‘ਦ ਖ਼ਾਲਸ ਬਿਊਰੋ:- ਬਰਤਾਨੀਆ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਜੂਨ 1984 ਦੇ ‘ਸਾਕਾ ਨੀਲਾ ਤਾਰਾ’ ਵਿੱਚ ਤਤਕਾਲੀ ਬਰਤਾਨੀਆ ਸਰਕਾਰ ਦੀ ਭੂਮਿਕਾ ਬਾਰੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਵਿਰੋਧੀ ਧਿਰ ਲੇਬਰ ਪਾਰਟੀ ਦੇ ਸੰਸਦ ਮੈਂਬਰ ‘ਢੇਸੀ’ ਨੇ ਜੂਨ ’84 ਦੇ ‘ਸਾਕੇ’ ਵਿੱਚ ‘ਮਾਰਗਰੇਟ ਥੈਚਰ’ ਦੀ ਅਗਵਾਈ ਵਾਲੀ ਤਤਕਾਲੀ ਬਰਤਾਨੀਆ ਸਰਕਾਰ ਉੱਤੇ ਸਵਾਲ ਚੁੱਕੇ ਹਨ।
ਤਨਮਨਜੀਤ ਸਿੰਘ ਢੇਸੀ ਨੇ ਸਾਕਾ ਨੀਲਾ ਤਾਰਾ ਦੀ 36ਵੀਂ ਬਰਸੀ ਮੌਕੇ ‘ਹਾਊਸ ਆਫ ਕਾਮਨਜ਼’ ਵਿੱਚ ਇਹ ਮੁੱਦਾ ਚੁੱਕਿਆ। ਉਹਨਾਂ ਕਿਹਾ ਕਿ ‘ਬਰਤਾਨੀਆ ਵਿਚਲੇ ਸਿੱਖਾਂ ਦੀ ਮੰਗ ਅਤੇ ਲੇਬਰ ਪਾਰਟੀ ਤੇ ਹੋਰ ਵਿਰੋਧੀ ਧਿਰਾਂ ਦੇ ਸਮਰਥਨ ਦੇ ਬਾਵਜੂਦ ’84 ਦੇ ਸਾਕੇ ਵਿੱਚ ਥੈਚਰ ਸਰਕਾਰ ਦੀ ਭੂਮਿਕਾ ਬਾਰੇ ਪਤਾ ਲਗਾਉਣ ਲਈ ਨਿਰਪੱਖ ਜਾਂਚ ਨਹੀਂ ਕਰਵਾਈ ਗਈ।
ਕੁਝ ਸਮਾਂ ਪਹਿਲਾਂ ਵੀ ਜਾਂਚ ਦੀ ਮੰਗ ਉੱਠੀ ਸੀ, ਜਦੋਂ ਬਰਤਾਨੀਆ ਦੀ ਫੌਜ ਵੱਲੋਂ ਭਾਰਤੀ ਸੁਰੱਖਿਆ ਬਲਾਂ ਨੂੰ ਸਲਾਹ ਦਿੱਤੇ ਜਾਣ ਦੀ ਖ਼ਬਰ ਦਾ ਖੁਲਾਸਾ ਹੋਇਆ ਸੀ। ਉਸ ਸਮੇਂ ਬਰਤਾਨੀਆ ਦੇ ਤਤਕਾਲੀ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਇਸ ਸੰਬੰਧੀ ਅੰਦਰੂਨੀ ਜਾਂਚ ਦੇ ਹੁਕਮ ਵੀ ਦਿੱਤੇ ਸਨ। ਇਸ ਤੋਂ ਬਾਅਦ ਇਹ ਬਿਆਨ ਸਾਹਮਣੇ ਆਇਆ ਕਿ ‘ਇਸ ਵਿੱਚ ਬਰਤਾਨੀਆ ਸਰਕਾਰ ਦੀ ਭੂਮਿਕਾ ਸਿਰਫ ਸਲਾਹਕਾਰ ਦੀ ਹੀ ਸੀ ਅਤੇ ਵਿਸ਼ੇਸ਼ ਹਵਾਈ ਸੇਵਾ ਦੀ ਸਲਾਹ ਦਾ ਇਸ ਮੁਹਿੰਮ ਉੱਪਰ ਸੀਮਤ ਅਸਰ ਹੀ ਪਿਆ ਸੀ’।
ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਇਸ ਸਾਰੇ ਮਾਮਲੇ ਦੀ ਸੁਤੰਤਰ ਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।