕਿੱਤਾ ਖੋਹ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੇ ਮਾਰੂ ਹੀਲੇ ਵਰਤੇ ਜਾ ਰਹੇ ਹਨ, ਜਿਨ੍ਹਾਂ ਤੋਂ ਪੰਜਾਬ ਵਾਸੀਆਂ ਨੂੰ ਸਮਾਂ ਰਹਿੰਦਿਆਂ ਸੁਚੇਤ ਹੋਣ ਦੀ ਲੋੜ ਹੈ। ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਹਰੇਕ ਸਿੱਖ ਨੂੰ ਸਿੱਖੀ ਦਾ ਪ੍ਰਚਾਰਕ ਬਣਨਾ ਚਾਹੀਦਾ ਹੈ ਅਤੇ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਹੋਲਾ-ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਹਰੇਕ ਸਿੱਖ ਨੂੰ ਬਾਣੀ-ਬਾਣੇ ਦੇ ਧਾਰਨੀ ਹੋਣਾ ਚਾਹੀਦਾ ਹੈ।

Exit mobile version