‘ਦ ਖ਼ਾਲਸ ਬਿਊਰੋ:- ਭਾਰਤ-ਚੀਨ ਸਰਹੱਦ ਉੱਤੇ ਸ਼ਹੀਦ ਹੋਏ ਜ਼ਿਲ੍ਹਾ ਮਾਨਸਾ ਦੇ ਪਿੰਡ ਬੀਰੇਵਾਲ ਡੋਗਰਾਂ ਦੇ ਵਸਨੀਕ ਗੁਰਤੇਜ ਸਿੰਘ ਦੇ ਪਿਤਾ ਵਿਰਸਾ ਸਿੰਘ ਦਾ ਕਹਿਣਾ ਹੈ ਕਿ “ਮੈਂ ਆਪਣੇ ਵੱਡੇ ਪੁੱਤਰ ਦਾ ਵਿਆਹ ਹਾਲੇ ਐਤਵਾਰ (15 ਜੂਨ) ਨੂੰ ਹੀ ਕੀਤਾ ਸੀ ਤੇ ਇਸ ਵਿਆਹ ‘ਚ ਸ਼ਾਮਿਲ ਹੋਣ ਲਈ ਮੈਂ ਗੁਰਤੇਜ ਨੂੰ ਵੀ ਫੋਨ ਕੀਤਾ ਸੀ। ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਚਾਵਾਂ ਵਾਲੇ ਦਿਨ ਮੇਰੇ ਪੁੱਤਰ ਦੀ ਮੌਤ ਦਾ ਸੁਨੇਹਾ ਮੈਨੂੰ ਮਿਲ ਜਾਵੇਗਾ, ਵਿਆਹ ਦੇ ਚਾਅ ਹਾਲੇ ਮੁੱਕੇ ਵੀ ਨਹੀਂ ਸਨ ਅਤੇ ਕੁਝ ਰਿਸ਼ਤੇਦਾਰ ਵੀ ਸਾਡੇ ਘਰ ਹੀ ਰੁਕੇ ਹੋਏ ਸਨ ਕਿ ਗੁਰਤੇਜ ਦੀ ਮੌਤ ਦਾ ਸੁਨੇਹਾ ਮਿਲ ਗਿਆ। ਜਿਹੜਾ ਟੈਂਟ ਮੈਂ ਆਪਣੇ ਵਿਹੜੇ ਵਿੱਚ ਵਿਆਹ ਦੇ ਚਾਵਾਂ ਲਈ ਲਾਇਆ ਸੀ ਅੱਜ ਉਸੇ ਹੇਠਾਂ ਲੋਕ ਮੇਰੇ ਪੁੱਤਰ ਦਾ ਸ਼ੋਕ ਮਨਾ ਰਹੇ ਹਨ।”
ਗੁਰਤੇਜ ਦੇ ਪਿਤਾ ਵਿਰਸਾ ਸਿੰਘ ਨੇ ਪੰਦਰਾਂ ਤਾਰੀਕ ਨੂੰ ਆਪਣੇ ਵੱਡੇ ਪੁੱਤਰ ਦਾ ਵਿਆਹ ਕੀਤਾ ਸੀ ਤੇ ਇਸ ਵਿਆਹ ਵਿੱਚ ਸ਼ਾਮਲ ਹੋਣ ਲਈ ਉਸ ਨੇ ਗੁਰਤੇਜ ਨੂੰ ਫੋਨ ਵੀ ਕੀਤਾ ਸੀ। ਗੁਰਤੇਜ ਨੇ ਆਪਣੇ ਕੰਪਨੀ ਕਮਾਂਡਰ ਨੂੰ ਵਿਆਹ ਵਿੱਚ ਸ਼ਾਮਲ ਹੋਣ ਲਈ ਅਰਜ਼ੀ ਵੀ ਦਿੱਤੀ ਸੀ ਪਰ ਸਰਹੱਦ ‘ਤੇ ਹਾਲਾਤ ਤਣਾਅਪੂਰਨ ਹੋਣ ਕਾਰਨ ਉਸ ਦੀ ਅਰਜ਼ੀ ਨਾ-ਮਨਜ਼ੂਰ ਕਰ ਦਿੱਤੀ ਗਈ ਸੀ।
