ਚੰਡੀਗੜ੍ਹ- ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇੱਕ ਵਾਰ ‘ਗਰੀਬੀ ਹਟਾਓ’ ਦਾ ਨਾਅਰਾ ਲਾਇਆ ਸੀ ਪਰ ਹੁਣ ਮੋਦੀ ਵੱਲੋਂ ’ਗਰੀਬੀ ਲੁਕਾਓ’ ‘ਤੇ ਕੰਮ ਕੀਤਾ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ 24 ਫਰਵਰੀ ਨੂੰ ਭਾਰਤ ਦੀ ਫੇਰੀ ਤੋਂ ਪਹਿਲਾਂ ਅਹਿਮਦਾਬਾਦ ਨਗਰ ਨਿਗਮ ਨੇ ਨਵੇਂ ਬਣੇ ਮੋਟੇਰਾ ਕ੍ਰਿਕਟ ਸਟੇਡੀਅਮ ਨੇੜੇ ਝੁੱਗੀ-ਝੌਂਪੜੀਆਂ ਵਿੱਚ ਰਹਿੰਦੇ ਘੱਟੋ-ਘੱਟ 45 ਪਰਿਵਾਰਾਂ ਨੂੰ ਸੱਤ ਦਿਨਾਂ ਅੰਦਰ ਥਾਂ ਖਾਲੀ ਕਰਨ ਲਈ ਨੋਟਿਸ ਜਾਰੀ ਕੀਤੇ ਹਨ। ਹੁਕਮਾਂ ਦਾ ਪਾਲਣ ਨਾ ਹੋਣ ’ਤੇ ਵਿਭਾਗੀ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਸਟੇਡੀਅਮ ਵਿੱਚ ਡੋਨਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਨਮਸਤੇ ਟਰੰਪ’ ਸਮਾਗਮ ਤਹਿਤ ਇਕ ਲੱਖ ਤੋਂ ਵੱਧ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਨਗੇ।
ਇਹ ਨੋਟਿਸ ਅਜਿਹੇ ਮੌਕੇ ਜਾਰੀ ਕੀਤੇ ਗਏ ਹਨ, ਜਦੋਂ ਅਹਿਮਦਾਬਾਦ ਨਗਰ ਨਿਗਮ ਵੱਲੋਂ ਹਵਾਈ ਅੱਡੇ ਤੋਂ ਸ਼ਹਿਰ ਨੂੰ ਆਉਂਦੇ ਰੂਟ ’ਤੇ ਸੜਕ ਕੰਢੇ ਬਣੀਆਂ ਝੁੱਗੀਆਂ ਝੌਂਪੜੀਆਂ ਨੂੰ ਅਮਰੀਕੀ ਸਦਰ ਦੀ ਅੱਖ ਤੋਂ ਬਚਾਉਣ ਲਈ ਸੱਤ ਫੁੱਟ ਉੱਚੀ ਕੰਧ ਦੀ ਉਸਾਰੀ ਕੀਤੀ ਗਈ ਸੀ। ਇਹ ਝੁੱਗੀਆਂ ਅਹਿਮਦਾਬਾਦ-ਗਾਂਧੀਨਗਰ ਸੜਕ ’ਤੇ ਮੋਟੇਰਾ ਸਟੇਡੀਅਮ ਤੋਂ ਲਗਪਗ ਡੇਢ ਕਿਲੋਮੀਟਰ ਦੀ ਦੂਰੀ ’ਤੇ ਹਨ।
ਝੁੱਗੀਆਂ ’ਚ ਰਹਿੰਦੇ ਸ਼ੈਲੇਸ਼ ਬਿਲਵਾ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਪਿਛਲੇ ਇੱਕ ਹਫ਼ਤੇ ਵਿੱਚ ਕਈ ਗੇੜੇ ਲਾ ਚੁੱਕੇ ਹਨ। ਦਿਹਾੜੀਦਾਰ ਮਜ਼ਦੂਰ ਦਿਨੇਸ਼ ਅਦਰਾਵਨੀ ਨੇ ਕਿਹਾ, ‘ਅਸੀਂ ਇੱਥੇ ਪਿਛਲੇ ਇੱਕ ਦਹਾਕੇ ਤੋਂ ਰਹਿ ਰਹੇ ਹਾਂ। ਇਸ ਤੋਂ ਪਹਿਲਾਂ ਸਾਨੂੰ ਕਦੇ ਕੋਈ ਨੋਟਿਸ ਨਹੀਂ ਮਿਲਿਆ। ਹੁਣ ਨੋਟਿਸ ਦੇਣ ਦੀ ਕੀ ਤੁੱਕ ਹੈ? ਸਾਨੂੰ ਇਥੋਂ ਜਬਰੀ ਕੱਢਿਆ ਜਾ ਰਿਹਾ ਹੈ ਤੇ ਸਾਡੇ ਕੋਲ ਸਿਰ
ਢੱਕਣ ਲਈ ਕੋਈ ਹੋਰ ਪ੍ਰਬੰਧ ਨਹੀਂ ਹੈ।‘
ਉਧਰ ਨਗਰ ਨਿਗਮ ’ਚ ਡਿਪਟੀ ਅਸਟੇਟ ਅਧਿਕਾਰੀ (ਪੱਛਮੀ ਜ਼ੋਨ) ਚੈਤੰਨਯ ਸ਼ਾਹ ਨੇ ਕਿਹਾ ਕਿ ਇਨ੍ਹਾਂ ਨੋਟਿਸਾਂ ਦਾ ‘ਨਮਸਤੇ ਲੰਡਨ’ ਪ੍ਰੋਗਰਾਮ ਨਾਲ ਕੋਈ ਸਬੰਧ ਨਹੀਂ। ਝੁੱਗੀਆਂ ’ਚ ਰਹਿੰਦੇ ਲੋਕਾਂ ਨੂੰ ਟਾਊਨ ਪਲਾਨਿੰਗ ਐਕਟ ਤਹਿਤ ਨੋਟਿਸ ਜਾਰੀ ਕੀਤੇ ਗਏ ਹਨ। ਇਹ ਥਾਂ ਅਹਿਮਦਾਬਾਦ ਨਗਰ ਨਿਗਮ ਦੀ ਹੈ। ਜਨਵਰੀ ਵਿੱਚ ਕੀਤੇ ਸਾਈਟ ਸਰਵੇਖਣ ਦੌਰਾਨ ਇਥੇ ਨਜਾਇਜ਼ ਕਬਜ਼ੇ ਕੀਤੇ ਹੋਣ ਦਾ ਪਤਾ ਲੱਗਾ ਸੀ।
ਮੁੱਖ ਵਿਰੋਧੀ ਪਾਰਟੀ ਨੇ ਕਿਹਾ ਕਿ ਸੂਬੇ ਦੀ ਭਾਜਪਾ ਸਰਕਾਰ ਅਮਰੀਕੀ ਸਦਰ ਦੀ ਅਹਿਮਦਾਬਾਦ ਫੇਰੀ ਤੋਂ ਪਹਿਲਾਂ ਗਰੀਬੀ ਨੂੰ ਲੁਕਾਉਣ ਲਈ ਕੰਧਾਂ ਉਸਾਰ ਰਹੀ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਕ ਟਵੀਟ ’ਚ ਕਿਹਾ, ‘ਅਸੀਂ ਅਜਿਹੇ ਸਮੇਂ ’ਚ ਰਹਿ ਰਹੇ ਹਾਂ…ਜਿੱਥੇ ਜੀਡੀਪੀ ਟਨਾਂ ’ਚ, ਨਾਗਰਿਕ ਹੱਕ ਵੋਲਟੇਜ਼ ’ਚ, ਰਾਸ਼ਟਰਵਾਦ ਡੈਸੀਬੈੱਲ ’ਚ, ਗਰੀਬੀ ਕੰਧ ਦੀ ਉਚਾਈ ਤੇ ਲੰਮਾਈ ਵਿੱਚ ਮਿਣੀ ਜਾਂਦੀ ਹੈ।’