ਗੁਰਤੇਜ ਸਿੰਘ ਡੇਢ ਸਾਲ ਪਹਿਲਾਂ ਹੀ ਫ਼ੌਜ ਵਿੱਚ ਭਰਤੀ ਹੋਇਆ ਸੀ ਤੇ ਅੱਠ ਮਹੀਨੇ ਪਹਿਲਾਂ ਰੰਗਰੂਟੀ ਪੂਰੀ ਕਰਨ ਤੋਂ ਬਾਅਦ ਛੁੱਟੀ ਕੱਟਣ ਲਈ ਪਿੰਡ ਆਇਆ ਸੀ। ਫ਼ੌਜ ਵਿੱਚ ਭਰਤੀ ਹੋਣ ਅਤੇ ਰੰਗਰੂਟੀ ਪਾਸ ਕਰਨ ਤੋਂ ਬਾਅਦ ਲੇਹ-ਲੱਦਾਖ਼ ਦੇ ਖੇਤਰ ਵਿੱਚ ਗੁਰਤੇਜ ਦੀ ਇਹ ਪਹਿਲੀ ਪੋਸਟਿੰਗ ਸੀ।
ਪਿੰਡ ਵਾਸੀ ਦੱਸਦੇ ਹਨ ਕਿ ਗੁਰਤੇਜ ਸਿੰਘ ਦੇ ਪਿਤਾ ਵਿਰਸਾ ਸਿੰਘ ਚਾਰ ਏਕੜ ਦੀ ਖੇਤੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਸਨ ਤੇ ਪੁੱਤਰ ਦੇ ਫ਼ੌਜ ਵਿੱਚ ਭਰਤੀ ਹੋਣ ਤੋਂ ਬਾਅਦ ਉਸ ਨੇ ਕਾਫੀ ਸੁੱਖ ਦਾ ਸਾਹ ਲਿਆ ਸੀ।
ਗੁਰਤੇਜ ਦੇ ਮਾਮਾ ਬਾਬੂ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣਾ ਹੀਰੇ ਵਰਗਾ ਭਾਣਜਾ ਗੁਆ ਲਿਆ ਹੈ। ਭਾਵੇਂ ਦੇਸ਼ ਲਈ ਕੀਤੀ ਗਈ ਕੁਰਬਾਨੀ ਉੱਤੇ ਉਨ੍ਹਾਂ ਨੂੰ ਮਾਣ ਹੈ ਪਰ ਆਪਣੇ ਜਿਗਰ ਦੇ ਟੁਕੜੇ ਭਾਣਜੇ ਨੂੰ ਗੁਆ ਕੇ ਉਹ ਬਹੁਤ ਦੁਖੀ ਹਨ।
ਪਰਿਵਾਰ ਕਰ ਰਿਹਾ ਮ੍ਰਿਤਕ ਦੇਹ ਦੀ ਉਡੀਕ
ਗੁਰਤੇਜ ਦੇ ਪਿਤਾ ਵਿਰਸਾ ਸਿੰਘ ਨੇ ਦੱਸਿਆ ਕਿ “ਭਰਤੀ ਤੋਂ ਪਹਿਲਾਂ ਗੁਰਤੇਜ ਨੇ ਵਿਦੇਸ਼ ਜਾਣ ਲਈ ਮਨ ਬਣਾਇਆ ਸੀ ਅਤੇ ਸਾਰੇ ਕਾਗਜ਼-ਪੱਤਰ ਵੀ ਪੂਰੇ ਕਰ ਲਏ ਸਨ। ਇਸ ਨੂੰ ਵੀ ਹੋਣੀ ਦਾ ਕਰਮ ਹੀ ਕਿਹਾ ਜਾ ਸਕਦਾ ਹੈ ਕਿ ਜਿੱਥੇ ਗੁਰਤੇਜ ਨੇ ਵਿਦੇਸ਼ ਜਾਣਾ ਸੀ ਉਨ੍ਹਾਂ ਦਿਨਾਂ ਵਿੱਚ ਹੀ ਫ਼ੌਜ ਦੀ ਭਰਤੀ ਆ ਗਈ ਤੇ ਗੁਰਤੇਜ ਪਹਿਲੇ ਹੱਲੇ ਹੀ ਫ਼ੌਜ ‘ਚ ਭਰਤੀ ਹੋ ਗਿਆ। ਹੁਣ ਤਾਂ ਸਾਰੀਆਂ ਸੱਧਰਾਂ ਅਤੇ ਚਾਅ ਮਰ ਗਏ ਹਨ ਬੱਸ ਗੁਰਤੇਜ ਦੀ ਲਾਸ਼ ਦੀ ਉਡੀਕ ਹੈ ਕਿ ਕਦੋਂ ਮੈਂ ਸਰਹੱਦ ‘ਤੇ ਸ਼ਹੀਦ ਹੋਏ ਆਪਣੇ ਪੁੱਤਰ ਦਾ ਆਖਰੀ ਵਾਰ ਮੂੰਹ ਦੇਖਾਂ”